ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ’ ਵਿਖੇ ਵਾਪਰੀ ਮੰਦਭਾਗੀ ਘਟਨਾ ’ਚ ਸਕੂਲ ਅਧਿਆਪਕਾ ਰਵਿੰਦਰ ਕੌਰ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
- ਜ਼ਖ਼ਮੀ 3 ਹੋਰ ਅਧਿਆਪਕਾਵਾਂ ਦੇ ਜਲਦੀ ਸਿਹਤਯਾਬ ਹੋਣ ਦੀ ਕੀਤੀ ਕਾਮਨਾ
ਕੋਟਕਪੂਰਾ ,(ਸੁਭਾਸ਼ ਸ਼ਰਮਾ)। (Kotakpura News) ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਸਕੂਲ ਔਫ ਐਮੀਨੈਂਸ), ਬੱਦੋਵਾਲ ਵਿਖੇ ਬੀਤੇ ਦਿਨੀਂ ਸਕੂਲ ਦੀ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕਾਂ ਮਲਬੇ ਹੇਠ ਆ ਗਈਆਂ ਸਨ । ਜਿਨ੍ਹਾਂ ਵਿਚੋਂ ਇੱਕ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਅਤੇ ਬਾਕੀ ਤਿੰਨ ਅਧਿਆਪਕਾਵਾਂ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਪ੍ਰਵੀਨ ਕੁਮਾਰ ਲੁਧਿਆਣਾ, ਟਹਿਲ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਮਾੜੀ ਮੇਘਾ , ਨਵੀਨ ਸਚਦੇਵਾ, ਬਲਕਾਰ ਵਲਟੋਹਾ, ਮਨਦੀਪ ਸਰਥਲੀ , ਪ੍ਰੇਮ ਚਾਵਲਾ ਤੇ ਸ਼ਿੰਦਰ ਪਾਲ ਸਿੰਘ ਢਿੱਲੋਂ ਤੇ ਸਮੇਤ ਸਮੂਹ ਆਗੂਆਂ ਵੱਲੋਂ ਇਸ ਦੁਰਘਟਨਾ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਆਗੂਆਂ ਨੇ ਇਸ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ।
ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਮੰਦਭਾਗੀ ਘਟਨਾ ਭਗਵੰਤ ਮਾਨ ਸਰਕਾਰ ਦੇ ਸੁਪਨਿਆਂ ਦੇ ਪ੍ਰਾਜੈਕਟ ਸਕੂਲ ਆਫ ਐਮੀਨੈਸ ਵਿੱਚ ਵਾਪਰੀ ਹੈ । ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਜੋ ਬਿਲਡਿਗਾਂ ਅਣ ਸੁਰਖਿਅਤ ਅਤੇ ਖਸਤਾ ਹਾਲਤ ਵਿੱਚ ਹਨ। ਉਹਨਾਂ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇ ਅਤੇ ਸਮੇਂ ਸਮੇਂ ਤੇ ਪੀ.ਡਬਲਿਊ. ਡੀ. ਡਿਪਾਰਟਮੈਂਟ ਵੱਲੋਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਚੈਕ ਕੀਤੀਆਂ ਜਾਣ ਤਾਂ ਜੋ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। (Kotakpura News)
ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨੂੰ
ਸਾਧਾਰਨ ਐਕਸਗਰੇਸ਼ਿਆ ਦੇਣ ਦੀ ਬਜਾਏ ਘੱਟੋ ਘੱਟ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਬਣਦੇ ਸਾਰੇ ਸਰਕਾਰੀ ਲਾਭ ਤੁਰੰਤ ਦਿੱਤੇ ਜਾਣ ਅਤੇ ਜ਼ਖਮੀ ਹੋਈਆਂ ਤਿੰਨ ਅਧਿਆਪਕਾਂਵਾਂ ਦਾ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇ ਤੇ ਜਖਮੀ ਅਧਿਆਪਕਾਂ ਦੇ ਤੰਦਰੁਸਤ ਹੋਣ ਤੱਕ ਆਨ ਡਿਊਟੀ ਮੰਨਿਆ ਜਾਵੇ।