ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਚੱਲਦੇ ਹੀ ਰਹਿਣਾ ਹੈ, ਹਾਂ ਆਪਾਂ ਨੂੰ ਸਮੇਂ ਤੇ ਹਾਲਾਤਾਂ ਨਾਲ ਬਦਲਣਾ ਪੈਂਦਾ ਹੈ ਅਤੇ ਬਦਲ ਵੀ ਰਹੇ ਹਾਂ। ਇਹ ਕੁਦਰਤ ਦਾ ਨੇਮ ਵੀ ਹੈ ਕਿ ਜੋ ਕੱਲ੍ਹ ਸੀ ਉਹ ਅੱਜ ਕਿਧਰੇ ਵੀ ਨਹੀਂ ਦਿਸਦਾ ਤੇ ਜੋ ਕੁੱਝ ਆਪਾਂ ਅੱਜ ਦੇਖ ਰਹੇ ਹਾਂ ਇਹ ਵੀ ਨਿਸ਼ਚਿਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਹੀਂ ਰਹਿਣਾ।
ਸਾਡੇ ਪੁਰਖਿਆਂ ਵੇਲੇ ਕਹਿ ਲਈਏ ਜਾਂ ਵੱਡ-ਵਡੇਰਿਆਂ ਵੇਲੇ ਜੋ ਪਿੰਡਾਂ ਵਿੱਚ ਕਹਿਣ ਨੂੰ ਬੇਸ਼ੱਕ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਸਨ, ਪਰ ਉਨ੍ਹਾਂ ’ਚੋਂ ਮਿਲ ਸਭ ਕੁੱਝ ਹੀ ਜਾਂਦਾ ਸੀ, ਜੋ ਹੁਣ ਵੱਖ-ਵੱਖ ਦੁਕਾਨਾਂ ਤੋਂ ਖਰੀਦਣਾ ਪੈਂਦਾ ਹੈ। ਲੂਣ, ਤੇਲ, ਮਿਰਚ, ਮਸਾਲਾ ਭਾਵ ਰਸੋਈ ਦੇ ਸਾਮਾਨ ਦੇ ਨਾਲ-ਨਾਲ ਬਹੁਕਰ, ਝਾੜੂ, ਮਿੱਟੀ ਦਾ ਤੇਲ, ਸਰੋ੍ਹਂ ਦਾ ਤੇਲ (ਖੁਲ੍ਹੇ) ਹੁਣ ਵਾਂਗ ਬੋਤਲ ਬੰਦ ਨਹੀਂ ਸਗੋਂ ਪਲੀ ਦੇ ਨਾਲ ਸਰੋਂ੍ਹ ਦਾ ਤੇਲ ਤੇ ਪਲੀ ਦੇ ਨਾਲ ਹੀ ਮਿੱਟੀ ਦਾ ਤੇਲ ਮਿਲ ਜਾਂਦਾ ਸੀ। ਮੱਝਾਂ ਗਾਵਾਂ ਦੇ ਸੰਗਲ, ਖੁਰਪੇ, ਮਿਸਤਰੀ ਦੇ ਵਰਤਣ ਵਾਲਾ ਸਾਮਾਨ, ਸਾਰੇ ਰੰਗਾਂ ਦੀਆਂ ਰੀਲ੍ਹਾਂ, ਹਰ ਕਿਸਮ ਦਾ ਰੰਗ, ਡੋਰ, ਪਤੰਗ ਦੀ ਡੋਰ, ਚਰਖੜੀ, ਖੁੱਲ੍ਹਾ ਕਣਕ ਮੱਕੀ ਦਾ ਆਟਾ, ਵੇਸਣ ਗੱਲ ਕੀ ਹਰ ਉਹ ਸਾਮਾਨ ਪਿੰਡਾਂ ’ਚੋਂ ਮਿਲਦਾ ਰਿਹਾ ਹੈ ਜੋ ਅਜੋਕੇ ਸਮਿਆਂ ਵਿੱਚ ਵੱਖ-ਵੱਖ ਦੁਕਾਨਾਂ ਤੋਂ ਮਿਲਦਾ ਹੈ
ਹੋਰ ਤਾਂ ਹੋਰ ਉਨ੍ਹਾਂ ਸਮਿਆਂ ਵਿੱਚ ਕਿਸਮਤ ਪੁੜੀਆਂ ਵੀ ਹਰ ਪਿੰਡ ਦੀ ਦੁਕਾਨ ਵਿੱਚ ਕਲੰਡਰਾਂ ਦੇ ਰੂਪ ਵਿੱਚ ਟੰਗੀਆਂ ਹੁੰਦੀਆਂ ਸਨ, ਜਿੱਥੋਂ ਅਸੀਂ ਆਪਣੀ ਮਨਪਸੰਦ ਦੀਆਂ ਕਿਸਮਤ ਪੁੜੀਆਂ ਪੁੱਟਦੇ ਰਹੇ ਹਾਂ ਤੇ ਆਪਣੀ ਕਿਸਮਤ ਅਜ਼ਮਾਉਂਦੇ ਰਹੇ ਹਾਂ।
ਉਦਾਹਰਟ ਦੇ ਤੌਰ ’ਤੇ ਹੁਣ ਕਿਸੇ ਕਰਿਆਣੇ ਦੀ ਦੁਕਾਨ ਤੋਂ ਮੱਝ ਦਾ ਸੰਗਲ, ਮੰਜੇ ਦੀ ਪੈਂਦ, ਚੂਹੇ ਫੜਨ ਵਾਲੀ ਕੁੜਿੱਕੀ ਨਹੀਂ ਮਿਲਦੀ ਸਗੋਂ ਉਹ ਦੁਕਾਨ ਹੀ ਅਲੱਗ ਹੁੰਦੀ ਹੈ, ਪਰ ਪੁਰਾਤਨ ਸਮਿਆਂ ਵਿੱਚ ਉਪਰੋਕਤ ਸਾਰਾ ਸਾਮਾਨ ਪੇਂਡੂ ਖਿੱਤਿਆਂ ਦੀਆਂ ਆਮ ਦੁਕਾਨਾਂ ਤੋਂ ਮਿਲਦਾ ਰਿਹਾ ਹੈ। ਸੱਭ ਤੋਂ ਵੱਡੀ ਗੱਲ ਕਿ ਹਰ ਇੱਕ ਚੀਜ ਲੈਣ ਤੋਂ ਬਾਅਦ ਜੋ ‘ਰੂੰਗਾ’ ਮਿਲਦਾ ਸੀ ਉਹ ਅੱਜ-ਕੱਲ੍ਹ ਦੇ ਅਗਾਂਹਵਧੂ ਜ਼ਮਾਨੇ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਜਾਂ ਵੱਡੇ-ਵੱਡੇ ਮਾਲਾਂ ਵਿੱਚੋਂ ਨਹੀਂ ਮਿਲਦਾ। ਮਿਲਦਾ ਕੀ ਸਾਡੀ ਅਜੋਕੀ ਪੀੜ੍ਹੀ ਰੂੰਗਾ ਜਾਣਦੀ ਹੀ ਨਹੀਂ ਕਿ ਰੂੰਗਾ ਕਹਿੰਦੇ ਕੀਹਨੂੰ ਹਨ? ਉਦੋਂ ਅਸੀਂ ਥੋੜ੍ਹਾ-ਥੋੜ੍ਹਾ ਸਾਮਾਨ ਦੁਕਾਨ ਤੋਂ ਲੈਣ ਜਾਂਦੇ ਸਾਂ ਭੱਜ-ਭੱਜ ਕੇ, ਸਿਰਫ ਵਾਰ-ਵਾਰ ਰੂੰਗਾ ਲੈਣ ਲਈ।
ਇਹ ਰੂੰਗਾ ਸੀ ਕਿ, ਸੌਦਾ ਲੈਣ ਤੋਂ ਬਾਅਦ ਦੁਕਾਨਦਾਰ ਨੂੰ ਕਹਿਣਾ ਕਿ ਲਿਆ ਰੂੰਗਾ ਦੇ ਤਾਂ ਉਹਨੇ ਜੁਆਕਾਂ ਦੇ ਹੱਥ ’ਤੇ ਖਿੱਲਾਂ ਫੁੱਲੀਆਂ ਪਤਾਸੇ ਜਾਂ ਮਿੱਠੀਆਂ ਦੋ ਗੋਲੀਆਂ ਦੇ ਦੇਣੀਆਂ, ਇਸ ਨਾਲ ਦੁਕਾਨਦਾਰ ਦੀ ਵਿਕਰੀ ਵੀ ਵਧਦੀ ਸੀ, ਕਿਉਂਕਿ ਜਿਹੜਾ ਦੁਕਾਨਦਾਰ ਜ਼ਿਆਦਾ ਰੂੰਗਾ ਦਿੰਦਾ ਸੀ ਅਸੀਂ ਸਾਮਾਨ ਵੀ ਉੱਥੋਂ ਹੀ ਲਿਆਉਂਦੇ ਸਾਂ, ਸੱਚੀਂ-ਮੁੱਚੀਂ ਜਿੰਨਾ ਪਿਆਰ ਸਤਿਕਾਰ ਇਨ੍ਹਾਂ ਛੋਟੀਆਂ ਪੇਂਡੂ ਦੁਕਾਨਾਂ ਤੋਂ ਮਿਲਦਾ ਰਿਹਾ ਹੈ ਓਨਾ ਅਜੋਕੇ ਸਮੇਂ ਵਿੱਚ ਬਣੇ ਅਸਮਾਨ ਛੂੰਹਦੇ ਮਾਲਾਂ ਵਿੱਚੋਂ ਨਹੀਂ ਮਿਲਦਾ ਇਸੇ ਕਰਕੇ ਹੀ ਉਨ੍ਹਾਂ ਸਮਿਆਂ ਦੀਆਂ ਪੇਂਡੂ ਖਿੱਤਿਆਂ ਦੀਆਂ ਦੁਕਾਨਾਂ ਨੂੰ ਸੰਪੂਰਨ ਦੁਕਾਨ ਕਿਹਾ ਜਾਂਦਾ ਰਿਹਾ ਹੈ।
ਪਰ ਹੁਣ ਹੋਰ ਹੀ ਗੁੱਡੀਆਂ ਤੇ ਹੋਰ ਹੀ ਪਟੋਲੇ ਹੋ ਗਏ ਨੇ। ਸਮੇਂ ਨਾਲ ਉਹ ਦੁਕਾਨਾਂ ਨੇ ਪਿੰਡਾਂ ਵਿੱਚ ਵੀ ਆਪਣਾ ਰੂਪ ਬਦਲ ਕੇ ਮਾਲ ਦਾ ਰੂਪ ਅਖਤਿਆਰ ਕਰ ਲਿਆ ਹੈ, ਭਾਵ ਵੱਡੇ-ਵੱਡੇ ਏ ਸੀ ਅਤੇ ਸ਼ੀਸ਼ੇ ਲਾ ਕੇ ਬੰਦ ਦੁਕਾਨਾਂ ਬਣ ਗਈਆਂ ਹਨ, ਤੇ ਸ਼ਹਿਰਾਂ ਦੀ ਤਾਂ ਗੱਲ ਈ ਛੱਡੋ। ਪਰ ਹੁਣ ਇਨ੍ਹਾਂ ਏ ਸੀ ਵਾਲੇ ਵੱਡੇ ਮਾਲਾਂ ਵਿੱਚ ਰੂੰਗਾ ਕਿਤੋਂ ਵੀ ਨਹੀਂ ਮਿਲਦਾ, ਤੇ ਆਮ ਦਿਹਾੜੀਦਾਰ ਬੰਦਾ ਇਨ੍ਹਾਂ ਮਹਿੰਗੇ ਏ ਸੀ ਮਾਲਾਂ ਭਾਵ ਦੁਕਾਨਾਂ ਅੰਦਰ ਜਾਣ ਤੋਂ ਕੰਨੀ ਕਤਰਾਉਂਦਾ ਹੈ, ਕਿਉਂਕਿ ਅੰਤਾਂ ਦੀ ਮਹਿੰਗਾਈ ਨੇ ਗਰੀਬ ਵਿਅਕਤੀ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਸੋ ਦੋਸਤੋ, ਇਹ ਸਾਡਾ ਅਨਿੱਖੜਵਾਂ ਵਿਰਸਾ ਰਿਹਾ ਹੈ ਤੇ ਇਹਦਾ ਅਨੰਦ ਵੀ ਮਾਣਦੇ ਰਹੇ ਹਾਂ, ਪਰ ਹੁਣ ਇਹ ਦੁਕਾਨਾਂ ਸੁਪਨਾ ਹੋ ਗਈਆਂ ਹਨ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ