ਰਾਜੌਰੀ ’ਚ 24 ਘੰਟਿਆਂ ਤੋਂ ਮੁਕਾਬਲਾ ਜਾਰੀ, 5 ਜਵਾਨ ਸ਼ਹੀਦ
ਸ੍ਰੀਨਗਰ। ਜੰਮੂ-ਕਸਮੀਰ (Jammu and Kashmir) ਦੇ ਪੁੰਛ ’ਚ ਵੀਰਵਾਰ 20 ਅਪ੍ਰੈਲ ਨੂੰ ਈਦ ਲਈ ਫਲ ਅਤੇ ਸਬਜੀਆਂ ਲੈ ਕੇ ਜਾ ਰਹੀ ਫੌਜ ਦੀ ਵੈਨ ’ਤੇ ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ। ਗ੍ਰਨੇਡ ਤੋਂ ਧਮਾਕੇ ਤੋਂ ਬਾਅਦ ਅੱਤਵਾਦੀਆਂ ਨੇ ਫੌਜ ਦੀ ਗੱਡੀ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਦੌਰਾਨ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪੰਜ ਜਵਾਨ ਵੀ ਸਹੀਦ ਹੋ ਗਏ।
ਇਸ ਘਟਨਾ ਤੋਂ ਬਾਅਦ ਫੌਜ ਅਤੇ ਜੰਮੂ-ਕਸਮੀਰ (Jammu and Kashmir) ਪੁਲਿਸ ਨੇ ਘਾਟੀ ’ਚ ਅੱਤਵਾਦੀਆਂ ਖਿਲਾਫ ਸਾਂਝਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪਿਛਲੇ ਬੁੱਧਵਾਰ ਤੋਂ ਹੁਣ ਤੱਕ ਭਾਵ 3 ਤੋਂ 6 ਮਈ ਤੱਕ ਮਾਛਿਲ, ਬਾਰਾਮੂਲਾ, ਅਨੰਤਨਾਗ, ਰਾਜੌਰੀ ਅਤੇ ਕਰਹਾਮਾ ਕੁੰਜਰ (ਬਾਰਾਮੂਲਾ) ’ਚ ਅੱਤਵਾਦੀਆਂ ਨਾਲ ਮੁਕਾਬਲੇ ਹੋਏ ਹਨ।
ਰਾਜੌਰੀ ਦੇ ਕੰਡੀ ਇਲਾਕੇ ’ਚ ਸ਼ੁੱਕਰਵਾਰ ਸਵੇਰੇ 7.30 ਵਜੇ ਤੋਂ ਮੁਕਾਬਲਾ ਚੱਲ ਰਿਹਾ ਹੈ। ਇਸ ’ਚ ਅੱਤਵਾਦੀਆਂ ਦੇ ਮੁਕਾਬਲੇ ’ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ। ਇੱਕ ਅੱਤਵਾਦੀ ਵੀ ਮਾਰਿਆ ਗਿਆ ਹੈ। ਇੱਥੇ ਮੁਕਾਬਲਾ ਅਜੇ ਵੀ ਜਾਰੀ ਹੈ।
ਇਸ ਤੋਂ ਇਲਾਵਾ ਬਾਰਾਮੂਲਾ ਦੇ ਕਰਹਾਮਾ ਕੁੰਜਰ ’ਚ ਅੱਜ ਭਾਵ ਸ਼ਨਿੱਚਰਵਾਰ ਸਵੇਰੇ 4 ਵਜੇ ਤੋਂ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਹੁਣ ਤੱਕ ਇੱਕ ਅੱਤਵਾਦੀ ਮਾਰਿਆ ਗਿਆ ਹੈ ਅਤੇ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲੱਗ ਗਿਆ ਹੈ। ਆਪਰੇਸ਼ਨ ਜਾਰੀ ਹੈ। ਸੂਤਰਾਂ ਮੁਤਾਬਕ ਇਹ ਉਹੀ ਅੱਤਵਾਦੀ ਹਨ ਜੋ ਪੁੰਛ ’ਚ ਫੌਜ ਦੇ ਟਰੱਕ ’ਤੇ ਹਮਲੇ ’ਚ ਸ਼ਾਮਲ ਸਨ।