ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਵਾਪਰਿਆ ਭਿਆਨਕ ਹਾਦਸਾ

Accident

ਆਜੜੀ ਸਮੇਤ 20 ਭੇਡਾਂ ਰੇਲ ਗੱਡੀ ਹੇਠ ਆ ਕੇ ਕੁਚਲੀਆਂ

ਬਠਿੰਡਾ (ਸੁਖਜੀਤ ਮਾਨ)। ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਪੈਂਦੇ ਪਿੰਡ ਕਟਾਰ ਸਿੰਘ ਵਾਲਾ ਕੋਲ ਅੱਜ ਰੇਲ ਗੱਡੀ (Accident) ਹੇਠਾਂ ਆਉਣ ਕਾਰਨ ਕਰੀਬ 20 ਭੇਡਾਂ ਅਤੇ ਭੇਡਾਂ ਦੇ ਮਾਲਕ ਦੀ ਮੌਤ ਹੋ ਗਈ। ਥਾਣਾ ਜੀਆਰਪੀ ਦੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਰਾਜਸਥਾਨ ਦਾ ਰਹਿਣ ਵਾਲਾ ਬਾਬੂ ਰਾਮ (50) ਪੁੱਤਰ ਸੱਤਪਾਲ ਪਿੰਡ ਕਟਾਰ ਸਿੰਘ ਵਾਲਾ ਕੋਲੋਂ ਲੰਘਦੀ ਰੇਲਵੇ ਲਾਈਨ ਨੇੜੇ ਆਪਣੀਆਂ ਭੇਡਾਂ ਚਾਰ ਰਿਹਾ ਸੀ।

ਇਸੇ ਦੌਰਾਨ ਬਾਬੂ ਰਾਮ ਦੇ ਪਿੱਛੇ ਇੱਕ ਕੁੱਤਾ ਪੈ ਗਿਆ ਕੁੱਤੇ ਤੋਂ ਬਚਣ ਲਈ ਉਹ ਰੇਲਵੇ ਲਾਈਨਾਂ ਵੱਲ ਭੱਜ ਗਿਆ। ਉਸਨੂੰ ਭੱਜਦਾ ਦੇਖ ਕੇ ਉਸਦੀਆਂ ਸਾਰੀਆਂ ਭੇਡਾਂ ਵੀ ਉਸ ਪਿੱਛੇ ਰੇਲਵੇ ਲਾਈਨਾਂ ’ਤੇ ਭੱਜ ਪਈਆਂ। ਇਸੇ ਦੌਰਾਨ ਪਿੱਛੇ ਤੋਂ ਆਈ ਇੱਕ ਤੇਜ ਰਫ਼ਤਾਰ ਰੇਲ ਗੱਡੀ ਨੇ ਸਾਰੀਆਂ ਭੇਡਾਂ ਨੂੰ ਕੁਚਲ ਦਿੱਤਾ ਅਤੇ ਬਾਬੂ ਰਾਮ ਨੂੰ ਉਛਾਲ ਕੇ ਦੂਰ ਸੁੱਟ ਦਿੱਤਾ ਜਿਸ ਦੀ ਮੌਕੇ ’ਤੇ ਮੌਤ ਹੋ ਗਈ।

ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਵਿੱਕੀ ਕੁਮਾਰ ਤੋਂ ਇਲਾਵਾ ਥਾਣਾ ਜੀਆਰਪੀ ਦੀ ਪੁਲਿਸ ਮੌਕੇ ’ਤੇ ਪੁੱਜੀ। ਸਹਾਰਾ ਵਰਕਰਾਂ ਨੇ ਪੁਲਿਸ ਦੀ ਹਾਜ਼ਰੀ ’ਚ ਮ੍ਰਿਤਕ ਦੀ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ’ਚ ਪਹੁੰਚਾਇਆ। ਸਹਾਰਾ ਵਰਕਰਾਂ ਅਨੁਸਾਰ ਹਾਦਸੇ ’ਚ 20 ਭੇਡਾਂ ਵੀ ਰੇਲ ਗੱਡੀ ਹੇਠਾਂ ਆ ਕੇ ਕੁਚਲੀਆਂ ਗਈਆਂ ਹਨ। ਥਾਣਾ ਜੀਆਰਪੀ ਬਠਿੰਡਾ ਵੱਲੋਂ ਇਸ ਹਾਦਸੇ ਸਬੰਧੀ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ