ਗਿਆਸਪੁਰਾ ਗੈਸ ਲੀਕ ਮਾਮਲਾ: ਐਨਜੀਟੀ ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਲੋਕਾਂ ਤੋਂ ਕੀਤੀ ਪੁੱਛਗਿੱਛ

Giaspura gas leak case
ਲੁਧਿਆਣਾ। ਘਟਨਾ ਸਥਾਨ ਦਾ ਦੌਰਾ ਕਰਕੇ ਲੋਕਾਂ ਤੋਂ ਪੁੱਛਗਿੱਛ ਕਰਦੀ ਹੋਈ ਐਨਜੀਟੀ ਦੀ ਟੀਮ।

ਲੁਧਿਆਣਾ (ਜਸਵੀਰ ਸਿੰਘ ਗਹਿਲ/ਵਣਰਿੰਦਰ ਮਣਕੂ )। ਲੁਧਿਆਣਾ ਵਿਖੇ ਗਿਆਸਪੁਰਾ ਗੈਸ ਲੀਕ ਮਾਮਲੇ (Giaspura gas leak case) ਦੇ ਸਬੰਧ ’ਚ ਗਠਿਤ ਨੈਸ਼ਨਲ ਗੀਨ ਟਿ੍ਰਬਿਉਨਲ (ਐਨਜੀਟੀ) ਦੀ ਟੀਮ ਵੱਲੋਂ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਮੈਂਬਰਾਂ ਵੱਲੋਂ ਇਲਾਕੇ ਅਤੇ ਘਟਨਾਂ ਸਥਾਨ ਵਾਲੇ ਘਰ ਜਾ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਇਲਾਕੇ ਅੰਦਰ ਉਦਯੋਗਿਕ ਇਕਾਈ ਵਾਰੇ ਵਿਸਥਾਰਿਤ ਜਾਣਕਾਰੀ ਇਕੱਤਰ ਕੀਤੀ। ਟੀਮ ਨਾਲ ਪ੍ਰਦੂਸਣ ਕੰਟਰੋਲ ਬੋਰਡ ਲੁਧਿਆਣਾ ਨਗਰ ਨਿਗਮ ਦੀ ਟੀਮ ਵੀ ਮੌਜੂਦ ਸਨ। ਇਸ ਮੌਕੇ ਐੱਨਜੀਟੀ ਵੱਲੋਂ ਗਠਿਤ ਟੀਮ ਦੇ ਮੈਂਬਰ ਪ੍ਰਸਾਸਨਿਕ ਅਧਿਕਾਰੀਆਂ ’ਤੇ ਗੁੱਸੇ ਹੁੰਦੇ ਵੀ ਨਜਰ ਆਏ। (Ludhiana gas leak case)

ਜਿਕਰਯੋਗ ਹੈ ਕਿ 30 ਅਪਰੈਲ ਨੂੰ ਸਵੇਰੇ 7 ਕੁ ਵਜੇ ਦੇ ਕਰੀਬ ਗਿਆਸਪੁਰਾ ਇਲਾਕੇ ਦੇ ਸੂਆ ਰੋਡ ’ਤੇ ਵਾਪਰੇ ਗੈਸ ਲੀਕ ਹਾਦਸੇ ’ਚ 3 ਬੱਚਿਆਂ ਸਮੇਤ ਕੁੱਲ 11 ਜਣਿਆਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਪ੍ਰਸ਼ਾਸਨ ਦੁਆਰਾ ਇੱਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ’ਚ ਪ੍ਰਦੂਸ਼ਨ ਕੰਟਰੋਲ ਬੋਰਡ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਇੰਟਸਟਰੀਅਲ ਟੈਕਨਾਲੌਜੀ ਖੋਜ ਸੈਂਟਰ, ਪੀਜੀਆਈ ਚੰਡੀਗੜ ਦੇ ਡਾਇਰੈਕਟਰ, ਐਨਡੀਆਰਐੱਫ਼, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਆਦਿ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗਠਿਤ ਟੀਮ ਵੱਲੋਂ ਮਾਮਲੇ ਦੀ ਜਾਂਚ ਰਿਪੋਰਟ 30 ਜੂਨ ਤੱਕ ਸੌਂਪੀ ਜਾਣੀ ਹੈ। ਜਦਕਿ ਉਕਤ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਪਹਿਲਾਂ ਹੀ ਦੋ ਸਫ਼ਿਆਂ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜਿ਼ਲ੍ਹੇ ਵਿੱਚ 9 ਤੇ 10 ਮਈ ਨੂੰ ਛੁੱਟੀ ਦਾ ਐਲਾਨ

ਜਾਂਚ ਕਮੇਟੀ ਦੇ ਚੇਅਰਮੈਨ ਡਾ. ਆਦਰਸ਼ ਠਾਕੁਰ ਨੇ ਕਿਹਾ ਕਿ ਜ਼ਮੀਨੀ ਪੜਤਾਲ ’ਤੇ ਪੜਤਾਲ ਲਈ ਉਨਾਂ ਵੱਲੋਂ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਹੈ। ਜਿਸ ਦੌਰਾਨ ਟੀਮ ਵੱਲੋਂ ਜਿੱਥੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਉੱਥੇ ਹੀ ਇਲਾਕੇ ਅੰਦਰ ਚੱਲ ਰਹੀਆਂ ਉਦਯੋਗਿਕ ਇਕਾਈਆਂ ਵਾਰੇ ਵੀ ਜਾਣਕਾਰੀ ਹਾਸ਼ਲ ਕੀਤੀ ਗਈ ਹੈ। ਉਨਾਂ ਇਲਾਕੇ ਦੇ ਵਸਨੀਕਾਂ ਨੂੰ ਸਬੰਧਨ ਕਰਦਿਆਂ ਕਿਹਾ ਕਿ ਉਨਾਂ ਨੂੰ ਉਕਤ ਮਾਮਲੇ ਦੇ ਸਬੰਧ ’ਚ ਕਿਸੇ ਵੀ ਤਰਾਂ ਦਾ ਕੋਈ ਸਬੂਤ ਮਿਲਦਾ ਹੈ ਤਾਂ ਉਹ ਤੁਰੰਤ ਕਮੇਟੀ ਕੋਲ ਪਹੁੰਚ ਕਰਨ। ਇਸ ਦੌਰਾਨ ਟੀਮ ਮੈਂਬਰ ਮਿ੍ਰਤਕਾਂ ਦੇ ਵਾਰਸਾਂ ਨੂੰ ਵੀ ਮਿਲੇ।

ਐਨਜੀਟੀ ਟੀਮ ਦੇ ਆਉਣ ’ਤੇ ਇਲਾਕੇ ਦੇ ਕਾਰੋਬਾਰੀ ਵੀ ਪਹੁੰਚ, ਜਿੰਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਐਨਜੀਟੀ ਟੀਮ ਨਾਲ ਮਿਲਣ ਨਹੀਂ ਦਿੱਤਾ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਸਨਅੱਤ ਨੂੰ ਟਾਰਗੇਟ ਬਣਾਉਣ ਲਈ ਬਿਨਾਂ ਕਿਸੇ ਕਾਰਨ ਦੋਸ਼ ਲਗਾਏ ਜਾ ਰਹੇ ਨੇ, ਜੋ ਕਿ ਸ਼ਰਾਸਰ ਗਲਤ ਹੈ। ਉਨਾਂ ਕਿਹਾ ਕਿ ਉਨਾਂ ਨੂੰ ਜਾਂਚ ਵਿਚ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਜਿਸ ਤਰਾਂ ਫੈਕਟਰੀਆਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਇਸ ਨਾਲ ਫੈਕਟਰੀਆਂ ’ਚ ਕੰਮ ਕਰਦੇ ਮਜਦੂਰ ਘਬਰਾ ਜਾਣਗੇ ਜਿਸ ਨਾਲ ਉਨਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਕਾਰੋਬਾਰੀਆਂ ਨੇ ਅੱਗੇ ਕਿਹਾ ਕਿ ਉਹ ਇੱਥੇ ਆਪਣਾ ਪੱਖ ਰੱਖਣ ਲਈ ਆਏ ਹਨ ਪਰ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ।