ਲੁਧਿਆਣਾ (ਜਸਵੀਰ ਸਿੰਘ ਗਹਿਲ)। ਭੈਣ ਨੂੰ ਗਲਤ ਨਿਗਾ ਨਾਲ ਦੇਖਣ ਤੋਂ ਰੋਕਣ ’ਤੇ ਲੰਘੀ ਰਾਤ ਇੱਥੇ ਇੱਕ ਨਿਹੰਗ ਨੌਜਵਾਨ ਦਾ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਕਤਲ (Murder) ਦੇ ਦੋਸ਼ ’ਚ ਦੋ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਦਕਿ ਅਣਪਛਾਤੇ ਹਾਲੇ ਵੀ ਪੁਲਿਸ ਦੀ ਗਿ੍ਰਫਤ ’ਚੋਂ ਬਾਹਰ ਹਨ।
ਸਬ ਇੰਸਪੈਕਟਰ ਕੁਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਡਾਬਾ ਨੇ ਦੱਸਿਆ ਕਿ 15 ਜੂਨ ਦੀ ਸ਼ਾਮ ਨੂੰ ਡਾਬਾ ਏਰੀਆ ’ਚ ਸੰਕਰ ਦੀ ਡਾਇਰੀ ਲਾਗੇ ਬਲਦੇਵ ਸਿੰਘ ਉਰਫ਼ ਜੱਸਾ (30) ਦਾ ਕਿਸੇ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਨਾਂ ਬਲਦੇਵ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਿ੍ਰੰਸ (20) ਵਾਸੀ ਗਲੀ ਨੰਬਰ 18 ਨਿਊ ਸ਼ਿਮਲਾਪੁਰੀ ਤੇ ਅੰਕਿਤ (20) ਵਾਸੀ ਗਲੀ ਨੰਬਰ 1 ਗਿੱਲ ਕਲੋਨੀ ਨੂੰ ਗਿ੍ਰਫ਼ਤਾਰ ਕਰ ਲਿਆ। (Murder)
ਉਨਾਂ ਦੱਸਿਆ ਕਿ ਬਲਦੇਵ ਸਿੰਘ ਉਰਫ਼ ਜੱਸਾ ਦੀ ਮੌਤ ਦੇ ਸਬੰਧ ’ਚ ਕੁਲਵਿੰਦਰ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਨੇ ਪੁਲਿਸ ਕੋਲ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਉਸਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਸ ਦੇ ਲੜਕੇ ਬਲਦੇਵ ਸਿੰਘ ਉਰਫ਼ ਜੱਸਾ ਸੰਕਰ ਡਾਇਰੀ ਨੇੜੇ ਖੂਨ ਨਾਲ ਲੱਥਪੱਥ ਪਿਆ ਹੈ। ਜਦ ਉਸਨੇ ਪਹੁੰਚ ਕੇ ਦੇਖਿਆ ਦਾ ਜੱਸੇ ਦੀ ਮੋਤ ਹੋ ਚੁੱਕੀ ਸੀ। ਉਸਨੂੰ ਆਸਿਓਂ- ਪਾਸਿਓਂ ਪਤਾ ਲੱਗਾ ਕਿ ਪਿੰ੍ਰਸ ਅਤੇ ਅੰਕਿਤ ਸਮੇਤ 3-4 ਅਣਪਛਾਤਿਆਂ ਨੇ ਜੱਸੇ ਦੇ ਸਿਰ ’ਚ ਦਾਤ ਅਤੇ ਕਿਰਪਾਨਾਂ ਨਾਲ ਸੱਟਾਂ ਮਾਰੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼
ਸੂਚਨਾ ਮਿਲਣ ’ਤੇ ਪੁਲਿਸ ਨੇ ਤੁਰੰਤ ਕਾਤਲਾਂ ਨੂੰ ਗਿ੍ਰਫ਼ਤਾਰ ਕਰਨ ਲਈ ਟੀਮਾਂ ਦਾ ਗਠਨ ਕੀਤਾ। ਜਿਸ ਤਹਿਤ ਉਕਤ ਪਿੰ੍ਰਸ ਅਤੇ ਅੰਕਿਤ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਵੱਲੋਂ ਵਾਰਦਾਤ ਲਈ ਵਰਤਿਆ ਗਿਆ ਲੋਹੇ ਦੇ ਦਾਤ ਅਤੇ ਕ੍ਰਿਪਾਨ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਮਿ੍ਰਤਕ ਦੇ ਪਿਤਾ ਕੁਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਕਾਤਲ ਜੱਸੇ ਦੀ ਭੈਣ ’ਤੇ ਗਲਤ ਨਿਗਾ ਰੱਖਦੇ ਸਨ, ਇਸ ਗੱਲ ਨੂੰ ਲੈ ਕੇ 2/3 ਦਿਨ ਪਹਿਲਾਂ ਹੀ ਉਨਾਂ ਵਿਚਕਾਰ ਆਪਸੀ ਤਕਰਾਰਬਾਜ਼ੀ ਹੋਈ ਸੀ। ਜਿਸ ਕਰਕੇ ਉਕਤਾਨ ਨੇ ਆਪਣੇ ਘਰ ਅੱਗੇ ਖੜੇ ਬਲਦੇਵ ਸਿੰਘ ਉਰਫ਼ ਜੱਸਾ ਨੂੰ ਆਪਣੇ ਹੋਰ ਸਾਥੀਆਂ ਦੀ ਮੱਦਦ ਨਾਲ ਮੌਤ ਦੇ ਘਾਟ ਉਤਾਰ ਦਿੱਤਾ।