ਲੋਕਾਂ ਦੇ ਘਰਾਂ ’ਚ ਲੱਗੇ ਮਿਲੇ ਤਾਲੇ
- ਪਿੰਡ ਦੇ ਬਜ਼ੁਰਗ ਮਾਨ ਦੀ ਪ੍ਰਾਪਤੀ ਤੋਂ ਬਾਗੋ-ਬਾਗ
(-ਗੁਰਪ੍ਰੀਤ ਸਿੰਘ/ਜੀਵਨ ਗੋਇਲ/ਕਰਮ ਥਿੰਦ) ਧਰਮਗੜ੍ਹ/ਚੀਮਾ ਮੰਡੀ। ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦਾ ਸਭ ਤੋਂ ਵੱਧ ਚਾਅ ਜ਼ਿਲ੍ਹਾ ਸੰਗਰੂਰ ਦੇ ਵਾਸੀਆਂ ਨੂੰ ਚੜ੍ਹਿਆ ਹੋਇਆ ਹੈ ਕਿਉਂਕਿ ਭਗਵੰਤ ਮਾਨ ਦੋ ਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ ਭਗਵੰਤ ਮਾਨ ਨੂੰ ਸਿਆਸਤ ਦੀ ਗੁੜ੍ਹਤੀ ਦੇਣ ਵਾਲਾ ਜ਼ਿਲ੍ਹਾ ਸੰਗਰੂਰ ਹੀ ਹੈ ਜਿਸ ਨੇ ਭਗਵੰਤ ਮਾਨ ਦੇ ਆਰੰਭਲੇ ਸਮੇਂ ਵਿੱਚ ਕੀਤੀ ਸੱਚੀ ਸੁੱਚੀ ਕਾਮੇਡੀ ਨੂੰ ਸਵੀਕਾਰਿਆ ਅਤੇ ਉਸ ਦੇ ਲਈ ਰਾਜਨੀਤੀ ਦਾ ਮੈਦਾਨ ਤਿਆਰ ਕਰਕੇ ਦਿੱਤਾ।
ਭਗਵੰਤ ਮਾਨ ਦਾ ਜੱਦੀ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਵਿੱਚ ਹੀ ਹੈ ਅੱਜ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੀ ਸਹੁੰ ਚੁੱਕੀ ਗਈ ਤਾਂ ਸਮੁੱਚੇ ਪਿੰਡ ਵਾਸੀਆਂ ’ਚ ਉਲਾਰ ਆ ਗਿਆ, ਵੈਸੇ ਅੱਜ ਸਤੌਜ ਪਿੰਡ ਦੇ ਸੈਂਕੜੇ ਵਸਨੀਕ ਖਟਕੜ ਕਲਾਂ ਪਹੁੰਚੇ ਹੋਏ ਸਨ ਸਿਰਫ਼ ਕੁਝ ਲੋਕ ਹੀ ਪਿੰਡ ਵਿੱਚ ਮੌਜ਼ੂਦ ਸਨ ‘ਸੱਚ ਕਹੂੰ’ ਟੀਮ ਵੱਲੋਂ ਜਦੋਂ ਪਿੰਡ ਸਤੌਜ ਦਾ ਦੌਰਾ ਕੀਤਾ ਤਾਂ ਪਿੰਡ ਵਿੱਚ ਕੋਈ ਟਾਵਾਂ ਟੱਲਾ ਹੀ ਨਜ਼ਰ ਆਇਆ ਭਗਵੰਤ ਮਾਨ ਦੇ ਜੱਦੀ ਘਰ ਵਿਖੇ ਸਿਰਫ਼ ਪੁਲਿਸ ਪਹਿਰਾ ਹੀ ਨਜ਼ਰ ਆਇਆ ਜਾਣਕਾਰੀ ਮੁਤਾਬਕ ਚੀਮਾ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਵਸੇ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿੱਚੋਂ ਅੱਜ ਪਿੰਡ ਖਟਕੜ ਕਲਾਂ (Khatkar Kalan) ਵਿਖੇ ਸਹੁੰ ਚੁੱਕ ਸਮਾਗਮ ਵਿੱਚ ਲਗਭਗ ਸਾਰਾ ਪਿੰਡ ਹੀ ਪੁਹੰਚਿਆ ਹੋਇਆ ਸੀ।
ਭਗਵੰਤ ਮਾਨ ਦੇ ਜੱਦੀ ਘਰ ਵਿਖੇ ਸਿਰਫ਼ ਪੁਲਿਸ ਪਹਿਰਾ ਹੀ ਨਜ਼ਰ ਆਇਆ
ਸਾਰੇ ਪਿੰਡ ਵਿੱਚ ਤਾਂ ਕੀ ਸਾਰੇ ਪੰਜਾਬ ਭਰ ਵਿੱਚ ਸਹੁੰ ਚੁੱਕ ਸਮਾਗਮ ਦੀ ਖੁਸ਼ੀ ਦੀ ਲਹਿਰ ਸੀ। ਪਿੰਡ ਸਤੌਜ ਜਿਸ ਵਿੱਚ ਤਕਰੀਬਨ 800 ਘਰ ਦੇ ਨਾਲ 2600 ਵੋਟਰ ਦੱਸਿਆ ਜਾਂਦਾ ਹੈ। ਪਿਛਲੇ ਦਿਨੀਂ ਵਿਧਾਨ ਸਭਾ ਚੋਣਾਂ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ 1800 ਤੋਂ ਉੱਪਰ ਵੋਟਾਂ ਪਾਕੇ ਮਾਣ ਬਖਸ਼ਿਆ ਜਦੋਂ ਕਿ ਲੋਕਾਂ ਮੁਤਾਬਿਕ ਕਾਂਗਰਸ ਪਾਰਟੀ ਨੂੰ ਤਕਰੀਬਨ 20 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 120 ਸਮੇਤ ਹੋਰਾਂ ਨੂੰ 100 ਤੋਂ ਹੀ ਉੱਪਰ ਵੋਟਾਂ ਪਾਈਆਂ ਦੀ ਰਿਪੋਟਰ ਮਿਲੀ। ਇਸ ਪਿੰਡ ਦਾ ਸਭ ਤੋਂ ਵੱਧ ਚਾਅ ਪੰਜਾਬ ਵਿੱਚ ਨਵੀਂ ਸਰਕਾਰ ਬਨਣ ਦਾ ਹੀ ਸੁਪਨਾ ਸੀ ਜੋ ਅੱਜ ਪੂਰਾ ਹੋਇਆ।
ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਿਛੋਕੜ ਜੱਦੀ ਪਿੰਡ ਵਿੱਚ ਖੇਤੀਬਾੜੀ ਦਾ ਹੀ ਕੰਮ ਸੀ ਜਿਸ ਕੋਲ ਤਕਰੀਬਨ 12 ਕੁ ਕਿਲੇ ਜ਼ਮੀਨ ਦੱਸੀ ਜਾਂਦੀ ਹੈ ਜੋਕਿ ਅੱਜ-ਕੱਲ੍ਹ ਉਸਨੂੰ ਠੇਕੇ ਉੱਪਰ ਦੇਕੇ ਵਹਾਈ ਬਿਜਾਈ ਕਰਵਾਈ ਜਾਂਦੀ ਹੈ। ਅੱਜ ਪੱਤਰਕਾਰਾਂ ਵੱਲੋਂ ਸਹੁੰ ਚੁੱਕ ਸਮਾਗਮ ਮੌਕੇ ਪਿੰਡ ਦਾ ਮਾਹੌਲ ਦੇਖਦੇ ਸਮੇਂ ਗੁਆਂਢੀਆਂ ਦੇ ਘਰਾਂ ਨੂੰ ਜਿੰਦਰੇ ਪਿੰਡ ਦੀਆਂ ਸੱਥਾਂ ’ਤੇ ਸੁੰਨ ਸਰਾਂਅ ਰਹੀ। ਘਰ ਵਿੱਚ ਕਿਸੇ ਘਰ ਮੈਂਬਰ ਦੀ ਹਾਜ਼ਰੀ ਤੋਂ ਬਿਨ੍ਹਾਂ ਸਿਰਫ ਪੰਜ ਮੁਲਾਜ਼ਮ ਏ ਐੱਸ ਆਈ ਧਰਮ ਸਿੰਘ ਦੇ ਨਾਲ ਬਤੌਰ ਸਕਿਊਰਿਟੀ ਮੌਜ਼ੂਦ ਮਿਲੇ। ਪਿੰਡ ਵਾਸੀਆਂ ਤੋਂ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਾਰਾ ਪਿੰਡ ਤਿੰਨ ਬੱਸਾਂ ਅਤੇ ਗੱਡੀਆਂ ਰਾਹੀਂ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕਲ ਕਲਾਂ ਵਿਖੇ ਪਹੁੰਚੇ ਹਨ। ਸਾਨੂੰ ਬੜਾ ਚਾਅ ਹੈ ਕਿ ਸਾਡੇ ਪਿੰਡ ਦਾ ਹੀ ਮੁੱਖ ਮੰਤਰੀ ਹੈ ਇਸ ਤੋਂ ਇਲਾਵਾ ਪਿੰਡ ਵਿੱਚ ਇੱਕਾ ਦੁੱਕਾ ਹੀ ਲੋਕ ਮੌਜ਼ੂਦ ਸਨ।
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਸਾਡਾ ਸੀਨਾ ਚੌੜਾ ਹੋਇਆ: ਮਿਸਤਰੀ ਦਰਸ਼ਨ ਸਿੰਘ
ਪਿੰਡ ਸਤੌਜ ਦੇ ਮਿਸਤਰੀ ਦਰਸ਼ਨ ਸਿੰਘ ਨੇ ਕਿਹਾ ਕਿ ਉਸ ਨੇ ਭਗਵੰਤ ਮਾਨ ਦਾ ਜੋ ਮਕਾਨ ਹੁਣ ਬਣਿਆ ਹੋਇਆ ਹੈ ਉਹ ਉਸ ਨੇ ਹੀ ਬਣਾਇਆ ਸੀ ਉਸ ਨੇ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਦਾ ਮਕਾਨ ਬਣਾ ਰਹੇ ਸਾਂ ਤਾਂ ਭਗਵੰਤ ਮਾਨ ਬਾਰਾਂ-ਤੇਰਾਂ ਸਾਲਾਂ ਦਾ ਹੀ ਸੀ ਅਤੇ ਉਹ ਉਸ ਸਮੇਂ ਸਕੂਲ ਤੋਂ ਆਉਣ ਤੋਂ ਬਾਅਦ ਰੇਡੀਓ ਹੀ ਸੁਣਦਾ ਰਹਿੰਦਾ ਸੀ ਉਸ ਨੇ ਕਿਹਾ ਕਿ ਅਸੀਂ ਜੋ ਵੀ ਕੰਮ ਕਰੀ ਜਾਂਦੇ ਉਸ ਨੂੰ ਸਾਡੇ ਤੱਕ ਕੋਈ ਮਤਲਬ ਨਹੀਂ ਸੀ ਉਹ ਆਪਣਾ ਰੇਡੀਓ ਅਤੇ ਪੜ੍ਹਾਈ ਵਿੱਚ ਹੀ ਮਸਤ ਰਹਿੰਦਾ ਸੀ ਉਹ ਉਸ ਸਮੇਂ ਵੀ ਮਜ਼ਾਕੀਆ ਅਤੇ ਹਸਮੁਖ ਸੀ। ਮਿਸਤਰੀ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਜਦੋਂ ਵੀ ਪਿੰਡ ਆਉਂਦਾ ਹੈ ਤਾਂ ਭੱਜ ਕੇ ਮਿਲਦਾ ਹੈ ਹੁਣ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਸਾਡਾ ਸੀਨਾ ਚੌੜਾ ਹੋ ਗਿਆ ਹੈ।
ਭਗਵੰਤ ਨੇ ਦਿਖਾਇਆ ਲੋਕਾਂ ’ਚ ਹੁੰਦੀ ਏ ਤਾਕਤ : ਗੁਆਂਢੀ
ਭਗਵੰਤ ਮਾਨ ਦੇ ਪਿੰਡ ’ਚੋਂ ਉਨ੍ਹਾਂ ਦੇ ਗੁਆਂਢੀ ਗੁਰਤੇਜ ਸਿੰਘ ਨੇ ਆਖਿਆ ਕਿ ਭਗਵੰਤ ਮਾਨ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਕਿਉਂਕਿ ਉਸ ਨੇ ਬਹੁਤ ਵੱਡੇ-ਵੱਡੇ ਸਿਆਸਤ ਦੇ ਵਿੱਚੋਂ ਥੰਮ੍ਹ ਡੇਗੇ ਹਨ ਉਸ ਨੇ ਕਿਹਾ ਕਿ ਉਹ ਆਪਣੇ ਤਣੇ ਮੱਲੀ ਬੈਠੇ ਸਨ ਜਿਨ੍ਹਾਂ ਨੂੰ ਪੱਟਣਾ ਮੁਸ਼ਕਲ ਸੀ ਪਰੰਤੂ ਉਹ ਸਾਡੇ ਭਗਵੰਤ ਨੇ ਕਰਕੇ ਦਿਖਾਇਆ ਹੈ ਉਸ ਨੇ ਕਿਹਾ ਕਿ ਲੋਕਾਂ ਦੀ ਪਾਵਰ ਸਭ ਤੋਂ ਵੱਡੀ ਹੈ ਜੋ ਭਗਵੰਤ ਮਾਨ ਦੇ ਨਾਲ ਖੜ੍ਹੇ ਹਨ ਉਸ ਨੇ ਕਿਹਾ ਕਿ ਸਾਡਾ ਭਗਵੰਤ ਬਹੁਤ ਇਮਾਨਦਾਰ ਹੈ ਹੁਣ ਲੋਕਾਂ ਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਉਨ੍ਹਾਂ ਦੇ ਕੰਮ ਘਰ ਬੈਠਿਆਂ ਦੇ ਹੋਇਆ ਕਰਨਗੇ ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਸਮੁੱਚੇ ਪੰਜਾਬ ਦਾ ਧੰਨਵਾਦ ਕਰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ