ਪਿਛਲੀਆਂ ਗਲਤੀਆਂ ਤੋਂ ਸਿੱਖੋ
ਕੋਵਿਡ-19 ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਤੇਜ਼ੀ ਨਾਲ ਰੂਪ ਓਮੀਕਰੋਨ ਦੇ ਮਰੀਜ਼ ਕਰਨਾਟਕ ਤੋਂ ਬਾਅਦ ਮਹਾਂਰਾਸ਼ਟਰ, ਗੁਜਰਾਤ, ਦਿੱਲੀ ਅਤੇ ਰਾਜਸਥਾਨ ’ਚ ਵੀ ਮਿਲੇ ਹਨ ਇਹ ਗੱਲ ਸਹੀ ਹੈ ਕਿ ਹਾਲੇ ਭਾਰਤ ’ਚ ਇਸ ਦੇ ਮਾਮਲੇ ਬਹੁਤ ਘੱਟ ਹਨ, ਪਰ ਇਸ ਦੀ ਰਫ਼ਤਾਰ ਨੂੰ ਧਿਆਨ ’ਚ ਰੱਖਦਿਆਂ ਜਾਣਕਾਰ ਕੋਵਿਡ ਦੀ ਤੀਜੀ ਲਹਿਰ ਦੀ ਭਵਿੱਖਵਾਣੀ ਕਰਨ ਲੱਗੇ ਹਨ ਇਸ ਵਾਇਰਸ ਦੀ ਭਿਆਨਕਤਾ ਦਾ ਪਤਾ ਲੱਗਣ ਤੱਕ ਇਹ ਜ਼ਰੂਰੀ ਹੈ ਕਿ ਉਸ ਦੇ ਸੰਕਰਮਣ ਤੋਂ ਬਚੇ ਰਹਿਣ ਦੇ ਢੰਗਾਂ ’ਤੇ ਜ਼ੋਰ ਦਿੱਤਾ ਜਾਵੇ ਅਤੇ ਇਸ ਲਈ ਜ਼ਰੂਰੀ ਕਦਮ ਚੁੱਕੇ ਜਾਣ ਕਿ ਉਹੋ-ਜਿਹੀ ਸਥਿਤੀ ਨਾ ਬਣ ਸਕੇ, ਜਿਵੇਂ ਵਾਇਰਸ ਦੀ ਦੂਜੀ ਲਹਿਰ ਦੌਰਾਨ ਬਣੀ ਸੀ ਹਾਲਾਂਕਿ ਹਾਲੇ ਤੱਕ ਓਮੀਕਰੋਨ ਤੋਂ ਪੀੜਤ ਮਰੀਜ਼ਾਂ ’ਚ ਕੋਈ ਗੰਭੀਰ ਲੱਛਣ ਨਹੀਂ ਦਿਸੇ ਹਨ, ਪਰ ਅੱਗੇ ਅਜਿਹਾ ਹੋਣ ਦਾ ਖਦਸ਼ਾ ਹੈ ਇਸ ਕਾਰਨ ਓਮੀਕਰੋਨ ਨੂੰ ਦੁਨੀਆ ਭਰ ਲਈ ਇੱਕ ਵੱਡੇ ਖਤਰੇ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ
ਇਹ ਜ਼ਰੂਰੀ ਹੈ ਕਿ ਵਿਸ਼ਵ ਸਿਹਤ ਸੰਗਠਨ ਆਪਣੇ ਚੁਸਤ ਦਰੁਸਤ ਢਾਂਚੇ ਦਾ ਸਬੂਤ ਦੇ ਕੇ ਇਸ ਵਾਇਰਸ ਬਾਰੇ ਜ਼ਰੂਰੀ ਜਾਣਕਾਰੀ ਜਲਦ ਹਾਸਲ ਕਰਕੇ ਉਸ ਤੋਂ ਦੁਨੀਆ ਨੂੰ ਜਾਣੂ ਕਰਾਵੇ ਏਮਸ ਮੁਖੀ ਡਾ. ਰਣਦੀਪ ਗੁਲੇਰੀਆ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਓਮੀਕਰੋਨ ਵਾਇਰਸ ਵੈਰੀਐਂਟ ਦੇ ਸਪਾਈਕ ਪ੍ਰੋਟੀਨ ਏਰੀਆ ’ਚ 30 ਤੋਂ ਵੀ ਜ਼ਿਆਦਾ ਮਿਊਟੇਸ਼ਨ ਹੋ ਚੁੱਕੇ ਹਨ, ਜਿਸ ਕਰਕੇ ਇਹ ਵੈਕਸੀਨ ਨੂੰ ਵੀ ਝਕਾਨੀ ਦੇ ਸਕਦਾ ਹੈ ਇਸ ਲਈ ਇਸ ਦੇ ਪ੍ਰਤੀਰੱਖਿਆ ਤੰਤਰ ਤੋਂ ਬਚ ਨਿੱਕਲਣ ਦੀ ਸਮਰੱਥਾ ਵਿਕਸਿਤ ਕਰਨ ਦੀ ਸੰਭਾਵਨਾ ਹੈ
ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨੋਲ਼ੋਜੀ ਦੀ ਪ੍ਰੋਫੈਸਰ ਸਾਰਾ ਗਿਲਬਰਟ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਆਉਣ ਵਾਲੀਆਂ ਮਹਾਂਮਾਰੀਆਂ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੀਆਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੌਰਾਨ ਅਸੀਂ ਜੋ ਗਲਤੀਆਂ ਕੀਤੀਆਂ ਹਨ, ਉਨ੍ਹਾਂ ਤੋਂ ਸਾਨੂੰ ਸਬਕ ਲੈ ਕੇ ਭਵਿੱਖ ’ਚ ਬਿਹਤਰ ਤਿਆਰੀਆਂ ਦੇ ਨਾਲ ਅਜਿਹੀਆਂ ਮਹਾਂਮਾਰੀਆਂ ਨਾਲ ਲੜਨ ਲਈ ਤਿਆਰ ਰਹਿਣਾ ਪਵੇਗਾ ਦੁਨੀਆ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਰੋਨਾ ਦੌਰਾਨ ਹਰ ਸਬਕ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ਅਤੇ ਅਗਲੇ ਵਾਇਰਸ ਲਈ ਬਿਹਤਰ ਤਰੀਕੇ ਨਾਲ ਤਿਆਰ ਹੋਈਏ ਭਾਰਤ ਸਰਕਾਰ ਅਤੇ ਖਾਸ ਤੌਰ ’ਤੇ ਕੇਂਦਰੀ ਸਿਹਤ ਮੰਤਰਾਲੇ ਨੂੰ ਵੀ ਆਪਣੇ ਪੱਧਰ ’ਤੇ ਉਹੀ ਕੰਮ ਕਰਨਾ ਹੋਵੇਗਾ,
ਜੋ ਵਿਸ਼ਵ ਸਿਹਤ ਸੰਗਠਨ ਤੋਂ ਉਮੀਦ ਕੀਤੀ ਜਾਂਦੀ ਹੈ ਉਸ ਨੂੰ ਰਾਜ ਸਰਕਾਰਾਂ ਨੂੰ ਇਸ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਵੀ ਕਰਨਾ ਹੋਵੇਗਾ ਕਿ ਉਹ ਟੀਕਾਕਰਨ ਦੀ ਰਫ਼ਤਾਰ ਵਧਾਉਣ ਇਹ ਰਫ਼ਤਾਰ ਵਧੇ, ਇਸ ਦੀ ਚਿੰਤਾ ਆਮ ਲੋਕਾਂ ਅਤੇ ਖਾਸ ਕਰਕੇ ਉਨ੍ਹਾਂ ਨੂੰ ਕਰਨੀ ਹੋਵੇਗੀ, ਜਿਨ੍ਹਾਂ ਨੇ ਹਾਲੇ ਤੱਕ ਟੀਕੇ ਦੀ ਇੱਕ ਵੀ ਖੁਰਾਕ ਨਹੀਂ ਲਈ ਇਹ ਠੀਕ ਨਹੀਂ ਕਿ ਇੱਕ ਵੱਡੀ ਗਿਣਤੀ ’ਚ ਅਜਿਹੇ ਲੋਕ ਹਨ ਜਿਨ੍ਹਾਂ ਨੇ ਟੀਕੇ ਦੀ ਦੂਜੀ ਖੁਰਾਕ ਸਮੇਂ ’ਤੇ ਨਹੀਂ ਲਈ ਹੈ ਇਹ ਖਤਰਨਾਕ ਲਾਪਰਵਾਹੀ ਹੈ ਗੱਲ ਸਾਫ਼ ਹੈ, ਜਦੋਂ ਤੱਕ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਕੋਰੋਨਾ ਫੈਲ ਰਿਹਾ ਹੈ, ਸਾਨੂੰ ਸੁਚੇਤ ਅਤੇ ਚੌਕਸ ਰਹਿਣਾ ਹੋਵੇਗਾ ਸਾਵਧਾਨੀ ਵਰਤਣੀ ਹੈ ਪਰ ਓਮੀਕਰੋਨ ਤੋਂ ਚਿੰਤਤ ਹੋਣ ਦੀ ਲੋੜ ਨਹੀਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ