ਨੇੜਲੇ ਖੇਤਰਾਂ ’ਚ ਹੋਇਆ ਪਾਣੀ ਹੀ ਪਾਣੀ | Flood in Ghaggar River
ਪਟਿਆਲਾ (ਖੁਸਵੀਰ ਸਿੰਘ ਤੂਰ)। ਪਟਿਆਲਾ ਦੇ ਘਨੌਰ ਅਤੇ ਸਨੌਰ ਹਲਕਿਆਂ ਤੋਂ ਬਆਦ ਹੁਣ ਘੱਗਰ ਹਲਕਾ ਸੁਤਰਾਣਾ ਵੱਲ ਤਬਾਹੀ ਮਚਾਉਣ ਲੱਗਾ ਹੈ। ਅੱਜ ਹਲਕਾ ਸੁਤਰਾਣਾ ਦੇ ਬਾਦਸ਼ਾਹਪੂਰ ਨੇੜੇ ਘੱਗਰ ਦਾ ਬੰਨ੍ਹ ਦੋ-ਤਿੰਨ ਥਾਂਵਾਂ ਤੋਂ ਟੁੱਟ ਗਿਆ ਜਿਸ ਤੋਂ ਬਾਅਦ ਇਸ ਦਾ ਪਾਣੀ ਖੇਤਾਂ ’ਚ ਭਰ ਗਿਆ ਅਤੇ ਨੇੜਲੇ ਖੇਤਰਾਂ ਨੂੰ ਆਪਣੇ ਕਲਾਵੇ ’ਚ ਲੈ ਲਿਆ। (Flood in Ghaggar River)
ਹਲਕਾ ਸੁਤਰਾਣਾ ਦੇ ਪਿੰਡ ਹਰਚੰਦਪੁਰਾ ਵਿਖੇ ਪਾਣੀ ’ਚ ਫਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਹਲਕਾ ਸਮਾਣਾ ਦੇ ਪਿੰਡਾਂ ਧਰਮਹੇੜੀ, ਘਿਊਰਾ, ਕਮਾਸਪੁਰ, ਧਨੌਰੀ, ਨਵਾਂ ਗਾਊ, ਬੀਬੀਪੁਰ, ਗਾਜੀਸਲਾਰ, ਰਾਜਲਾ, ਡਰੌਲਾ, ਡਰੌਲੀ, ਭਾਨਰਾ, ਭਾਨਰੀ, ਮੈਣ, ਸੱਸਾ ਗੁੱਜਰਾਂ, ਸੱਸਾ ਥੇਹ, ਮਾਂਗਟਾਂ, ਸ਼ਮਸਪੁਰ ਦੇ ਲੋਕ ਵੀ ਪਾਣੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਥੇ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ।
ਵੱਡੀ ਨਦੀ ’ਚੋਂ ਪਾਣੀ ਦਾ ਪੱਧਰ ਘਟਿਆ
ਪਟਿਆਲਾ ਦੀ ਵੱਡੀ ਨਦੀ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ 10 ਵਜੇ ਦੀ ਰਿਪੋਰਟ ਅਨੁਸਾਰ ਇਸ ’ਚ ਪਾਣੀ ਦਾ ਪੱਧਰ 13 ਫੁੱਟ ਦੇ ਨੇੜੇ ਸੀ ਜਦਕਿ ਖਤਰੇ ਦਾ ਨਿਸ਼ਾਨ 12 ਫੁੱਟ ਤੇ ਰਹਿ ਗਿਆ ਹੈ। ਇਸ ਨਦੀ ’ਚ ਹੁਣ ਤੱਕ 40 ਫੁੱਟ ਤੋਂ ਜ਼ਿਆਦਾ ਪਾਣੀ ਘੱਟ ਚੁੱਕਾ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।