ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ, ਦਿੱਲੀ ਐੱਨਸੀਆਰ, ਉੱਤਰ ਪ੍ਰਦੇਸ਼ ’ਚ ਮਾਨਸੂਨ ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫਾਨ ਹੁਣ ਕਮਜੋਰ ਹੁੰਦਾ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ ਦੋ ਦਿਨਾਂ ਤੱਕ ਪੰਜਾਬ ’ਚ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਥਾਵਾਂ ’ਤੇ ਮੀਂਹ ਪਵੇਗਾ। ਉਸ ਤੋਂ ਬਾਅਦ 21 ਜੂਨ ਤੱਕ ਮੌਸਮ ਖੁਸ਼ਕ ਬਣਿਆ ਰਹੇਗਾ। ਇਸ ਦੇ ਨਾਲ ਹੀ ਦੋ ਦਿਨਾਂ ਬਾਅਦ ਜ਼ਿਆਦਾਤਰ ਤਾਪਮਾਨ ’ਚ ਵੀ 3 ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਮੌਸਮ (Weather Update) ਵਿਭਾਗ ਮੁਤਾਬਕ ਦੋ ਦਿਨਾਂ ਬਾਅਦ ਪੰਜਾਬ ’ਚ ਤਾਪਮਾਨ 3 ਡਿਗਰੀ ਤੱਕ ਵੱਧ ਸਕਦਾ ਹੈ। ਹਿਮਾਚਲ ਪ੍ਰਦੇਸ਼ ’ਚ 20 ਜੂਨ ਤੋਂ ਬਾਅਦ ਕਦੇ ਵੀ ਮਾਨਸੂਨ ਦਸਤਕ ਦੇ ਸਕਦਾ ਹੈ। ਪਿਛਲੇ ਸਾਲ ਮਾਨਸੂਨ 29 ਜੂਨ ਨੂੰ ਹਿਮਾਚਲ ਪਹੁੰਚਿਆ ਸੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ 25 ਜੂਨ ਤੋਂ ਹਰਿਆਣਾ ’ਚ ਵਗਣਗੀਆਂ। ਇਸ ਕਾਰਨ ਹਰਿਆਣਾ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਸਾਰ ਦੇ ਮੌਸਮ ਵਿਗਿਆਨ ਵਿਭਾਗ ਦੇ ਪ੍ਰਧਾਨ ਡਾ. ਮਦਾਨ ਅਨੁਸਾਰ ਪ੍ਰੀ-ਮਾਨਸੂਨ 25 ਜੂਨ ਦੇ ਆਸਪਾਸ ਆਉਣ ਦੀ ਸੰਭਾਵਨਾ ਹੈ।
ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫਾਨ ਬਿਪਰਜੋਏ ਗੁਜਰਾਤ ਤੋਂ ਬਾਅਦ ਰਾਜਸਥਾਨ ’ਚ ਤਬਾਹੀ ਮਚਾ ਰਿਹਾ ਹੈ। ਇਸ ਕਾਰਨ ਸ਼ਨਿੱਚਰਵਾਰ ਸਵੇਰ ਤੋਂ ਬਾੜਮੇਰ, ਮਾਊਂਟ ਆਬੂ, ਸਿਰੋਹੀ, ਉਦੈਪੁਰ, ਜਾਲੋਰ, ਜੋਧਪੁਰ ਅਤੇ ਨਾਗੌਰ ’ਚ ਭਾਰੀ ਮੀਂਹ ਪੈਣਾ ਲਗਾਤਾਰ ਜਾਰੀ ਹੈ। 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਬਾੜਮੇਰ ਦੇ ਚੌਹਾਤਾਨ ਅਤੇ ਮਾਊਂਟ ਆਬੂ ’ਚ 24 ਘੰਟਿਆਂ ’ਚ ਰਿਕਾਰਡ 8.4 ਇੰਚ ਮੀਂਹ ਪਿਆ ਹੈ। 5000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
23 ਜੂਨ ਤੋਂ ਬਾਅਦ ਹਿਮਾਚਲ ’ਚ ਪ੍ਰੀ ਮਾਨਸੂਨ ਦੇ ਆਉਣ ਦੀ ਸੰਭਾਵਨਾ
ਹਿਮਾਚਲ ’ਚ ਮਾਨਸੂਨ ਦੇ ਆਉਣ ਤੋਂ ਪਹਿਲਾਂ ਹੀ ਮੀਂਹ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸੂਬੇ ’ਚ ਯੈਲੋ ਅਲਰਟ 18 ਜੂਨ ਤੱਕ ਜਾਰੀ ਰਹੇਗਾ, ਜਦਕਿ 23 ਜੂਨ ਤੋਂ ਬਾਅਦ ਹਿਮਾਚਲ ’ਚ ਮਾਨਸੂਨ ਤੋਂ ਪਹਿਲਾਂ ਦਾ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ। ਜਿੱਥੇ ਬੁੱਧਵਾਰ ਰਾਤ ਨੂੰ ਮੰਡੀ ਅਤੇ ਬਿਲਾਸਪੁਰ ਸਮੇਤ ਕਈ ਇਲਾਕਿਆਂ ’ਚ ਭਾਰੀ ਮੀਂਹ ਪਿਆ, ਉੱਥੇ ਹੀ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਅੱਜ ਵੀ ਮੀਂਹ ਪੈਣਾ ਜਾਰੀ ਰਿਹਾ।
ਇਹ ਵੀ ਪੜ੍ਹੋ : ਫਰੂਟੀ ਦੇ ਲਾਲਚ ’ਚ ਫਸੀ ਡਾਕੂ ਹਸੀਨਾ, ਜਾਣੋ ਪੁਲਿਸ ਨੇ ਕਿਵੇਂ ਬਣਾਇਆ ਪਲਾਨ
ਇਸ ਦੇ ਨਾਲ ਹੀ ਕਾਂਗੜਾ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਮੀਂਹ ਦੇ ਨਾਲ-ਨਾਲ ਹਨੇਰੀ ਵੀ ਹੋਈ ਹੈ, ਜਿਸ ਕਾਰਨ ਕਿਸਾਨਾਂ ਅਤੇ ਬਾਗਬਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਸੂਬੇ ਦੇ 10 ਜ਼ਿਲ੍ਹਿਆਂ ’ਚ ਤੇਜ ਤੂਫਾਨ ਦੇ ਨਾਲ ਭਾਰੀ ਮੀਂਹ ਪਵੇਗਾ। ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦਿਨ ਆਵੇਗਾ ਯੂਪੀ-ਦਿੱਲੀ ’ਚ ਮਾਨਸੂਨ | Weather Update
ਦਿੱਲੀ-ਐਨਸੀਆਰ (Weather Update) ਦੀ ਗੱਲ ਕਰੀਏ ਤਾਂ ਇੱਥੇ 28 ਤੋਂ 30 ਜੂਨ ਦਰਮਿਆਨ ਮਾਨਸੂਨ ਆ ਸਕਦਾ ਹੈ। ਆਮ ਤੌਰ ’ਤੇ ਦਿੱਲੀ ’ਚ ਮਾਨਸੂਨ ਦੇ ਸ਼ੁਰੂ ਹੋਣ ਦੀ ਤਰੀਕ 28 ਜੂਨ ਹੁੰਦੀ ਹੈ ਪਰ ਇਸ ਵਾਰ ਮਾਨਸੂਨ ਕੇਰਲ ’ਚ ਸੱਤ ਦਿਨਾਂ ਬਾਅਦ ਪਹੁੰਚਿਆ ਹੈ। ਇਸ ਕਾਰਨ ਹੋਰ ਰਾਜਾਂ ’ਚ ਵੀ ਮਾਨਸੂਨ ਦੇ ਆਉਣ ’ਚ ਥੋੜ੍ਹੀ ਦੇਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਝਾਰਖੰਡ ’ਚ 18 ਤੋਂ 21 ਜੂਨ ਵਿਚਕਾਰ ਮਾਨਸੂਨ ਆ ਸਕਦਾ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ’ਚ ਮਾਨਸੂਨ ਕਦੋਂ ਆਵੇਗਾ ਇਸ ’ਤੇ ਕਈ ਸਵਾਲ ਪੁੱਛੇ ਜਾ ਰਹੇ ਹਨ। ਸਕਾਈਮੇਟ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। 23 ਜੂਨ ਨੂੰ ਮਾਨਸੂਨ ਪੂਰਬੀ ਉੱਤਰ ਪ੍ਰਦੇਸ਼ ਦੇ ਰਸਤੇ ਯੂਪੀ ਪਹੁੰਚ ਸਕਦਾ ਹੈ।