ਮੋਹਾਲੀ ਦੇ ਸਕੂਲ ’ਚ ਤਾਇਨਾਤ ਹੈ ਅਧਿਆਪਕ | Vigilance
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ-11 ਮੋਹਾਲੀ ਵਿਖੇ ਤਾਇਨਾਤ ਪਿ੍ਰੰਸੀਪਲ ਪਰਮਜੀਤ ਕੌਰ ਨੂੰ ਸਰਕਾਰੀ ਨੌਕਰੀ ਲੈਣ ਅਤੇ ਜਾਅਲੀ ਡਿਗਰੀ ਦੇ ਆਧਾਰ ’ਤੇ ਤਰੱਕੀ ਲੈਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਇਸ ਅਧਿਆਪਕ ਬਾਰੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਕੌਰ ਨੂੰ ਮਗਧ ਯੂਨੀਵਰਸਿਟੀ, ਬਿਹਾਰ ਵੱਲੋਂ ਜਾਰੀ ਐੱਮ.ਕਾਮ. ਡਿਗਰੀ ਦੇ ਆਧਾਰ ’ਤੇ ਸਰਕਾਰੀ ਨੌਕਰੀ ਮਿਲੀ। ਡਿਗਰੀ ਦੀ ਤਸਦੀਕ ਨਾ ਹੋਣ ’ਤੇ ਉਸ ਵਿਰੁੱਧ ਵਿਜੀਲੈਂਸ ਜਾਂਚ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਨੇ ਚੁੱਕੇ ਸੁਆਲ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਗੈਰ ਕਾਨੂੰਨੀ!
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਜਾਂਚ ਦੌਰਾਨ ਪਾਇਆ ਕਿ ਉਕਤ ਪ੍ਰਿੰਸੀਪਲ ਵੱਲੋਂ ਸਰਕਾਰੀ ਨੌਕਰੀ ਹਾਸਲ ਕਰਨ ਲਈ ਵਰਤੀ ਗਈ ਡਿਗਰੀ ਜਾਅਲੀ ਸੀ। ਸਰਕਾਰੀ ਨੌਕਰੀ ਅਤੇ ਤਰੱਕੀ ਲਈ ਜਾਅਲੀ ਡਿਗਰੀ ਸਰਟੀਫਿਕੇਟ ਦਾ ਸਹਾਰਾ ਲੈਣ ਦੇ ਦੋਸ਼ ਹੇਠ ਪਿ੍ਰੰਸੀਪਲ ਖਿਲਾਫ ਕੇਸ ਦਰਜ ਕਰਕੇ ਅੱਜ ਉਸ ਨੂੰ ਵਿਜੀਲੈਂਸ ਵੱਲੋਂ ਗਿ੍ਰਫਤਾਰ ਕੀਤਾ ਗਿਆ ਹੈ।
ਦੂਜੇ ਪਾਸੇ ਸਰਕਾਰੀ ਟੀਚਰਜ ਯੂਨੀਅਨ ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੱਕ ਖੋਹ ਕੇ ਤਰੱਕੀਆਂ ਅਤੇ ਨੌਕਰੀ ਹਾਸਲ ਕਰਨ ਵਾਲੇ ਇਸ ਅਧਿਆਪਕ ਤੋਂ ਸਰਕਾਰੀ ਖਜਾਨੇ ਵਿੱਚੋਂ ਲਈਆਂ ਗਈਆਂ ਸਾਰੀਆਂ ਸਹੂਲਤਾਂ ਅਤੇ ਤਨਖਵਾਹਾਂ ਦੀ ਵਸੂਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਾਅਲੀ ਡਿਗਰੀ ਦੇ ਆਧਾਰ ’ਤੇ ਨੌਕਰੀ ਅਤੇ ਤਰੱਕੀ ਮਿਲਣ ਦਾ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ, ਸਗੋਂ ਹੋਰ ਵੀ ਕਈ ਮਾਮਲੇ ਹੋ ਸਕਦੇ ਹਨ। ਉਨ੍ਹਾਂ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਅਜਿਹੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਅਜਿਹਾ ਕਰਨ ਨਾਲ ਹੋਰ ਵੀ ਫਰਜੀਵਾੜੇ ਕਰਨ ਵਾਲੇ ਮੁਲਾਜ਼ਮ ਸੁਚੇਤ ਹੋਣਗੇ ਅਤੇ ਸਰਕਾਰੀ ਖਜਾਨਾ ਲੁੱਟਣ ਤੋਂ ਬਚਾਇਆ ਜਾ ਸਕੇਗਾ।