ਜਾਅਲ੍ਹੀ ਹਾਜਰੀਆਂ ਲਾ ਕੇ ਤਨਖਾਹਾਂ ਲੈਣ ਦਾ ਮਾਮਲਾ
(ਖੁਸਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਿੱਚ ‘ਸੁਰੱਖਿਆ ਸੁਪਰਵਾਈਜਰ‘ ਵਜੋਂ ਤਾਇਨਾਤ ਕਰਮਚਾਰੀ ਦੀਆਂ ਸੇਵਾਵਾਂ ਨੂੰ ਉਸ ਉੱਤੇ ਲੱਗੇ ਅਤੇ ਜਾਂਚ ਦੌਰਾਨ ਸਾਬਿਤ ਹੋਏ ਭਿ੍ਰਸਟਾਚਾਰ ਦੇ ਦੋਸ਼ਾਂ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ। ਰੁਪਿੰਦਰ ਸਿੰਘ ਨਾਮਕ ਇਸ ਕਰਮਚਾਰੀ ਉੱਪਰ ਦੋਸ ਲੱਗੇ ਸਨ ਕਿ ਉਹ ਦੋ ਵਿਅਕਤੀਆਂ ਦੀ ਫਰਜੀ ਹਾਜਰੀ ਲਗਾ ਕੇ ਉਨ੍ਹਾਂ ਦੀ ਤਨਖਾਹ ਲੈਂਦਾ ਰਿਹਾ ਹੈ। ਯੂਨੀਵਰਸਿਟੀ ਪ੍ਰਬੰਧਨ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਵਿੱਚ ਉਸ ਉੱਤੇ ਲੱਗੇ ਦੋਸ ਸਿੱਧ ਹੋ ਚੁੱਕੇ ਹਨ। (Corruption)
ਇਨ੍ਹਾਂ ਵਿੱਚੋਂ ਇੱਕ ਜਣਾ ਇਸ ਕਰਮਚਾਰੀ ਦਾ ਆਪਣਾ ਪੁੱਤਰ ਗੁਰਪ੍ਰੀਤ ਸਿੰਘ ਸੀ ਜੋ 2017 ਤੋਂ ਨਿਊਜੀਲੈਂਡ ਦਾ ਸਹਿਰੀ ਹੈ ਪਰ ਉਸ ਦੀ ਫਰਜੀ ਹਾਜਰੀ ਰਾਹੀਂ ਉਸ ਨੂੰ ਸੁਰੱਖਿਆ ਅਮਲੇ ਦਾ ਕਰਮਚਾਰੀ ਦਰਸਾ ਕੇ 2015 ਤੋਂ 2021 ਤੱਕ ਉਸ ਦੀ ਤਨਖਾਹ ਇਸ ਕਰਮਚਾਰੀ ਰੁਪਿੰਦਰ ਸਿੰਘ ਵੱਲੋਂ ਪ੍ਰਾਪਤ ਕੀਤੀ ਜਾਂਦੀ ਰਹੀ। ਇਹ ਦੋਸ ਉਸ ਵੱਲੋਂ ਜਾਂਚ ਦੌਰਾਨ ਕਬੂਲ ਕਰ ਲਿਆ ਗਿਆ। (Corruption)
ਦੂਜੇ ਮਾਮਲੇ ਵਿੱਚ ਰੁਪਿੰਦਰ ਸਿੰਘ ਨੇ ਆਪਣੇ ਗੁਆਂਢ ਰਹਿੰਦੀ ਇੱਕ ਔਰਤ ਕੁਲਦੀਪ ਕੌਰ ਦਾ ਨਾਮ ਸੁਰੱਖਿਆ ਅਮਲੇ ਦੀ ਕਰਮਚਾਰੀ ਵਜੋਂ ਵਰਤਦਿਆਂ ਉਸ ਦੀ ਫਰਜੀ ਹਾਜਰੀ ਰਾਹੀਂ 2019 ਤੋਂ 2021 ਤੱਕ ਤਨਖਾਹ ਪ੍ਰਾਪਤ ਕੀਤੀ। ਇਸ ਕੇਸ ਵਿੱਚ ਦੋਸ ਕਬੂਲ ਕਰਨ ਪੱਖੋਂ ਉਸ ਨੇ ਸੁਰੂਆਤੀ ਪੱਧਰ ਉੱਤੇ ਇਨਕਾਰ ਕੀਤਾ ਪਰ ਜਾਂਚ ਦੌਰਾਨ ਜਦੋਂ ਵੱਖ-ਵੱਖ ਸਬੂਤਾਂ ਸਮੇਤ ਪੁਖਤਾ ਜਾਣਕਾਰੀ ਉਸ ਦੇ ਸਾਹਮਣੇ ਰੱਖੀ ਗਈ ਤਾਂ ਉਸ ਨੇ ਇਸ ਬਾਰੇ ਵੀ ਸਵੀਕਾਰ ਕਰ ਲਿਆ। ਜਾਂਚ ਦੌਰਾਨ ਜਦੋਂ ਕੁਲਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਇਹ ਜਾਣਕਾਰੀ ਨਿੱਕਲ ਕੇ ਸਾਹਮਣੇ ਆਈ ਕਿ ਉਹ ਘਰੇਲੂ ਕੰਮ ਕਾਜ ਵਾਲੀ ਇੱਕ ਔਰਤ ਹੈ ਅਤੇ ਉਸ ਨੂੰ ਇਸ ਬਦਲੇ ਰੁਪਿੰਦਰ ਸਿੰਘ ਕੋਲੋਂ 1000 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ।
ਇਹ ਵੀ ਪੜ੍ਹੋ : ਪੇਪਰ ’ਚ ਨੰਬਰ ਵਧਾਉਣ ਲਈ ਅਧਿਆਪਕਾ ਨੇ ਮੰਗੇ ਪੈਸੇ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਬੂ
ਯੂਨੀਵਰਸਿਟੀ ਵਿਖੇ ਕਾਨੂੰਨ ਵਿਭਾਗ ਤੋਂ ਅਧਿਆਪਕ ਡਾ. ਮੋਨਿਕਾ ਆਹੂਜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਸਮੇਤ ਕੁੱਲ ਤਿੰਨ ਮੈਂਬਰੀ ਕਮੇਟੀ ਵੱਲੋਂ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਇਸ ਕਰਮਚਾਰੀ ਉੱਤੇ ਲੱਗੇ ਦੋਸ ਸਿੱਧ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਕਮੇਟੀ ਨੇ ਹੋਰ ਪੱਖਾਂ ਤੋਂ ਜਾਂਚ ਕਰਨ ਦੀ ਸਿਫਾਰਿਸ ਕੀਤੀ ਹੈ। ਰੁਪਿੰਦਰ ਸਿੰਘ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਜਾਅਲ੍ਹੀ ਹਾਜਰੀਆਂ ਰਾਹੀਂ ਕਮਾਈ ਗਈ ਰਕਮ ਦੀ ਵਸੂਲੀ ਲਈ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਿਸੇ ਵੀ ਪੱਧਰ ਦਾ ਭਿ੍ਰਸਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਮਾਮਲੇ ਨੂੰ ਯੂਨੀਵਰਸਿਟੀ ਦੀ ਭਿ੍ਰਸਟਾਚਾਰ ਵਿਰੋਧੀ ਮੁਹਿੰਮ ਦੀ ਕੜੀ ਵਜੋਂ ਸਮਝਿਆ ਜਾਣਾ ਚਾਹੀਦਾ ਹੈ। Corruption