ਅਭਿਸ੍ਰੀ ਮਲਹੋਤਰਾ ਨਾਲ ਫੋਨ ’ਤੇ ਵੀ ਕੀਤੀ ਗੱਲਬਾਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਅੱਜ ਯੂਕਰੇਨ ਦੇ ਖਾਰਕੀਵ ਵਿੱਚ ਪੜ੍ਹ ਰਹੀਆਂ ਪਟਿਆਲਾ ਦੀਆਂ ਦੋ ਲੜਕੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਕਿ ਇਸ ਸਮੇਂ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ। ਇਸ ਦੇ ਨਾਲ ਹੀ ਪ੍ਰਨੀਤ ਕੌਰ ਵੱਲੋਂ ਇੱਕ ਲੜਕੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਅਤੇ ਉਸਨੂੰ ਹੌਂਸਲਾ ਦਿੱਤਾ।
ਪ੍ਰਨੀਤ ਕੌਰ ਵੱਲੋਂ ਪਹਿਲਾਂ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਪਹਿਲੇ ਸਾਲ ਦੀ ਵਿਦਿਆਰਥਣ ਅਭਿਸ੍ਰੀ ਮਲਹੋਤਰਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਉਹ ਬੱਚੀ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਅਭਿਸ੍ਰੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਅਤੇ ਉਸ ਦੀ ਬਹਾਦਰੀ ਦੀ ਪ੍ਰਸੰਸਾ ਕਰਦੇ ਹੋਏ ਉਸ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਪ੍ਰਨੀਤ ਕੌਰ ਨੇ ਉਸ ਨਾਲ ਵਾਅਦਾ ਵੀ ਕੀਤਾ ਕਿ ਜਦੋਂ ਉਹ ਸੁਰੱਖਿਅਤ ਘਰ ਵਾਪਸ ਆ ਜਾਵੇਗੀ ਤਾਂ ਉਸ ਨਾਲ ਉਹ ਜਰੂਰ ਮੁਲਾਕਾਤ ਕਰਨਗੇ। ਬਾਅਦ ਵਿੱਚ ਪ੍ਰਨੀਤ ਕੌਰ ਨੇ ਖਾਰਕੀਵ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਚੌਥੇ ਸਾਲ ਦੀ ਵਿਦਿਆਰਥਣ ਹਰਸਿਤਾ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਸਰਕਾਰ ਸਾਡੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਲੱਗੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ