196 ਗੱਡੀਆਂ ਲੈਣਗੇ ਕਿਰਾਏ ’ਤੇ, 62 ਲੱਖ ਮਹੀਨਾ ਹੋਏਗਾ ਕਿਰਾਇਆ
- ਸਿਹਤ ਵਿਭਾਗ ਵੱਲੋਂ ਲਗਜ਼ਰੀ ਗੱਡੀਆਂ ਕਿਰਾਏ ’ਤੇ ਲੈਣ ਲਈ ਜਾਰੀ ਕੀਤਾ ਟੈਂਡਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਭਰ ’ਚ ਸਿਹਤ ਵਿਭਾਗ ਦੇ ਅਧਿਕਾਰੀ ਹੁਣ ਲਗਜ਼ਰੀ ਗੱਡੀਆਂ ’ਚ ਘੁੰਮਣਗੇ। ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਲਈ ਲਗਜ਼ਰੀ ਗੱਡੀਆਂ (Luxury Cars) ਦਾ ਨਾ ਸਿਰਫ਼ ਇੰਤਜ਼ਾਮ ਕਰ ਰਹੀ ਹੈ, ਸਗੋਂ ਲਗਜ਼ਰੀ ਗੱਡੀਆਂ ਦੀ ਕੈਟਾਗਿਰੀ ਤੱਕ ਤੈਅ ਕਰ ਦਿੱਤੀ ਗਈ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਤੋਂ ਲੈ ਕੇ ਚੰਡੀਗੜ੍ਹ ਹੈੱਡ ਕੁਆਟਰ ਦੇ ਅਧਿਕਾਰੀਆਂ ਨੂੰ ਵੀ ਇਹ ਲਗਜ਼ਰੀ ਗੱਡੀਆਂ ’ਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਆਪਣੇ ਅਧਿਕਾਰੀਆਂ ਲਈ 196 ਗੱਡੀਆਂ ਨੂੰ ਕਿਰਾਏ ’ਤੇ ਲਿਆ ਜਾ ਰਿਹਾ ਹੈ, ਜਿਸ ਲਈ ਹਰ ਮਹੀਨੇ 62 ਲੱਖ ਰੁਪਏ ਤੱਕ ਘੱਟ ਤੋਂ ਘੱਟ ਅਦਾਇਗੀ ਕੀਤੀ ਜਾਏਗੀ, ਜਦੋਂ ਕਿ ਜ਼ਿਆਦਾ ਗੱਡੀ ਚਲਾਏ ਜਾਣ ’ਤੇ ਇਹ ਬਿੱਲ ਇੱਕ ਕਰੋੜ ਰੁਪਏ ਪ੍ਰਤੀ ਮਹੀਨਾ ਤੱਕ ਵੀ ਪੁੱਜ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਚੱਲ ਰਿਹਾ ਧਰਨਾ ਕੱਲ੍ਹ ਹੋ ਜਾਵੇਗਾ ਖਤਮ
-
16 ਜ਼ਿਲ੍ਹਿਆਂ ਲਈ 170 ਅਤੇ ਚੰਡੀਗੜ ਹੈੱਡਕੁਆਟਰ ਲਈ 26 ਲਗਜ਼ਰੀ ਗੱਡੀਆਂ ਲਈਆਂ ਜਾਣਗੀਆਂ ਕਿਰਾਏ ’ਤੇ
ਇਸ ਲਈ ਬਕਾਇਦਾ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਟੈਂਡਰ ’ਚ ਦੱਸਿਆ ਗਿਆ ਹੈ ਕਿ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਤਹਿਤ ਵਿਭਾਗ ਦੇ ਕਰਮਚਾਰੀਆਂ ਨੂੰ ਪੰਜਾਬ ਭਰ ਦੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕਰਨਾ ਪੈਂਦਾ ਹੈ। ਇਸ ਲਈ ਮੋਬਾਇਲ ਮੈਡੀਕਲ ਟੀਮ ਲਈ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ ਲਗਜ਼ਰੀ ਗੱਡੀਆਂ ਲੋੜ ਕਾਫ਼ੀ ਜਿਆਦਾ ਮਹਿਸੂਸ ਹੋ ਰਹੀ ਹੈ। ਇਸ ਲਈ ਪੰਜਾਬ 16 ਜ਼ਿਲਿਆਂ ਸਣੇ ਚੰਡੀਗੜ੍ਹ ਸਥਿਤ ਹੈੱਡਕੁਆਟਰ ਲਈ 196 ਲਗਜ਼ਰੀ ਗੱਡੀਆਂ ਨੂੰ ਕਿਰਾਏ ’ਤੇ ਲਿਆ ਜਾਣਾ ਹੈ।
ਇਸ 196 ਲਗਜ਼ਰੀ ਗੱਡੀਆਂ ਦੀ ਸੂਚੀ ’ਚ ਪੰਜਾਬ ਦੇ ਜ਼ਿਲ੍ਹਿਆਂ ਲਈ 170 ਤੇ ਚੰਡੀਗੜ੍ਹ ਹੈੱਡਕੁਆਟਰ ਲਈ 26 ਲਗਜ਼ਰੀ ਗੱਡੀਆਂ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ 1 ਇਨੋਵਾ ਕਿ੍ਰਸਟਾ ਗੱਡੀ ਕਿਰਾਏ ’ਤੇ ਲਈ ਜਾਏਗੀ, ਜਿਸ ਲਈ 2 ਹਜ਼ਾਰ ਕਿਲੋਮੀਟਰ ਤੱਕ ਘੱਟ ਤੋਂ ਘੱਟ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾਇਗੀ ਕੀਤੀ ਜਾਏਗੀ। ਜਦੋਂ ਕਿ ਇਸ ਤੋਂ ਜ਼ਿਆਦਾ ਇਨੋਵਾ ਕਿ੍ਰਸਟਾ ਗੱਡੀ ਚਲਣ ’ਤੇ ਪ੍ਰਤੀ ਕਿਲੋਮੀਟਰ 14 ਰੁਪਏ ਅਦਾਇਗੀ ਵੱਖਰੇ ਤੌਰ ’ਤੇ ਕੀਤੀ ਜਾਏਗੀ।
40 ਲਗਜ਼ਰੀ ਗੱਡੀਆਂ ਨੂੰ 2 ਹਜ਼ਾਰ ਕਿਲੋਮੀਟਰ ਪ੍ਰਤੀ ਮਹੀਨੇ ਕਿਰਾਏ ’ਤੇ ਲਿਆ ਜਾਏਗਾ
ਬਾਕੀ ਰਹਿੰਦੀ 195 ਲਗਜ਼ਰੀ ਗੱਡੀਆਂ ਘੱਟ ਤੋਂ ਘੱਟ 5 ਤੋਂ ਲੈ ਕੇ 8 ਲੱਖ ਰੁਪਏ ਤੱਕ ਐਕਸ ਸੋਅ ਰੂਮ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ’ਚ 40 ਲਗਜ਼ਰੀ ਗੱਡੀਆਂ ਨੂੰ 2 ਹਜ਼ਾਰ ਕਿਲੋਮੀਟਰ ਪ੍ਰਤੀ ਮਹੀਨੇ ਕਿਰਾਏ ’ਤੇ ਲਿਆ ਜਾਏਗਾ, ਜਿਸ ਲਈ ਪ੍ਰਤੀ ਗੱਡੀ 33 ਹਜ਼ਾਰ ਤੇ 40 ਗੱਡੀਆਂ ਲਈ 13 ਲੱਖ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾਇਗੀ ਕੀਤੀ ਜਾਏਗੀ। ਇਨ੍ਹਾਂ 40 ’ਚੋਂ ਵੀ 25 ਗੱਡੀਆਂ ਚੰਡੀਗੜ੍ਹ ਹੈੱਡਕੁਆਟਰ ’ਤੇ ਹੀ ਰਹਿਣਗੀਆਂ, ਜਦੋਂ ਕਿ ਬਾਕੀ ਰਹਿੰਦੀਆਂ 16 ਲਗਜ਼ਰੀ ਗੱਡੀਆਂ ਨੂੰ ਜ਼ਿਲ੍ਹੇ ਦੇ ਸਿਵਲ ਸਰਜਨ ਤੇ ਉੱਚ ਅਧਿਕਾਰੀਆਂ ਲਈ ਵਰਤੋਂ ’ਚ ਲਿਆਂਦਾ ਜਾਏਗਾ।
ਇਨ੍ਹਾਂ ਤੋਂ ਇਲਾਵਾ 154 ਲਗਜ਼ਰੀ ਗੱਡੀਆਂ ਨੂੰ 1500 ਕਿਲੋਮੀਟਰ ਤੱਕ ਸਫ਼ਰ ਲਈ ਕਿਰਾਏ ’ਤੇ ਲਿਆ ਜਾਏਗਾ। ਇਸ ਲਈ 30 ਹਜ਼ਾਰ 500 ਰੁਪਏ ਪ੍ਰਤੀ ਗੱਡੀ ਹਰ ਮਹੀਨੇ ਦੇ ਹਿਸਾਬ ਨਾਲ 47 ਲੱਖ 27 ਹਜ਼ਾਰ 500 ਰੁਪਏ ਦੀ ਅਦਾਇਗੀ ਕੀਤੀ ਜਾਏਗੀ, ਜਦੋਂ ਕਿ 1500 ਕਿਲੋਮੀਟਰ ਤੋਂ ਜਿਆਦਾ ਗੱਡੀ ਚੱਲਣ ’ਤੇ 10 ਰੁਪਏ ਪ੍ਰਤੀ ਕਿਲੋਮੀਟਰ ਦੀ ਵੱਖਰੀ ਅਦਾਇਗੀ ਕੀਤੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ