(ਸੁਖਜੀਤ ਮਾਨ) ਮਾਨਸਾ। ਪੰਜਾਬ ਕੈਬਨਿਟ ਦੀ ਮੀਟਿੰਗ ਲਈ ਮਾਨਸਾ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਮਿਲਣ ਆਏ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਦੀਆਂ ਕੂਹਣੀਆਂ ਤੇ ਡਾਂਗਾ ਦੀਆਂ ਹੁੱਝਾਂ ਝੱਲਣੀਆਂ ਪਈਆਂ । ਹਾਲਾਤ ਇਹ ਬਣ ਗਏ ਕਿ ਜਦੋਂ ਠੇਕਾ ਮੁਲਾਜ਼ਮ ਅੱਗੇ ਜਾਣ ਦੀ ਜਿੱਦ ਕਰਦੇ ਰਹੇ ਤਾਂ ਪੁਲਿਸ ਨੇ ਉਨ੍ਹਾਂ ’ਚੋਂ ਕਈਆਂ ਨੂੰ ਸੜਕ ’ਤੇ ਬੁਰੀ ਤਰ੍ਹਾਂ ਘੜੀਸ-ਘੜੀਸ ਕੇ ਬੱਸਾਂ ’ਚ ਬਿਠਾ ਲਿਆ ਅਤੇ ਵੱਖ-ਵੱਖ ਥਾਣਿਆਂ ’ਚ ਬੰਦ ਕਰ ਦਿੱਤਾ।
ਵੇਰਵਿਆਂ ਮੁਤਾਬਿਕ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਮਾਨਸਾ ਵਿਖੇ ਕੈਬਨਿਟ ਮੀਟਿੰਗ ਕਰਨ ਮੌਕੇ ਡੀ.ਸੀ. ਕੰਪਲੈਕਸ ਵਿੱਚ ਪਹੁੰਚਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਕੇ ਆਪਣੀਆਂ ਮੰਗਾਂ ਦੱਸਣੀਆਂ ਸੀ ਪਰ ਪੁਲਿਸ ਪ੍ਰਸ਼ਾਸ਼ਨ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਰੋਹ ’ਚ ਆਏ ਠੇਕਾ ਮੁਲਾਜ਼ਮ ਜਦੋਂ ਅੱਗੇ ਜਾਣ ਲਈ ਡਟੇ ਰਹੇ ਤਾਂ ਪੁਲਿਸ ਵੱਲੋਂ ਉਨ੍ਹਾਂ ਦੀ ਕਾਫੀ ਖਿੱਚ-ਧੂਹ ਕੀਤੀ ਗਈ ਅਤੇ ਥਾਣਾ ਸਿਟੀ-2 ਅਤੇ ਹੋਰ ਥਾਣਿਆਂ ’ਚ ਬੰਦ ਕਰ ਦਿੱਤਾ। (CM Bhagwant Mann)
ਠੇਕਾ ਮੁਲਾਜ਼ਮਾਂ ਨੇ ਰੋਸ਼ ਵਜੋਂ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ
ਇਸ ਮੌਕੇ ਠੇਕਾ ਮੁਲਾਜ਼ਮਾਂ ਨੇ ਰੋਸ਼ ਵਜੋਂ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ, ਰਾਜੇਸ਼ ਕੁਮਾਰ ਮੌੜ, ਸਤਨਾਮ ਸਿੰਘ ਖਿਆਲਾ, ਜਗਸੀਰ ਸਿੰਘ ਭੰਗੂ, ਰਾਜੇਸ਼ ਕੁਮਾਰ ਮਾਨਸਾ ਆਦਿ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨਾਲ਼ ਬੇਈਮਾਨੀ ਵਾਲੇ ਵਤੀਰੇ ਨੂੰ ਜਾਰੀ ਰੱਖ ਰਹੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਵਾ ਸਾਲ ਦੇ ਕਾਰਜਕਾਲ ਵਿੱਚ ਖਾਸ ਕਰਕੇ ਆਊਟਸੋਰਸਡ, ਇਨਲਿਸਟਮੈਂਟ, ਠੇਕੇਦਾਰਾਂ, ਕੰਪਨੀਆਂ ਅਤੇ ਸੁਸਾਇਟੀਆਂ ਰਾਹੀਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਹਾਲੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸੁਹਿਰਦ ਨਹੀਂ ਹੈ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ’ਤੇ ਵਿਭਾਗਾਂ ਵਿੱਚ ਮਰਜ਼ ਕਰਕੇ ਰੈਗੂਲਰ ਕੀਤਾ ਜਾਵੇ, ਪੰਦਰ੍ਹਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਮੁਤਾਬਿਕ ਇੱਕ ਅਣ-ਸਿੱਖਿਅਤ ਠੇਕਾ ਮੁਲਾਜ਼ਮ ਦੀ ਤਨਖ਼ਾਹ ਘੱਟੋ-ਘੱਟ 25 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ, ਡਿਊਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਠੇਕਾ ਮੁਲਾਜ਼ਮਾਂ ਦੇ ਵਾਰਸਾਂ ਨੂੰ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ।
ਗਿ੍ਰਫ਼ਤਾਰ ਮੁਲਾਜ਼ਮਾਂ ਦੀ ਰਿਹਾਈ ਲਈ ਥਾਣਾ ਘੇਰਿਆ (CM Bhagwant Mann)
ਪੁਲਿਸ ਨੇ ਜਦੋਂ ਵੱਡੀ ਗਿਣਤੀ ਠੇਕਾ ਮੁਲਾਜ਼ਮਾਂ ਨੂੰ ਫੜ ਕੇ ਵੱਖ-ਵੱਖ ਥਾਣਿਆਂ ’ਚ ਬੰਦ ਕਰ ਦਿੱਤਾ ਤਾਂ ਰੋਹ ’ਚ ਆਏ ਯੂਨੀਅਨ ਆਗੂਆਂ ਨੇ ਥਾਣਾ ਸਿਟੀ-2 ਅੱਗੇ ਧਰਨਾ ਲਗਾ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਸੰਘਰਸ਼ ਕਰਦੇ ਰਹਿਣਗੇ।