ਸਕੂਲਾਂ ’ਚ ਚੱਲੇਗੀ ਨਸ਼ੇ ਖ਼ਿਲਾਫ਼ ਮੁਹਿੰਮ, ਸਿਲੇਬਸ ’ਚ ਪੜ੍ਹਾਇਆ ਜਾਵੇਗਾ ਨਸ਼ਿਆਂ ਦੇ ਨੁਕਸਾਨ ਬਾਰੇ

ਪੰਜਾਬ ਦੇ ਹਰ ਸਕੂਲ ਵਿੱਚ 6ਵੀ ਤੋਂ 12ਵੀ ਤੱਕ ਨਸ਼ੇ ਖ਼ਿਲਾਫ਼ ਕਰਵਾਈ ਜਾਏਗੀ ਪੜਾਈ

  • ਨਸ਼ੇ ਦੇ ਦੋਸ਼ਾਂ ਤੋਂ ਲੈ ਕੇ ਮੌਤ ਤੱਕ ਦਾ ਕੀਤਾ ਜਾਏਗਾ ਜਿਕਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਨਸ਼ਾ ਜਿੰਦਗੀ ਲਈ ਕਿੰਨਾ ਗੰਭੀਰ ਹੋ ਸਕਦਾ ਹੈ ਅਤੇ ਨਸ਼ੇ ਦੇ ਚੱਲਦੇ ਮੌਤ ਤੱਕ ਹੋ ਸਕਦੀ ਹੈ। ਇਹ ਹੁਣ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈ ਦਾ ਹਿੱਸਾ ਹੋਵੇਗਾ ਅਤੇ ਇਸ ਨੂੰ ਬਕਾਇਦਾ ਸਿਲੇਬਸ ਦੇ ਤੌਰ ’ਤੇ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ 6ਵੀ ਤੋਂ 12ਵੀ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਤੋਂ ਬਾਅਦ ਇਹ ਪਾਠ ਪੜ੍ਹਾਇਆ ਜਾਏਗਾ ਤਾਂ ਕਿ ਨੌਜਵਾਨਾਂ ਨੂੰ ਹੀ ਨਸ਼ੇ ਖ਼ਿਲਾਫ਼ ਜਾਗਰੂਕ ਕਰਦੇ ਹੋਏ ਇਸ ਦਾ ਖ਼ਾਤਮਾ ਕੀਤਾ ਜਾ ਸਕੇ। (Anti Drug Campaign)

ਪੰਜਾਬ ਦੇ ਪਿੰਡਾਂ ਦੇ ਪਿੰਡ ਨਸ਼ੇ ਦੀ ਚਪੇਟ

ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਹ ਪੜਾਈ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਵੀ ਹੋ ਜਾਏਗੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਪਿਛਲੇ ਕਾਫ਼ੀ ਸਾਲਾਂ ਤੋਂ ਹੀ ਪਰੇਸ਼ਾਨੀ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਪਿੰਡਾਂ ਦੇ ਪਿੰਡ ਨਸ਼ੇ ਦੀ ਚਪੇਟ ਵਿੱਚ ਆ ਰਹੇ ਹਨ ਤਾਂ ਇਸ ਵਿੱਚ ਸਭ ਤੋਂ ਜਿਆਦਾ ਨੌਜਵਾਨ ਹੀ ਫਸ ਰਿਹਾ ਹੈ। ਬਹੁਤੇ ਪਿੰਡਾਂ ਵਿੱਚ ਤਾਂ ਨੌਜਵਾਨਾਂ ਦੀ ਇਸ ਨਸ਼ੇ ਦੀ ਓਵਰਡੋਜ਼ ਨਾਲ ਮੌਤ ਤੱਕ ਹੋ ਰਹੀ ਹੈ। ਪੰਜਾਬ ਸਰਕਾਰ ਦੇ ਹਰ ਵਿੰਗ ਵੱਲੋਂ ਕਾਫ਼ੀ ਜਿਆਦਾ ਸਖ਼ਤੀ ਕਰਨ ਤੋਂ ਬਾਅਦ ਵੀ ਨਸ਼ਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। (Anti Drug Campaign)

ਇਸ ਲਈ ਪੰਜਾਬ ਸਰਕਾਰ ਨੇ ਨਸ਼ੇ ਖ਼ਿਲਾਫ਼ ਪੁਲਿਸ ਕਾਰਵਾਈ ਚਲਾਉਣ ਦੇ ਨਾਲ ਹੀ ਇਸ ਸਬੰਧੀ ਸਮਾਜਿਕ ਤੌਰ ’ਤੇ ਵੀ ਜਾਗਰੂਕ ਕਰਨ ਦਾ ਫੈਸਲਾ ਲਿਆ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਅਭਿਆਨ ਦੇ ਨਾਲ ਨਾਲ ਸਕੂਲਾਂ ਵਿੱਚ ਵੀ ਨਸ਼ੇ ਦੇ ਖ਼ਿਲਾਫ਼ ਪਾਠ ਪੜਾਇਆ ਜਾਏਗਾ। ਸਕੂਲਾਂ ਵਿੱਚ ਨਸ਼ੇ ਨਾਲ ਹੋਣ ਵਾਲੇ ਨੁਕਸਾਨ ਅਤੇ ਕਾਨੂੰਨ ਅਨੁਸਾਰ ਹੋਣ ਵਾਲੀ ਕਾਰਵਾਈ ਦਾ ਪਾਠ ਪੜ੍ਹਾਏ ਜਾਣ ਦੇ ਨਾਲ ਹੀ ਇਸ ਨੂੰ ਪੱਕੇ ਤੌਰ ’ਤੇ ਸਿਲੇਬਸ ਵਿੱਚ ਹੀ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਸਕੂਲ ਇਸ ਪਾਠ ਨੂੰ ਅਧੂਰਾ ਨਾ ਛੱਡ ਦੇਵੇ ਅਤੇ ਨੌਜਵਾਨਾਂ ਨੂੰ ਇਸ ਪ੍ਰਤੀ ਸਿੱਖਿਆ ਦੇਣ ਦੇ ਨਾਲ ਹੀ ਉਨਾਂ ਨੂੰ ਜਾਣਕਾਰੀ ਦੇਵੇ ਕਿ ਉਨਾਂ ਦੀ ਜਵਾਨੀ ਦੇ ਨਾਲ ਹੀ ਜਿੰਦਗੀ ਇਹ ਨਸ਼ਾ ਖ਼ਰਾਬ ਕਰ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ