ਅਮਰੀਕਾ ਨੇ ਰੂਸ ਲਈ ਹਵਾਈ ਖੇਤਰ ਬੰਦ ਕੀਤਾ, ਯੂਕਰੇਨ ਵਿੱਚ ਫੌਜ ਨਹੀਂ ਭੇਜਾਂਗੇ: ਬਿਡੇਨ
ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਬੁੱਧਵਾਰ ਨੂੰ ਆਪਣੇ ਸਟੇਟ ਆਫ਼ ਦ ਯੂਨੀਅਨ ਸੰਬੋਧਨ ਦੌਰਾਨ ਅਮਰੀਕੀ ਹਵਾਈ ਖੇਤਰ ਤੋਂ ਰੂਸੀ ਜਹਾਜ਼ਾਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਸੀਐਨਐਨ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਨੇ ਕਿਹਾ,‘‘ ਅੱਜ ਰਾਤ ਮੈਂ ਘੋਸ਼ਣਾ ਕਰ ਰਿਹਾ ਹਾਂ ਕਿ ਅਸੀਂ ਸਾਰੇ ਰੂਸੀ ਉਡਾਣਾਂ ਲਈ ਅਮਰੀਕੀ ਹਵਾਈ ਖੇਤਰ ਨੂੰ ਬੰਦ ਕਰਨ, ਰੂਸ ਨੂੰ ਹੋਰ ਅਲੱਗ-ਥਲੱਗ ਕਰਨ ਅਤੇ ਉਨ੍ਹਾਂ ਦੀ ਆਰਥਿਕਤਾ ’ਤੇ ਵਾਧੂ ਦਬਾਅ ਪਾਉਣ ਲਈ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਹ ਐਲਾਨ ਕਰਾਂਗੇ।’’
ਇਸ ਤੋਂ ਪਹਿਲਾਂ ਅਮਰੀਕਾ, ਕੈਨੇਡਾ, ਅਤੇ ਯੂਰਪੀਅਨ ਯੂਨੀਅਨ (ਈ.ਯੂ) ਨੇ ਵੀ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਯੂਰਪੀਅਨ ਸੰਘ ਦੀ ਪ੍ਰਧਾਨ ਉਰਸਲ ਵਾਨ ਡੇਰ ਲੇਅਨ ਨੇ ਘੋਸ਼ਣਾ ਕੀਤੀ ਸੀ ਕਿ ਪੂਰਾ ਈਯੂ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰੇਗਾ। ਦੱਸਣਯੋਗ ਹੈ ਕਿ ਜਰਮਨੀ, ਇਟਲੀ, ਸਪੇਨ ਅਤੇ ਫਰਾਂਸ ਨੇ ਪਿਛਲੇ ਹਫਤੇ ਆਪਣੇ ਹਵਾਈ ਖੇਤਰ ਵਿੱਚ ਰੂਸੀ ਜਹਜ਼ਾਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਬ੍ਰਿਟੇਨ, ਪੋਲੈਂਡ, ਮੋਲਡੋਵਾ ਅਤੇ ਚੈੱਕ ਗਣਰਾਜ ਨੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਹੀ ਰੂਸ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
ਕੈਨੇਡਾ ਨੇ ਰੂਸ ਸੁਰੱਖਿਆ ਪ੍ਰੀਸ਼ਦ ’ਤੇ ਪਾਬੰਦੀਆਂ ਲਾਈਆਂ
ਯੂਕਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਦੇ ਜਵਾਬ ਵਿੱਚ, ਕੈਨੇਡਾ ਨੇ ਰੂਸੀ ਸੁਰੱਖਿਆ ਕੌਂਸਲ ਦੇ ਸਾਰੇ 18 ਮੈਂਬਰਾਂ ’ਤੇ ਪਾਬੰਦੀਆ ਲਗਾ ਦਿੱਤੀਆਂ ਹਨ। ਗੋਲਬਲ ਅਫੇਰਜ਼ ਕੈਨੇਡਾ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ ਕੈਨੇਡਾ ਯੂਕਰੇਨ ਉੱਤੇ ਰੂਸ ਦੇ ਬਿਨਾਂ ਕਾਰਨ ਅਤੇ ਗੈਰ-ਵਾਜਬ ਹਮਲੇ ਦੇ ਜਵਾਬ ਵਿੱਚ ਨਵੀਆਂ ਪਾਬੰਦੀਆਂ ਨੂੰ ਲਾਗੂ ਕਰ ਰਿਹਾ ਹੈ। ਨਵੀਆਂ ਸੋਧਾਂ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਰੂਸੀ ਸੰਘ ਦੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ’ਤੇ ਪਾਬੰਦੀਆਂ ਲਾਉਂਦੀਆਂ ਹਨ।’’ ਕੈਨੇਡਾ ਨੇ ਪਿਛਲੇ ਹਫ਼ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਖਿਲਾਫ ਨਿੱਜੀ ਪਾਬੰਦੀਆਂ ਦਾ ਐਲਾਨ ਕੀਤਾ ਸੀ। ਨਵਾਂ ਫਰਮਾਨ ਸੁਰੱਖਿਆ ਪ੍ਰੀਸ਼ਦ ਦੀ ਸਮੁੱਚੀ ਸਥਿਤੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ, ਰੱਖਿਆ ਮੰਤਰੀ ਸਰਗੋਈ ਸ਼ੋਇਗੂ ਅਤੇ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਸ਼ਾਮਲ ਹਨ। ਇਸ ਤੋਂ ਇਲਾਵਾ ਓਟਾਵਾ ਰੂਸੀ ਕੇਂਦਰੀ ਬੈਂਕ, ਨੈਸ਼ਨਲ ਵੈਲਥ ਫੰਡ ਅਤੇ ਵਿੱਤ ਮੰਤਰਾਲੇ ਦੇ ਖਿਲਾਫ਼ ਪਾਬੰਦੀਆਂ ਦੇ ਦਾਇਰੇ ਨੂੰ ਵਧਾ ਰਿਹਾ ਹੈ।
ਅਮਰੀਕੀ ਕੰਪਨੀ ਐਕਸੋਨ ਮੋਬਿਲ ਰੂਸ ਵਿੱਚ ਨਿਵੇਸ਼ ਨਹੀਂ ਕਰੇਗੀ
ਅਮਰੀਕੀ ਊਰਜਾ ਕੰਪਨੀ ਐਕਸੋਨ ਮੋਬਿਲ ਨੇ ਕਿਹਾ ਹੈ ਕਿ ਉਹ ਯੂਕਰੇਨ ਵਿੱਚ ਚੱਲ ਰਹੇ ਰੂਸੀ ਫੌਜੀ ਕਾਰਵਾਈ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਸਖਾਲਿਨ-1 ਪ੍ਰੋਜੈਕਟ ’ਤੇ ਕੰਮ ਬੰਦ ਕਰ ਦੇਵੇਗੀ ਅਤੇ ਰੂਸੀ ਵਿਕਾਸ ਵਿੱਚ ਨਿਵੇਸ਼ ਨੂੰ ਖਤਮ ਕਰ ਦੇਵੇਗੀ। ਕੰਪਨੀ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ,‘‘ਐਕਸੋਨ ਮੋਬਿਲ ਜਾਪਾਨੀ, ਭਾਰਤੀ ਅਤੇ ਰੂਸੀ ਕੰਪਨੀਆ ਦੇ ਇੱਕ ਅੰਤਰਰਾਸ਼ਟਰੀ ਸੰਘ ਵੱਲੋਂ ਸਖਾਲਿਨ-1 ਪ੍ਰੋਜੈਕਅ ਦਾ ਸੰਚਾਲਨ ਕਰਦੀ ਹੈ। ਹਾਲ ਹੀ ਦੇ ਘਟਨਾਕ੍ਰਮ ਦੇ ਮੱਦੇਨਜ਼ਰ, ਅਸੀਂ ਸੰਚਾਲਨ ਨੂੰ ਬੰਦ ਕਰਨ ਦੀ ਪ੍ਰਕਿਰਿਆ ਵਿੱਚ ਹਾਂ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜ਼ੂਦਾ ਸਥਿਤੀ ਦੇ ਕਾਰਨ, ਕੰਪਨੀ ਰੂਸ ਵਿੱਚ ਨਵੇਂ ਵਿਕਾਸ ਵਿੱਚ ਨਿਵੇਸ਼ ਨਹੀਂ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ