ਤਿੰਨ ਨੌਜਵਾਨ ਹਿਰਾਸਤ ‘ਚ ਲਏ, ਇੱਕ ਨੂੰ ਪੁੱਛਗਿਛ ਲਈ ਬੁਲਾਇਆ | NIA raids in Bathinda
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਨਆਈਏ (NIA raids in Bathinda) ਨੇ ਅੱਜ ਦਿਨ ਚੜ੍ਹਦਿਆਂ ਹੀ ਬਠਿੰਡਾ-ਮਾਨਸਾ ਜਿਲਿਆਂ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ 1 ਜਣੇ ਨੂੰ ਹਿਰਾਸਤ ਵਿੱਚ ਲੈਣ ਦਾ ਪਤਾ ਲੱਗਿਆ ਹੈ ਪਰ ਕੋਈ ਪੁਸ਼ਟੀ ਨਹੀਂ ਹੋ ਸਕੀ। ਇਹ ਛਾਪੇਮਾਰੀ ਬਠਿੰਡਾ ਦੇ ਚੰਦਸਰ ਨਗਰ, ਰਾਮਾ ਮੰਡੀ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਤੇ ਮਾਨਸਾ ਜ਼ਿਲ੍ਹੇ ਵਿੱਚ ਪਿੰਡ ਦੋਦੜਾ ਵਿਖੇ ਕੀਤੀ ਗਈ ਹੈ।
ਵੇਰਵਿਆਂ ਮੁਤਾਬਿਕ ਐਨਆਈਏ ਵੱਲੋਂ ਬਠਿੰਡਾ ਦੇ ਚੰਦਸਰ ਨਗਰ ਵਿੱਚ ਛਾਪਾ ਮਾਰਿਆ, ਜਿਥੋਂ ਗਲੀ ਨੰਬਰ-1 ਵਿਚੋਂ ਜੇਮਜ਼ ( 32) ਪੁੱਤਰ ਹੰਸ ਰਾਜ ਨਾਮਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ। ਹਿਰਾਸਤ ਵਿਚ ਲੈਣ ਪਿੱਛੋਂ ਅਧਿਕਾਰੀ ਜੇਮਜ ਨੂੰ ਥਾਣਾ ਸਿਵਲ ਲਾਈਨ ਲੈ ਗਏ ਹਨ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਪਤਾ ਲੱਗਿਆ ਹੈ ਕਿ ਮੁੱਢਲੀ ਪੜਤਾਲ ਤੋਂ ਬਾਅਦ ਜੇਮਜ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਛਾਪਾਮਾਰ ਟੀਮਾਂ ਇਸ ਮਾਮਲੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਜੇਮਜ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸੀ।
ਇਹ ਵੀ ਪੜ੍ਹੋ : ਐੱਨਆਈਏ ਵੱਲੋਂ ਦਿਨ ਚੜਦਿਆਂ ਵੱਡੀ ਕਾਰਵਾਈ
ਇਹ ਨੌਜਵਾਨ ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ।ਥਾਣਾ ਸਿਵਲ ਲਾਈਨ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਬੀੜ ਤਲਾਬ ਦੇ ਡੇਨਸ ਨਾਮ ਦੇ ਬੰਦੇ ਨੂੰ ਜਾਖਲ ਦੇ ਏਰੀਏ ਵਿੱਚ ਇੱਕ ਕਤਲ ਦੇ ਮਾਮਲੇ ਵਿੱਚ ਅਸਲਾ ਮੁਹਈਆ ਕਰਾਉਣ ਦੇ ਮਾਮਲੇ ਵਿਚ ਐਨਆਈ ਏ ਨੇ ਗ੍ਰਿਫਤਾਰ ਕੀਤਾ ਸੀ, ਇਸ ਦੇ ਉਸ ਦੇ ਨਾਲ ਸੰਬੰਧ ਹੋ ਸਕਦੇ ਹਨ। ਬਠਿੰਡਾ ਤੋਂ ਇਲਾਵਾ ਰਾਮਾ ਮੰਡੀ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਵਿਖੇ ਵੀ ਦੋ ਥਾਵਾਂ ਤੇ ਰੇਡ ਕਰਕੇ 2 ਜਣਿਆਂ ਨੂੰ ਪੁੱਛਗਿੱਛ ਲਈ ਜਾਂਚ ਟੀਮ ਨਾਲ ਲੈ ਗਈ।
ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਦੋਦੜਾ ਵਿਖੇ ਵੀ ਰੇਡ ਕੀਤੀ ਗਈ ਹੈ, ਜਿੱਥੋਂ ਬੱਬੂ ਸਿੰਘ ਨਾਂਅ ਦੇ ਵਿਅਕਤੀ ਦੇ ਘਰ ਸ਼ੱਕ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਕੌਮੀ ਪੱਧਰ ਦੀ ਟੀਮ ਵੱਲੋਂ ਜਾਂਚ ਹੋਣ ਕਰਕੇ ਸਥਾਨਕ ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਿੰਨੇ ਥਾਵਾਂ ਤੇ ਐਨਆਈਏ ਦੀ ਰੇਡ ਹੋਈ ਹੈ ਉੱਥੋਂ ਨਾਲ ਸਬਧਿਤ ਵਿਅਕਤੀਆਂ ਦੇ ਗੈਂਗਸਟਰਾਂ ਨਾਲ ਸਬੰਧ ਹਨ, ਇਸ ਕਰਕੇ ਇਹ ਰੇਡ ਕੀਤੀ ਗਈ।