ਪੰਜਾਬ-ਹਰਿਆਣਾ ਮੁੱਖ ਮੰਤਰੀ ਰਿਹਾਇਸ਼ ਤੋਂ ਕੁਝ ਦੂਰੀ ’ਤੇ ਮਿਲਿਆ ਜਿੰਦਾ ਬੰਬ, ਵੱਡੀ ਸਾਜ਼ਿਸ਼ ਦਾ ਖ਼ਦਸ਼ਾ
- ਹਰਿਆਣਾ-ਪੰਜਾਬ ਦੇ ਮੁੱਖ ਮੰਤਰੀ ਦੇ ਹੈਲੀਕਾਪਟਰ ਲਈ ਬਣਾਏ ਹੈਲੀਪੈਡ ਕੋਲ ਮਿਲਿਆ ਜਿੰਦਾ ਬੰਬ
- ਸੁਰੱਖਿਆ ਏਜੰਸੀਆਂ ਵਲੋਂ ਜਾਂਚ ਸ਼ੁਰੂ, ਫੌਜੀ ਦਸਤੇ ਵੀ ਮੌਕੇ ’ਤੇ ਪੁੱਜੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ ਦੇ ਸੈਕਟਰ 2 ਵਿੱਚ ਸਥਿਤ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ (Chief Minister Bhagwant Mann) ਦੀ ਰਿਹਾਇਸ਼ ਤੋਂ ਕੁਝ ਹੀ ਦੂਰੀ ’ਤੇ ਰਾਜਿੰਦਰ ਪਾਰਕ ਕੋਲੋਂ ਜਿੰਦਾ ਬੰਬ ਮਿਲਿਆ ਹੈ। ਰਾਜਿੰਦਰ ਪਾਰਕ ਵਿੱਚ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਲਈ ਹੈਲੀਪੈਡ ਬਣਾਇਆ ਹੋਇਆ ਹੈ। ਆਮ ਤੌਰ ’ਤੇ ਦੋਵੇਂ ਸੂਬਿਆਂ ਦੇ ਮੁੱਖ ਮੰੰਤਰੀ ਇਸ ਹੈਲੀਪੈਡ ਨੂੰ ਆਮ ਦਿਨਾਂ ਵਾਂਗ ਹੀ ਵਰਤੋਂ ਕਰਦੇ ਹਨ, ਜਿਸ ਕਾਰਨ ਵੀਵੀਆਈਪੀ ਇਲਾਕੇ ਵਿੱਚ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਹੈ।
ਇਸ ਜਿੰਦਾ ਬੰਬ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਜਿੰਦਾ ਬੰਬ ਮਿਲਣ ਦੇ ਚਲਦੇ ਕਿਸੇ ਵੱਡੀ ਸਾਜ਼ਿਸ਼ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਬਾਅਦ ਦੁਪਹਿਰ ਰਾਜਿੰਦਰਾ ਪਾਰਕ ਨਾਲ ਲਗਦੇ ਇੱਕ ਬਾਗ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਵਲੋਂ ਇਸ ਜਿੰਦਾ ਸੈਲ (ਬੰਬ) ਨੂੰ ਸਭ ਤੋਂ ਪਹਿਲਾਂ ਦੇਖਿਆ ਅਤੇ ਇਸ ਨੂੰ ਦੇਖਣ ਤੋਂ ਬਾਅਦ 100 ਨੰਬਰ ’ਤੇ ਫੋਨ ਕਰਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਗਈ।
-
ਸੁਰੱਖਿਆ ਏਜੰਸੀਆਂ ਵਲੋਂ ਜਾਂਚ ਸ਼ੁਰੂ, ਫੌਜੀ ਦਸਤੇ ਵੀ ਮੌਕੇ ’ਤੇ ਪੁੱਜੇ
ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਜਦੋਂ ਚੈਕਿੰਗ ਕੀਤੀ ਗਈ ਤਾਂ ਜਿੰਦਾ ਬੰਬ ਹੋਣ ਕਰਕੇ ਪੁਲਿਸ ਵਲੋਂ ਸੁਰੱਖਿਆ ਅਲਰਟ ਘੋਸ਼ਿਤ ਕੀਤਾ ਗਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਇਸ ਇਲਾਕੇ ਨੂੰ ਘੇਰਦੇ ਹੋਏ ਆਵਾਜਾਈ ਬੰਦ ਕਰ ਦਿੱਤੀ ਗਈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸੇ ਰਾਜਿੰਦਰਾ ਪਾਰਕ ਵਿੱਚ ਬਣੇ ਹੈਲੀਪੈਡ ਤੋਂ ਹੈਲੀਕਾਪਟਰ ਰਾਹੀਂ ਸਫ਼ਰ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਜਿੰਦਾ ਬੰਬ ਦੀ ਘਟਨਾ ਨੂੰ ਸੁਰੱਖਿਆ ਏਜੰਸੀਆਂ ਹਲਕੇ ਵਿੱਚ ਨਹੀਂ ਲੈ ਰਹੀਆਂ ਹਨ ਅਤੇ ਵੱਡੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿੰਦਾ ਬੰਬ ਨੂੰ ਨਕਾਰਾ ਕਰਨ ਲਈ ਪੁਲਿਸ ਵੱਲੋਂ ਚਾਰੇ ਪਾਸੇ ਰੇਤ ਦੀ ਬੋਰਿਆਂ ਨਾਲ ਕਵਰ ਕਰ ਦਿੱਤਾ ਗਿਆ ਅਤੇ ਫੌਜੀ ਦਸਤੇ ਨੂੰ ਵੀ ਸੱਦ ਲਿਆ ਗਿਆ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸੁਰੱਖਿਆ ਵੀ ਵਧਾਈ
ਦੇਰ ਸ਼ਾਮ ਤੱਕ ਇਸ ਜਿੰਦਾ ਬੰਬ ਨੂੰ ਨਕਾਰਾ ਕਰਨ ਦੀ ਕਾਰਵਾਈ ਜਾਰੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸੁਰੱਖਿਆ ਪਹਿਲਾਂ ਨਾਲੋਂ ਜਿਆਦਾ ਸਖ਼ਤ ਕਰ ਦਿੱਤੀ ਗਈ। ਦੋਵੇਂ ਮੁੱਖ ਮੰਤਰੀਆਂ ਦੀ ਰਿਹਾਇਸ਼ ਨੇੜੇ ਪਹਿਲਾਂ ਨਾਲੋਂ ਜਿਆਦਾ ਸਖ਼ਤੀ ਅਤੇ ਚੌਕਸੀ ਨਜ਼ਰ ਆ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ