ਕਰਾਂਗੇ ਢੁੱਕਵੀਂ ਕਾਰਵਾਈ : ਭਗਵੰਤ ਮਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਆਈਏਐਸ ਅਫ਼ਸਰਾਂ (Chief Minister and IAS officers) ਨੂੰ ਭਰੋਸਾ ਦਿੱਤਾ ਹੈ ਕਿ, ਉਹ ਸੀਨੀਅਰ ਆਈਏਐਸ ਸ੍ਰੀਮਤੀ ਨੀਲਿਮਾ ਦੇ ਖਿਲਾਫ਼ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਠੀਕ ਕਰਨ ਲਈ ਢੁੱਕਵੇਂ ਕਦਮ ਚੁੱਕਣਗੇ। ਇਹ ਭਰੋਸਾ ਮੁੱਖ ਮੰਤਰੀ ਨੇ ਆਈਏਐਸ ਅਫ਼ਸਰਾਂ ਦੇ ਇੱਕ ਵੱਡੇ ਵਫ਼ਦ ਨਾਲ ਮੀਟਿੰਗ ਦੌਰਾਨ ਦਿੱਤਾ।
ਜਿਸ ਵਿੱਚ 70 ਦੇ ਕਰੀਬ ਆਈਏਐਸ ਅਫ਼ਸਰ (Chief Minister and IAS officers) ਮੌਜੂਦ ਸਨ, ਜਿਨ੍ਹਾਂ ਵਿੱਚ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਆਈਏਐਸ ਅਫ਼ਸਰ ਵੀ ਸ਼ਾਮਲ ਸਨ। ਵਫ਼ਦ ਨੇ ਮੁੱਖ ਮੰਤਰੀ ਦੇ ਕੋਲ ਵਿਜੀਲੈਂਸ ਵੱਲੋਂ ਆਈਏਐੱਸ ਅਫ਼ਸਰ ਨੀਲਿਮਾ ਖ਼ਿਲਾਫ਼ ਦਰਜ ਕੀਤੇ ਕੇਸ ਸਬੰਧੀ ਇਹ ਮੁੱਦਾ ਉਠਾਇਆ ਕਿ, ਵਿਜੀਲੈਂਸ ਨੇ ਇਹ ਕਾਰਵਾਈ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਤੇ ਸੀਐਸਆਰ ਨਿਯਮਾਂ ਨੂੰ ਉਲੰਘ ਕੇ ਮਨਮਾਨੇ ਢੰਗ ਨਾਲ ਕੀਤੀ ਗਈ ਹੈ।
ਕਰੱਪਸ਼ਨ ਖਿਲਾਫ਼ ਮੁਹਿੰਮ ਦੌਰਾਨ ਉਹ ਸਰਕਾਰ ਦੇ ਨਾਲ
ਉਨ੍ਹਾਂ ਇਹ ਕਿਹਾ ਕਿ, ਕਰੱਪਸ਼ਨ ਖਿਲਾਫ਼ ਮੁਹਿੰਮ ਦੌਰਾਨ ਉਹ ਸਰਕਾਰ ਦੇ ਨਾਲ ਹਨ ਅਤੇ ਕਿਸੇ ਵੀ ਭਿ੍ਰਸ਼ਟ ਅਫ਼ਸਰ ਦੀ ਉਹ ਹਮਾਇਤ ਨਹੀਂ ਕਰਦੇ, ਪਰ ਕਿਸੇ ਵੀ ਅਫ਼ਸਰ ਦੇ ਖਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਪੂਰੀ ਕਾਨੂੰਨੀ ਤੇ ਪ੍ਰਸਾਸ਼ਕੀ ਪ੍ਰੀਕਿਰਿਆ ਪੂਰੀ ਕਰਨ ਤੋਂ ਬਿਨ੍ਹਾਂ ਉਹ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਗੇ। ਲਗਭਗ ਇੱਕ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਨੀਲਿਮਾ ਦੇ ਪਤੀ ਆਈਏਐਸ ਅਮਿਤ ਕੁਮਾਰ ਵੀ ਮੌਜ਼ੂਦ ਸਨ।
ਇਸ ਮੀਟਿੰਗ ਦੌਰਾਨ ਇੱਕ ਆਈਏਐਸ ਅਫ਼ਸਰ ਨੇ ਸ਼ਮਸ਼ਾਨਘਾਟ ਵਿੱਚੋਂ ਐਨਐਸ ਪ੍ਰਵਾਨਾ ਦੇ ਪੁੱਤਰ ਐਸ ਪੀ ਸਿੰਘ ਦੀ ਗਿ੍ਰਫਤਾਰੀ ਦਾ ਮੁੱਦਾ ਵੀ ਉਠਾ ਕੇ ਇਸ ਨੂੰ ਮੰਦਭਾਗੀ ਤੇ ਅਣਮਨੁੱਖੀ ਕਰਾਰ ਦਿੰਦਿਆਂ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਇਹ ਵੀ ਕਿਹਾ ਕਿ, ਬਿਨ੍ਹਾਂ ਕਿਸੇ ਅਦਾਲਤੀ ਫ਼ੈਸਲੇ ਤੋਂ ਵਿਜੀਲੈਂਸ ਵਲੋਂ ਇਨ੍ਹਾਂ ਅਫ਼ਸਰਾਂ ਦੇ 6-7 ਕਰੋੜ ਰੁਪਏ ਦੇ ਘਪਲੇ ਦਾ ਪ੍ਰੈਸ ਨੋਟ ਜਾਰੀ ਕਰਕੇ, ਮੀਡੀਆ ਟਰਾਇਲ ਕਰਨਾ ਵੀ ਕਿਸੇ ਤਰ੍ਹਾਂ ਵਾਜਵ ਨਹੀਂ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਦੇ ਆਈਏਐਸ ਅਫ਼ਸਰ ਐਲਾਨ ਕੀਤੇ ਬਿਨ੍ਹਾਂ ਹੀ ਅੱਜ ਆਪਣੇ ਕੰਮ ਬੰਦ ਕਰਕੇ ਚੰਡੀਗੜ੍ਹ ਪੁੱਜ ਗਏ ਸਨ ਅਤੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤੇ ਦਫ਼ਤਰਾਂ ਦਾ ਕੰਮਕਾਰ ਠੱਪ ਹੋ ਗਿਆ ਹੈ, ਕਿਉਂਕਿ ਪੀਸੀਐਸ ਅਫ਼ਸਰ ਅਤੇ ਮਾਲ ਅਫ਼ਸਰ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ।