ਕਾਂਗਰਸ ਨੂੰ ਹਜ਼ਮ ਨਹੀਂ ਹੋ ਰਿਹਾ ਕਿਸੇ ਆਦਿਵਾਸੀ ਦਾ ਰਾਸ਼ਟਰਪਤੀ ਦੇ ਅਹੁਦੇ ’ਤੇ ਬੈਠਣਾ : ਹਰਿੰਦਰ ਕੋਹਲੀ
(ਖਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਖਿਲਾਫ਼ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੀ ਗਈ ਵਿਵਾਦਤ ਟਿੱਪਣੀ ਖਿਲਾਫ਼ ਭਾਜਪਾ ਵਰਕਰਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪੁੱਜ ਗਿਆ ਹੈ ਅਤੇ ਇਸ ਕਾਰਨ ਭਾਜਪਾ ਵਰਕਰ ਸੜਕਾਂ ‘ਤੇ ਉਤਰ ਕੇ ਕਾਂਗਰਸ ਦੇ ਖਿਲਾਫ ਪ੍ਰਦਰਸਨ ਕਰ ਰਹੇ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਦੇ ਸੱਦੇ ਤੇ ਪੰਜਾਬ ਭਰ ਦੇ ਭਾਜਪਾ ਵਰਕਰਾਂ ਨੇ ਵੀ ਰੋਸ ਪ੍ਰਦਰਸਨ ਕੀਤਾ।
ਇਸੇ ਤਹਿਤ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਅਨਾਰਦਾਣਾ ਚੌਂਕ ਪਟਿਆਲਾ ਵਿਖੇ ਕਾਂਗਰਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਰੋਸ-ਪ੍ਰਦਰਸ਼ਨ ਕੀਤਾ। ਇਸ ਮੌਕੇ ਹਰਿੰਦਰ ਕੋਹਲੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਸਮੇਤ ਸਾਰੇ ਕਾਂਗਰਸੀ ਆਗੂ ਨੂੰ ਕਿਸੇ ਨਿਮਨ ਵਰਗ ਨਾਲ ਸਬੰਧਿਤ ਆਦਿਵਾਸੀ ਔਰਤ ਦਾ ਭਾਰਤ ਦਾ ਰਾਸ਼ਟਰਪਤੀ ਬਣਨਾ ਹਜਮ ਨਹੀਂ ਹੋ ਰਿਹਾ। ਇੰਨਾ ਹੀ ਨਹੀਂ ਦੇਸ਼ ਦੇ ਹਰ ਸੂਬੇ ‘ਚ ਮਿਲ ਰਹੀ ਹਾਰ ਤੋਂ ਵੀ ਕਾਂਗਰਸ ਬਹੁਤ ਪਰੇਸਾਨ ਹੈ। ਕਿਉਂਕਿ ਪਰਿਵਾਰਵਾਦ ਕਾਰਨ ਸੱਤਾ ਦੀ ਕਮਾਨ ਕਾਂਗਰਸ ਹਾਈਕਮਾਂਡ ਦੇ ਹੱਥੋਂ ਨਿਕਲ ਚੁੱਕੀ ਹੈ ਅਤੇ ਹੁਣ ਇਸ ਦੇ ਕਈ ਦਿੱਗਜ ਆਗੂ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸਾਮਲ ਹੋ ਰਹੇ ਹਨ।
ਅਧੀਰ ਰੰਜਨ ਚੌਧਰੀ ਖਿਲਾਫ ਹੋਵੇ ਸਖਤ ਕਾਰਵਾਈ
ਹਰਿੰਦਰ ਕੋਹਲੀ ਨੇ ਕਿਹਾ ਕਿ ਅਧੀਰ ਰੰਜਨ ਚੌਧਰੀ ਵਰਗੇ ਨੇਤਾਵਾਂ ਨੂੰ ਸੰਸਦ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਜੋ ਲੋਕ ਭਾਰਤ ਦੇ ਪਹਿਲੇ ਵਿਅਕਤੀ ਦਾ ਸਨਮਾਨ ਨਹੀਂ ਕਰ ਸਕਦੇ, ਉਹ ਕਿਸੇ ਹੋਰ ਦਾ ਆਦਰ-ਸਤਿਕਾਰ ਕਿਵੇਂ ਕਰਨਗੇ? ਭਾਰਤ ਦੇ ਪਹਿਲੇ ਨਾਗਰਿਕ ਖਿਲਾਫ ਅਜਿਹੀ ਭੱਦੀ ਟਿੱਪਣੀ ਕਰਨ ਵਾਲੇ ਚੌਧਰੀ ਖਿਲਾਫ ਭਾਰਤੀ ਸੰਵਿਧਾਨ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਜੇ ਤੱਕ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਖਿਲਾਫ ਅਜਿਹੀ ਅਸਲੀਲ ਟਿੱਪਣੀ ਕਰਨ ਵਾਲੇ ਰੰਜਨ ਚੌਧਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤਾ ਜਾਣਾ ਕਾਂਗਰਸ ਦੀ ਦਲਿਤ, ਆਦਿਵਾਸੀ ਅਤੇ ਔਰਤ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਰਾਸਟਰਪਤੀ ਦਾ ਅਪਮਾਨ ਦੇਸ਼ ਦਾ ਅਤੇ 140 ਕਰੋੜ ਦੇਸ਼ ਵਾਸੀਆਂ ਦਾ ਅਪਮਾਨ ਹੈ, ਇਸ ਲਈ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਅਤੇ ਅਧੀਰ ਰੰਜਨ ਨੂੰ ਲਿਖਤੀ ਰੂਪ ’ਚ ਆਪਣੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਐਸ ਕੇ ਦੇਵ, ਵਰੁਣ ਜਿੰਦਲ, ਪ੍ਰੇਮ ਸਰਮਾ, ਵਰਿੰਦਰ ਬਤਰਾ, ਪੰਕਜ ਕੋਹਲੀ, ਅਜੇ ਥਾਪਰ, ਰਮੇਸ ਵਰਮਾ, ਸੁਰੇਸਵਰ ਪੰਡਿਤ, ਵਿਕਰਮ ਭੱਲਾ, ਬਲਵਿੰਦਰ ਸਿੰਘ, ਸਤਨਾਮ ਸਿੰਘ ਵਿਰਕ, ਪਰਦੀਪ ਸਰਮਾ, ਰਮੇਸ ਵਰਮਾ ਆਦਿ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ