ਵੱਖ-ਵੱਖ ਬਲਾਕਾਂ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਪੇਂਡੂ ਮਜ਼ਦੂਰਾਂ ਵੱਲੋਂ ਡੀਸੀ ਦਫਤਰ ਅੱਗੇ ਰੋਸ਼ ਪ੍ਰਦਰਸ਼ਨ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਬਲਾਕਾਂ ’ਚੋਂ ਹਜ਼ਾਰਾਂ ਪੇਂਡੂ ਮਜ਼ਦੂਰਾਂ ਨੇ ਪਟਿਆਲਾ ਦੇ ਡੀਸੀ ਦਫਤਰ ਦੇ ਨਾਲ ਲੱਗਦੇ ਮੈਦਾਨ ਵਿੱਚ ਇਕੱਤਰ ਹੋ ਕੇ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਚਾਰ ਘੰਟੇ ਜੰਮ ਕੇ ਨਾਅਰੇਬਾਜੀ ਕੀਤੀ ਤੇ ਪਿੱਟ ਸਿਆਪਾ, ਪਰ ਜਦੋਂ ਚਾਰ ਘੰਟੇ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀਆਂ ਇਨ੍ਹਾਂ ਮਜ਼ਦੂਰਾਂ ਦੀ ਗੱਲ ਪੁੱਛਣ ਨਾ ਆਇਆ ਤਾਂ ਅੱਕੇ ਇਨ੍ਹਾਂ ਪੇਂਡੂ ਮਜ਼ਦੂਰਾਂ ਨੇ ਨੇ ਮਾਰਚ ਕਰਨ ਦਾ ਫੈਸਲਾ ਲਿਆ ਤੇ ਮੰਗ ਪੱਤਰ ਦਰੱਖਤ ’ਤੇ ਲਟਕਾ ਕੇ ਜਾਣ ਦਾ ਤੈਅ ਕੀਤਾ। ਜਿਸ ਤੋਂ ਬਾਅਦ ਮਜ਼ਦੂਰਾਂ ਦੀ ਵੱਡੀ ਗਿਣਤੀ ਕਾਰਨ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੂੰ ਜਾਂਦੀ ਸੜਕ ’ਤੇ ਜਾਮ ਲੱਗ ਗਿਆ। ਜਿਸ ਨੂੰ ਦੇਖਦਿਆ ਪਿੱਛੋਂ ਡੀਡੀਪੀਓ ਪਟਿਆਲਾ ਨੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। (Rural Workers Protested)
ਧਰਨਾ ਦੇ ਕੇ ਕੀਤਾ ਰੋਡ ਜਾਮ
ਇਸ ਮੌਕੇ ਡੇਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ, ਸਕੱਤਰ ਸੁਨੀਤਾ ਰਾਣੀ, ਰਾਜ ਕੌਰ ਥੂਹੀ ਤੇ ਆਸਾ ਰਾਣੀ ਨੇ ਕਿਹਾ ਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਐਕਟ ਦੀ ਕਾਪੀ ਦੇ ਕੇ ਇਹ ਗੁਜ਼ਾਰਿਸ਼ ਕਰਨ ਆਏ ਸੀ ਕਿ ਐਕਟ ਪੜ੍ਹ ਕੇ ਫੈਸਲੇ ਕਰਿਆ ਕਰਨ ਪਰ ਪ੍ਰਸ਼ਾਸਨ ਦਾ ਰਵੱਈਆ ਦੇਖ ਕੇ ਲੱਗਦਾ ਹੈ ਕਿ ਉਹ ਪੇਂਡੂ ਖੇਤਰ ਲਈ ਕੰਮ ਕਰਨਾ ਹੀ ਨਹੀਂ ਚਾਹੁੰਦੇ ਤੇ ਨਾ ਹੀ ਭ੍ਰਿਸ਼ਟਾਚਾਰ ਸੰਬੰਧੀ ਅਰਜ਼ੀਆਂ ’ਤੇ ਕੋਈ ਕਾਰਵਾਈ ਹੋਵੇਗੀ। (Rural Workers Protested) ਅੱਜ ਇਹ ਸਾਫ ਹੋ ਗਿਆ ਕਿ ਨਵੀਂ ਸਰਕਾਰ ਇਸ ਭ੍ਰਿਸ਼ਟ ਤੰਤਰ ਅੱਗੇ ਗੋਡੇ ਟੇਕ ਚੁੱਕੀ ਹੈ ਜਾਂ ਨਾਲ ਹੀ ਮਿਲ ਚੁੱਕੀ ਹੈ।
ਇਸ ਮੌਕੇ ਮਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਮਨਰੇਗਾ ਨੂੰ ਐਕਟ ਮੁਤਾਬਿਕ ਲਾਗੂ ਕਰਨ ਲਈ ਅਰਜ਼ੀਆਂ ਲਿਖ ਰਹੇ ਹਨ ਤਾਂ ਜੋ ਕੁੱਲ ਪੇਂਡੂ ਖੇਤਰ ਨੂੰ ਇਸ ਕਾਨੂੰਨ ਦੇ ਮੰਤਵ ਤੋਂ ਲਾਭ ਹੋ ਸਕੇ ਪਰ ਸਰਕਾਰਾਂ ਅਤੇ ਅਫਸਰਸ਼ਾਹੀ ਦੇ ਹੰਕਾਰ ਦੇ ਚੱਲਦੇ ਇਹ ਮਨਰੇਗਾ ਨੂੰ ਨਾ ਮਜ਼ਦੂਰਾਂ, ਨਾ ਕਿਸਾਨਾਂ, ਨਾ ਨੌਜਵਾਨਾਂ ਦੇ ਹੱਕ ਵਿੱਚ ਇਸਤੇਮਾਲ ਕਰ ਸਕੇ ਹਨ।
ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੀ ਪਟਿਆਲਾ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਨੇ ਦੱਸਿਆ ਕਿ ਇਸ ਕਾਨੂੰਨ ਰਾਹੀਂ ਜਿਥੇ ਮਜ਼ਦੂਰਾਂ ਨੂੰ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਨਾਲ ਮਜ਼ਦੂਰਾਂ ਦਾ ਪਿੰਡਾਂ ਵਿਚੋ ਪਰਵਾਸ ਰੋਕਿਆ ਜਾ ਸਕਦਾ ਹੈ ਉਥੇ ਹੀ ਛੋਟੀ ਕਿਸਾਨੀ ਨੂੰ ਅਨੇਕਾਂ ਲਾਭ, ਪੜ੍ਹੇ ਲਿਖੇ ਨੌਜਵਾਨਾਂ ਨੂੰ ਘਰ ਦੇ ਨਜ਼ਦੀਕ ਨੌਕਰੀਆਂ ਇਹ ਸਭ ਦਿੱਤਾ ਜਾ ਸਕਦਾ ਹੈ, ਉਹ ਵੀ ਕੇਂਦਰ ਸਰਕਾਰ ਦੇ ਫੰਡ ਨਾਲ। ਇਸ ਤੋਂ ਇਲਾਵਾ ਜਿਲ੍ਹਾ ਸਕੱਤਰ ਰਮਨਜੋਤ ਬਾਬਰਪੁਾ, ਕੁਲਵੰਤ ਕੌਰ ਥੂਹੀ ਮਨਿੰਦਰ ਸਿੰਘ ਫਤਹਿ ਮਾਜਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਅਫਸਰਸ਼ਾਹੀ ਕੰਮ ਤੋਂ ਟਾਲਾ ਵੱਟ ਕੇ ਫਰਜ਼ੀ ਗ੍ਰਾਮ ਸਭਾਵਾਂ ਕਰਕੇ ਮਨਰੇਗਾ ਬੱਜਟ ਬਣਾਉਂਦੀ ਹੈ ਜਿਸਦੇ ਨਤੀਜੇ ਵੱਜੋਂ ਮਜ਼ਦੂਰਾਂ ਨੂੰ ਕਾਨੂੰਨ ਅਨੁਸਾਰ ਕੰਮ ਨਹੀਂ ਦਿੰਦੇ, ਫਿਰ ਆਪਣੀ ਗਲਤੀ ਦੇ ਬਾਵਜੂਦ ਉਸਨੂੰ ਢੱਕਣ ਲਈ ਹਰ ਤਰ੍ਹਾਂ ਦੇ ਗੈਰ ਇਖਲਾਕੀ ਕੰਮ ਕਰਕੇ ਬੇਰੁਜ਼ਗਾਰੀ ਭੱਤੇ ਦਾ ਵੀ ਹੱਕ ਮਾਰਦੇ ਹਨ।
ਮਜ਼ਦੂਰਾਂ ਨੇ ਰੁਜ਼ਗਾਰ ਨਾ ਮਿਲਣ ਕਾਰਨ ਰੋਸ ਜਤਾਇਆ
ਜ਼ਿਲ੍ਹੇ ’ਚੋ ਇਕੱਤਰ ਹਜ਼ਾਰਾਂ ਮਜ਼ਦੂਰਾਂ ਨੇ ਰੁਜ਼ਗਾਰ ਨਾ ਮਿਲਣ ਕਾਰਨ ਰੋਸ਼ ਜਤਾਇਆ ਤੇ ਫਿਰ ਜਿਸ ਤਰੀਕੇ ਨਾਲ ਅਰਜ਼ੀਆਂ ਦਾ ਨਿਪਟਾਰਾ ਹੁੰਦਾ ਹੈ ਉਸਤੋਂ ਇਹ ਮਹਿਸੂਸ ਹੁੰਦਾ ਹੈ ਜਿਵੇ ਅਫਸਰ ਕਿਸੇ ਨੂੰ ਜੁਆਬਦੇਹ ਨਹੀਂ ਹਨ, ਤੇ ਨਾ ਹੀ ਇਨ੍ਹਾਂ ਨੂੰ ਕਾਨੂੰਨ ਪੜ੍ਹਨ ਦੀ ਜ਼ਰੂਰਤ ਹੈ। ਇਨ੍ਹਾਂ ਦਾ ਕੰਮ ਸ਼ਾਇਦ ਲੋਕਾਂ ਨੂੰ ਦਬਸ਼ ਦੇਣਾ ਹੀ ਹੈ। ਇਸ ਮੌਕੇ ਮਜ਼ਦੂਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਲਿਖ ਕੇ ਇਨਸਾਫ ਦੀ ਵੀ ਮੰਗ ਕੀਤੀ। ਇਸ ਮੌਕੇ ਸੰਦੀਪ ਕੌਰ ਖੇੜੀ ਗੌੜੀਆਂ, ਕਿ੍ਰਸਨ ਲੁਬਾਣਾ,ਗੁਰਤੇਜ ਸਮਾਣਾ, ਹਰਦੀਪ ਕੌਰ ਪਾਲੀਆ,ਹਰਮੇਸ਼ ਕੌਰ ਕਾਠਮਠੀ,ਲਖਵੀਰ ਲਾਡੀ ,ਬਲਜੀਤ ਕੌਰ ਰਾਜਪੁਰਾ ਅਤੇ ਆਈ.ਡੀ ਪੀ ਦੇ ਸੂਬਾਈ ਆਗੂ ਕਰਨੈਲ ਸਿੰਘ ਜਖੇਪਲ, ਦਰਸਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ,ਚਮਕੌਰ ਸਿੰਘ ਅਗੇਤੀ ਨੇ ਸਰਗਰਮ ਸ਼ਮੂਲੀਅਤ ਕੀਤੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ