ਬਦਲੇਗਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦਾ ਮੁੰਹ ਮੁਹਾਂਦਰਾ
(ਰਜਨੀਸ਼ ਰਵੀ) ਫਾਜਿ਼ਲਕਾ। ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਜਲਦ ਹੀ ਠੋਸ ਅਤੇ ਤਰਲ ਕਚਰੇ ਤੋਂ ਮੁਕਤ ਹੋਣਗੇ। ਇਸ ਲਈ ਸਰਕਾਰ ਵੱਲੋਂ 9.83 ਕਰੋੜ ਰੁਪਏ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰਾਹੀਂ ਪੰਚਾਇਤੀ ਰਾਜ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਇਸ ਰਕਮ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨਾਲ ਜ਼ੋੜ ਕੇ ਪਿੰਡਾਂ ਵਿਚ ਠੋਸ ਕਚਰੇ ਅਤੇ ਗੰਦੇ ਪਾਣੀ ਦੇ ਪ੍ਰਬੰਧ ਲਈ ਪ੍ਰੋਜ਼ੈਕਟ ਤਿਆਰ ਕਰਨਗੇ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਜਿਲ੍ਹੇ ਦੇ 434 ਪਿੰਡਾਂ ਨੂੰ 3.33 ਕਰੋੜ ਰੁਪਏ ਦੀ ਗ੍ਰਾਂਟ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੰਚਾਇਤੀ ਰਾਜ ਵਿਭਾਗ ਦੇ ਮਾਰਫ਼ਤ ਦਿੱਤੀ ਗਈ ਹੈ। ਇਸ ਨਾਲ ਠੋਸ ਕਚਰੇ ਦੇ ਨਿਪਟਾਰੇ ਲਈ ਕੰਪੋਸਟ ਪਿਟਾਂ ਦਾ ਨਿਰਮਾਣ ਕੀਤਾ ਜਾਵੇਗਾ। ਜਿੱਥੇ ਕੂੜੇ ਤੋਂ ਕੰਪੋਸਟ ਖਾਦ ਤਿਆਰ ਹੋਵੇਗੀ। ਇਸ ਤਰਾਂ ਹੋਣ ਨਾਲ ਪਿੰਡਾਂ ਵਿਚ ਸਫਾਈ ਵਿਵਸਥਾ ਵਿਚ ਸੁਧਾਰ ਆਵੇਗਾ ਅਤੇ ਪਿੰਡਾਂ ਦਾ ਮੂੰਹ ਮੁਹਾਂਦਰਾ ਬਦਲੇਗਾ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ 57 ਪਿੰਡਾਂ ਵਿਚ 6.5 ਕਰੋੜ ਰੁਪਏ ਛੱਪੜਾਂ ਦਾ ਸੁਧਾਰ ਕਰਨ ਹਿੱਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੰਚਾਇਤੀ ਰਾਜ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ ਹਨ। ਇਸ ਨਾਲ ਥਾਪਰ ਮਾਡਲ ਤਹਿਤ ਇੰਨ੍ਹਾਂ ਪਿੰਡਾਂ ਦੇ ਛੱਪੜਾਂ ਦਾ ਸੁਧਾਰ ਹੋਵੇਗਾ ਅਤੇ ਪਿੰਡ ਦੇ ਗੰਦੇ ਪਾਣੀ ਦਾ ਸੁੱਧੀਕਰਨ ਤੋਂ ਬਾਅਦ ਇਹ ਪਾਣੀ ਖੇਤੀ ਲਈ ਇਸਤੇਮਾਲ ਹੋ ਸਕੇਗਾ।
ਵਧੀਕ ਡਿਪਟੀ ਕਮਿਸ਼਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਰਕਮ ਨਾਲ 15ਵੇਂ ਵਿੱਤ ਕਮਿਸ਼ਨ ਤੋਂ ਠੋਸ ਅਤੇ ਤਰਲ ਕਚਰੇ ਦੇ ਪ੍ਰਬੰਧ ਲਈ ਮਿਲੀਆਂ ਗ੍ਰਾਂਟਾਂ ਦੀ ਵਰਤੋਂ ਕਰਦੇ ਹੋਏ ਇਹ ਪ੍ਰੋਜ਼ੈਕਟ ਪੂਰੇ ਕੀਤੇ ਜਾਣਗੇ ਅਤੇ ਫਾਜਿ਼ਲਕਾ ਦੇ ਪਿੰਡਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਚਮਕ ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੀ ਸਾਫ ਸਫਾਈ ਲਈ ਹਰ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਾਫ ਸਫਾਈ ਰੱਖਣ ਵਿਚ ਸਹਿਯੋਗ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ