11 ਦਿਨ ਦਾ ਰਿਮਾਂਡ ਮਿਲਿਆ, ਹੋਰ ਖੁਲਾਸੇ ਹੋਣ ਦੀ ਸੰਭਾਵਨਾ : ਡਾ. ਸੰਦੀਪ ਗਰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ (Patiala Police) ਵੱਲੋਂ ਤਿੰਨ ਵਿਅਕਤੀਆਂ ਨੂੰ 2 ਕਿਲੋ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਮਾਮਲੇ ਦਰਜ਼ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦਾ 11 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਅੱਗੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸ.ਆਈ ਗੁਰਦੀਪ ਸਿੰਘ ਅਤੇ ਏ.ਐਸ.ਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨਿਊ ਮਾਲਵਾ ਕਲੋਨੀ ਪਟਿਆਲਾ, ਰਾਜਨ ਪੁੱਤਰ ਜੰਗ ਸਿੰਘ ਵਾਸੀ ਬਡੂੰਗਰ ਪਟਿਆਲਾ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓ (ਯੂ.ਪੀ.) ਅਤੇ ਇਹਨਾਂ ਦੇ ਕੁਝ ਹੋਰ ਸਾਥੀ ਆਪਸ ਵਿੱਚ ਮਿਲ ਕੇ ਪਟਿਆਲਾ ਸ਼ਹਿਰ ਵਿੱਚ ਕਾਫੀ ਵੱਡਾ ਗਿਰੋਹ ਬਣਾਕੇ ਨਸ਼ਾ ਵੇਚਣ ਦਾ ਕੰਮ ਵੱਡੇ ਪੱਧਰ ’ਤੇ ਕਰਦੇ ਹਨ।
ਮੁਲਜ਼ਮ ਅਜੇ ਕੁਮਾਰ, ਰਾਜਨ ਅਤੇ ਮੁਹੰਮਦ ਅਸਰਾਨ ’ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ
ਉਕਤ ਵਿਅਕਤੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਰਹੇ ਹਨ ਅਤੇ ਇਸ ਗਿਰੋਹ ਨੇ ਵੱਡੀ ਖੇਪ ਦੀ ਸਪਲਾਈ ਕਰਨੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਨਵੀਂ ਰਾਜਪੁਰਾ ਕਲੋਨੀ ਨੇੜੇ ਬੱਸ ਅੱਡਾ ਪਟਿਆਲਾ ਤੋਂ ਇਨ੍ਹਾਂ ਨੂੰ ਗਿ੍ਰਫਤਾਰ ਕਰਕੇ ਇੰਨ੍ਹਾਂ ਕੋਲੋਂ 02 ਕਿੱਲੋ 500 ਗ੍ਰਾਮ ਸਮੈਕ ਅਤੇ 325 ਗਾ੍ਰਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜੇ ਕੁਮਾਰ, ਰਾਜਨ ਅਤੇ ਮੁਹੰਮਦ ਅਸਰਾਨ ਅਤੇ ਇੰਨ੍ਹਾਂ ਦੇ ਹੋਰ ਸਾਥੀਆਂ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਅਤੇ ਹੋਰ ਜੁਰਮਾਂ ਤਹਿਤ ਮੁਕੱਦਮੇ ਦਰਜ ਹਨ। ਜਿੰਨ੍ਹਾਂ ਵਿੱਚ ਇਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਮੁਲਜ਼ਮ ਅਜੈ ਕੁਮਾਰ ਸਜ਼ਾ ਜਾਫਤਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਰਿਮਾਂਡ ਹਾਸਲ ਹੋ ਗਿਆ ਹੈ ਅਤੇ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਵੱਲੋਂ ਇਹ ਨਸ਼ਾ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਅਤੇ ਇਹ ਕਿੱਥੋਂ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਦੇ ਪੂਰੇ ਨੈਕਸਸ ਦਾ ਸਫ਼ਾਇਆ ਕੀਤਾ ਜਾਵੇਗਾ। ਇਸ ਮੌਕੇ ਡਾ. ਮਹਿਤਾਬ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਅਜੈਪਾਲ ਸਿੰਘ ਉਪ ਕਪਤਾਨ ਪੁਲਿਸ ਡਿਟੈਕਟਿਵ ਆਦਿ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ