ਸੁਪਰੀਮ ਕੋਰਟ ਦੇ ਆਦੇਸ਼ ਦੇ ਹਵਾਲੇ ਨਾਲ ਡਿਊਟੀ ਬਾਰੇ ਸਮਝਾਉਣ ਤੱਕ ਰਾਜਪਾਲ ਨੇ ਜਾਣ-ਬੁੱਝ ਕੇ ‘ਸਰਕਾਰ’ ਸ਼ਬਦ ਦੀ ਵਰਤੋਂ ਕੀਤੀ
- ਗੁਮਰਾਹਕੁੰਨ ਅਤੇ ਬੇਬੁਨਿਆਦ ਬਿਆਨ ਰਾਹੀਂ ਰਾਜਪਾਲ ਦੇ ਆਪਣੇ ਅਹੁਦੇ ਦਾ ਅਪਮਾਨ ਕਰਨ ਉਤੇ ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਨੂੰ ਢੁਕਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਕਿਵੇਂ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਇਸ ਬਾਰੇ ਯਾਦ ਦਿਵਾਉਣ ਤੱਕ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਵਿੱਚ ਅਸਫ਼ਲ ਰਹੇ ਸਨ। ਇੱਕ ਵੀਡੀਓ ਰਿਕਾਰਡਿੰਗ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਆਪਣਾ ਭਾਸ਼ਣ ‘ਮੇਰੀ ਸਰਕਾਰ’ ਸ਼ਬਦ ਤੋਂ ਸ਼ੁਰੂ ਕੀਤਾ ਸੀ ਪਰ ਜਦੋਂ ਵਿਰੋਧੀ ਧਿਰ ਵੱਲੋਂ ਬਿਨਾਂ ਕਿਸੇ ਤਰਕ ਦੇ ਰੌਲਾ ਪਾਇਆ ਗਿਆ ਤਾਂ ਉਨ੍ਹਾਂ ਨੇ ਸਿਰਫ਼ ‘ਸਰਕਾਰ’ ਸ਼ਬਦ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ। MY Government
ਭਗਵੰਤ ਮਾਨ ਨੇ ਕਿਹਾ ਕਿ ਹਾਲਾਂਕਿ ਜਦੋਂ ਉਨ੍ਹਾਂ ਨੇ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਯਾਦ ਕਰਵਾਇਆ ਤਾਂ ਉਨ੍ਹਾਂ ਆਪਣਾ ਰੁਖ਼ ਬਦਲ ਲਿਆ ਅਤੇ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਤੋਂ ਮਿਲੀ ਵੀਡੀਓ ਰਿਕਾਰਡਿੰਗ ਇਸ ਗੱਲ ਦਾ ਸਬੂਤ ਹੈ ਕਿ ਰਾਜਪਾਲ ਚੁਣੀ ਹੋਈ ਸੂਬਾ ਸਰਕਾਰ ਪ੍ਰਤੀ ਵਿਰੋਧੀ ਰਵੱਈਆ ਅਪਣਾ ਰਹੇ ਹਨ।
ਇਹ ਵੀ ਪੜ੍ਹੋ : ਬਨਵਾਰੀ ਲਾਲ ਪੁੁਰੋਹਿਤ ਦੇ ਪਲਟਵਾਰ ’ਤੇ ਹਰਪਾਲ ਚੀਮਾ ਨੇ ਦਿੱਤਾ ਜੁਆਬ
ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਦੀ ਬੇਬੁਨਿਆਦ ਅਤੇ ਗੁਮਰਾਹਕੁੰਨ ਬਿਆਨਬਾਜ਼ੀ ਇਸ ਅਹੁਦੇ ਦੀ ਨਿਰਾਦਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨ ਰਾਜ ਵਿਧਾਨ ਸਭਾ ਵਿੱਚ ਉਨ੍ਹਾਂ ਦੀਆਂ ਕਾਰਵਾਈਆਂ ਦੇ ਬਿਲਕੁਲ ਉਲਟ ਹਨ, ਜਿਨ੍ਹਾਂ ਦੇ ਰਿਕਾਰਡਿਡ ਸਬੂਤ ਵੀ ਹਨ। ਭਗਵੰਤ ਮਾਨ ਨੇ ਰਾਜਪਾਲ ਨੂੰ ਪੁੱਛਿਆ ਕਿ ਉਹ ਆਪਣੇ ਸੰਬੋਧਨ ਦੌਰਾਨ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਨਾ ਕਰਕੇ ਆਪਣਾ ਸੰਵਿਧਾਨਕ ਫ਼ਰਜ਼ ਨਿਭਾਉਣ ਵਿੱਚ ਅਸਫ਼ਲ ਕਿਉਂ ਰਹੇ। MY Government
ਮਾਣਯੋਗ ਰਾਜਪਾਲ ਸਾਹਬ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ ..ਪਹਿਲਾਂ ਤੁਸੀਂ My Government ਕਿਹਾ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ Government ਕਹਿਣ ਲੱਗ ਪਏ..ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਓਹੀ ਬੋਲਣਾ ਪਵੇਗਾ ਤਾਂ ਤੁਸੀ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ… pic.twitter.com/TmtvGplIl0
— Bhagwant Mann (@BhagwantMann) June 12, 2023
ਮੁੱਖ ਮੰਤਰੀ ਨੇ ਅਫ਼ਸੋਸ ਜਤਾਇਆ ਕਿ ਇਹ ਮੰਦਭਾਗਾ ਹੈ ਕਿ ਮੌਜੂਦਾ ਕੇਂਦਰੀ ਸ਼ਾਸਨ ਤਹਿਤ ਆਏ ‘ਸਿਲੈਕਟਿਡ ਲੋਕ’, ‘ਇਲੈਕਟਿਡ ਨੁਮਾਇੰਦਿਆਂ’ ਦੇ ਮਾਮਲਿਆਂ ਵਿੱਚ ਤਾਕ-ਝਾਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸੁਚਾਰੂ ਕੰਮਕਾਜ ਨੂੰ ਲੀਹੋਂ ਲਾਹੁਣ ਲਈ ਬੇਲੋੜੇ ਅੜਿੱਕੇ ਡਾਹੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਰਾਜ ਭਵਨ ਹੁਣ ਭਾਜਪਾ ਦੇ ਸੂਬਾਈ ਹੈੱਡ-ਕੁਆਰਟਰ ਵਜੋਂ ਕੰਮ ਕਰ ਰਹੇ ਹਨ, ਜੋ ਭਾਰਤੀ ਜਮਹੂਰੀਅਤ ਲਈ ਬਹੁਤ ਖਤਰਨਾਕ ਰੁਝਾਨ ਹੈ।