ਜਲਦ ਹੀ ਭੱਠਲ ਕਾਲਜ ਦੇ ਸਟਾਫ ਦਾ ਮਸਲਾ ਕੀਤਾ ਜਾਵੇਗਾ ਹੱਲ : ਭਗਵੰਤ ਮਾਨ
(ਰਾਜ ਸਿੰਗਲਾ) ਲਹਿਰਾਗਾਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਆਪਣੇ ਪੁਰਾਣੇ ਸਾਥੀ ਤੇ ਲਹਿਰਾਗਾਗਾ ਵਿਖੇ ਸੀਬਾ ਇੰਟਰਨੈਸ਼ਨਲ ਸਕੂਲ ਦੇ ਮਾਲਕ ਕੰਵਲਜੀਤ ਸਿੰਘ ਢੀਂਡਸਾ ਪਰਿਵਾਰ ਨੂੰ ਮਿਲਣ ਲਈ ਆਪਣੀ ਮਾਤਾ ਅਤੇ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਕਮਲਜੀਤ ਸਿੰਘ ਢੀਂਡਸਾ ਦੀ ਰਿਹਾਇਸ਼ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਇੱਥੇ ਇੱਕ ਮੁੱਖ ਮੰਤਰੀ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਪਰਿਵਾਰ ਦੇ ਮੈਂਬਰ ਦੇ ਤੌਰ ’ਤੇ ਮਿਲਣ ਲਈ ਪਹੁੰਚਿਆ ਹਾਂ ਕੰਵਲਜੀਤ ਸਿੰਘ ਢੀਂਡਸਾ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਪੁਰਾਣੀ ਦੋਸਤੀ ਹੈ ਅਕਸਰ ਉਹ ਅਤੇ ਉਹਨਾਂ ਦਾ ਪਰਿਵਾਰ ਕਮਲਜੀਤ ਸਿੰਘ ਢੀਂਡਸਾ ਦੇ ਪਰਿਵਾਰ ਨੂੰ ਮਿਲਣ ਲਈ ਲਹਿਰਾਗਾਗਾ ਵਿਖੇ ਆਉਂਦਾ ਜਾਂਦਾ ਰਹਿੰਦਾ ਹੈ।
ਪੰਜਾਬ ਵਿੱਚ ਸਿਆਸਤ ਤੋਂ ਦੂਰ ਕੰਵਲਜੀਤ ਸਿੰਘ ਢੀਂਡਸਾ ਬਾਰੇ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਦਿਲ ਨੂੰ ਬੜਾ ਸਕੂਨ ਮਿਲਦਾ ਹੈ ਪੁਰਾਣੇ ਦੋਸਤਾਂ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਲਹਿਰਾਗਾਗਾ ਪਹੁੰਚਣ ’ਤੇ ਬਾਬਾ ਹੀਰਾ ਸਿੰਘ ਭੱਠਲ ਦੇ ਸਟਾਫ ਨੇ ਵੀ ਮਿਲ ਕੇ ਆ ਰਹੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਸਟਾਫ ਮੈਂਬਰ ਬੋਲੇ ਪਿਛਲੇ ਕਈ ਸਾਲਾਂ ਤੋਂ ਨਹੀਂ ਮਿਲ ਰਹੀ ਤਨਖਾਹ
ਸ਼ਿਵਾਲੀ ਅਗਰਵਾਲ ਅਸਿਸਟੈਂਟ ਪ੍ਰੋਫੈਸਰ ਮਕੈਨੀਕਲ ਅਤੇ ਸੁਨੀਤਾ ਰਾਣੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਗੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਾਬਾ ਹੀਰਾ ਸਿੰਘ ਭੱਠਲ ਦੇ ਸਟਾਫ ਮੈਂਬਰ ਬਿਨਾਂ ਤਨਖਾਹਾਂ ਤੋਂ ਆਪਣਾ ਗੁਜਾਰਾ ਕਰ ਰਹੇ ਹਨ ਤਨਖਾਹਾਂ ਨਾ ਮਿਲਣ ਦੀ ਸੂਰਤ ਵਿੱਚ ਘਰ ਚਲਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਘਰ ਦਾ ਰਾਸ਼ਨ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਨਖਾਹ ਨਾ ਮਿਲਣ ਦੀ ਸੂਰਤ ’ਚ ਸਾਡਾ ਇੱਕ ਸਾਥੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਹੈ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੰਗ ਪੱਤਰ ਦਿੰਦੇ ਹੋਏ ਸ਼ਿਵਾਲੀ ਅਗਰਵਾਲ ਅਤੇ ਸੁਨੀਤਾ ਰਾਣੀ ਨੇ ਰੋ ਰੋ ਕੇ ਆਪਣਾ ਦੁਖੜਾ ਭਗਵੰਤ ਮਾਨ ਅੱਗੇ ਜ਼ਾਹਿਰ ਕੀਤਾ ਉਹਨਾਂ ਭਗਵੰਤ ਮਾਨ ਨੂੰ ਕਿਹਾ ਕਿ ਸੁਣਨ ਵਿੱਚ ਆਇਆ ਹੈ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ ਨੂੰ ਕਾਲਜ ’ਚੋਂ ਕੱਢਿਆ ਜਾ ਰਿਹਾ ਹੈ ਅਤੇ ਸਾਡੀਆਂ ਸਰਕਾਰੀ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਹਨ ਤੇ ਸਾਨੂੰ ਜਿਉਂਦੇ ਜੀਅ ਮਾਰਿਆ ਜਾ ਰਿਹਾ ਹੈ।
ਕਿਸੇ ਸਟਾਫ ਮੈਂਬਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਵੇਗਾ (CM Bhagwant Mann)
ਇਸ ’ਤੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਖਿਆ ਕਿ ਕਿਸੇ ਵੀ ਸਟਾਫ ਮੈਂਬਰ ਨੂੰ ਨੌਕਰੀ ਤੋਂ ਕੱਢਿਆ ਨਹੀਂ ਜਾ ਰਿਹਾ ਅਤੇ ਨਾ ਹੀ ਕਿਸੇ ਸਟਾਫ ਮੈਂਬਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਤਨਖਾਹ ਦੇ ਰੋਲ ’ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਜੋ ਗੱਲਬਾਤ ਹੈ ਉਸ ਵਿੱਚ ਕਾਲਜ ਦੇ ਸਟਾਫ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਭੱਠਲ ਕਾਲਜ ਦਾ ਮਸਲਾ ਉਹਨਾਂ ਦੇ ਧਿਆਨ ਵਿੱਚ ਹੈ ਬਹੁਤ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਤੇ ਤੁਹਾਨੂੰ ਵਿਸਵਾਸ਼ ਦਿਵਾਉਂਦਾ ਹਾਂ ਕਿ ਕਿਸੇ ਵੀ ਸਟਾਫ ਮੈਂਬਰ ਦੀ ਕੋਈ ਸੇਵਾ ਖਤਮ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸਨਰ ਜਤਿੰਦਰ ਜੋਰਵਾਲ , ਐਸ ਡੀ ਐਮ ਸੂਬਾ ਸਿੰਘ, ਡੀਐਸਪੀ ਪੁਸਪਿੰਦਰ ਸਿੰਘ , ਡੀਐਸਪੀ ਮੂਨਕ ਮਨੋਜ ਗੋਰਸੀ, ਲਹਿਰਾਂ ਥਾਣਾ ਇੰਚਾਰਜ ਮਨਪ੍ਰੀਤ ਸਿੰਘ, ਰਾਜ ਸਿੰਘ ਕੋਟੜਾ ਤੋਂ ਇਲਾਵਾ ਪੁਲਸ ਪ੍ਰਸਾਸਨ ਹਾਜਰ ਸੀ।