ਦੀਵੇ ਥੱਲੇ ਹਨੇਰਾ : ਸਿਵਲ ਹਸਪਤਾਲ ’ਚ ਖੜ੍ਹਾ ਪਾਣੀ ਮਾਰ ਰਿਹੈ ਡੇਂਗੂ ਨੂੰ ਆਵਾਜ਼ਾਂ

ਕੋਰੋਨਾ ਵੈਕਸੀਨ ਲਾਉਣ ਵਾਲੀ ਇਮਾਰਤ ਦੇ ਨੇੜੇ ਖੜ੍ਹਾ ਹੈ ਪਾਣੀ

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਸਿਵਲ ਹਸਪਤਾਲ ’ਚ ਖੜ੍ਹਾ ਪਾਣੀ ‘ਦੀਵੇ ਥੱਲੇ ਹਨੇਰਾ’ ਕਹਾਵਤ ਨੂੰ ਸੱਚ ਕਰਦਾ ਦਿਖਾਈ ਦਿੰਦਾ ਹੈ ਜ਼ਿਲ੍ਹਾ ਹਸਪਤਾਲ ਹੋਣ ਕਰਕੇ ਹਸਪਤਾਲ ’ਚ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਦਾ ਆਉਣ-ਜਾਣ ਹੁੰਦਾ ਹੈ ਕਈ ਦਿਨਾਂ ਤੋਂ ਖੜ੍ਹੇ ਇਸ ਪਾਣੀ ਦਾ ਵਿਭਾਗ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਆਮ ਕਿਸੇ ਦੇ ਘਰ ਡੇਂਗੂ ਦਾ ਲਾਰਵਾ ਮਿਲੇ ਜਾਵੇ ਤਾਂ ਕਾਰਵਾਈ ਹੁੰਦੀ ਹੈ ਪਰ ਹਸਪਤਾਲ ’ਚ ਲਾਰਵਾ ਸਿਹਤ ਅਧਿਕਾਰੀਆਂ ਦੇ ਨੱਕ ਹੇਠ ਬਿਨ੍ਹਾਂ ਕਿਸੇ ਭੈਅ ਤੋਂ ਪਲ ਰਿਹਾ ਹੈ।

ਵੇਰਵਿਆਂ ਮੁਤਾਬਿਕ ਸਿਵਲ ਹਸਪਤਾਲ ਬਠਿੰਡਾ ਨੂੰ ਪਿਛਲੇ ਦਿਨਾਂ ਦੌਰਾਨ ਮੁਰੰਮਤ ਕਰਕੇ ਹੋਰ ਬਿਹਤਰ ਬਣਾਇਆ ਗਿਆ ਹੈ ਇਸ ਬਿਹਤਰੀ ’ਤੇ ਪਾਣੀ ਉਸ ਵੇਲੇ ਫਿਰਦਾ ਦਿਖਾਈ ਦਿੰਦਾ ਹੈ ਜਦੋਂ ਹਸਪਤਾਲ ਦੇ ਵਿਹੜੇ ’ਚ ਆਵਾਰਾ ਪਸ਼ੂ ਬਿਨ੍ਹਾਂ ਕਿਸੇ ਭੈਅ ਤੋਂ ਘੁੰਮਦੇ ਦਿਖਾਈ ਦਿੰਦੇ ਨੇ ਇੰਨੀਂ ਦਿਨੀਂ ਮੀਂਹਾਂ ਦਾ ਮੌਸਮ ਹੋਣ ਕਰਕੇ ਮੌਸਮੀ ਬਿਮਾਰੀਆਂ ਦਾ ਖਤਰਾ ਲੋਕਾਂ ਦੇ ਸਿਰ ’ਤੇ ਮੰਡਰਾਉਂਦਾ ਰਹਿੰਦਾ ਹੈ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਲੋਕਾਂ ਨੂੰ ਘਰ-ਘਰ ਜਾ ਕੇ ਹੋਕਾ ਦਿੱਤਾ ਜਾ ਰਿਹਾ ਹੈ ਕਿ ਕੂਲਰਾਂ ਵਿਚਲਾ ਪਾਣੀ ਸਮੇਂ-ਸਮੇਂ ਸਿਰ ਬਦਲਦੇ ਰਹੋ, ਛੱਤਾਂ ’ਤੇ ਸਮਾਨ ਨਾ ਰੱਖੋ ਕਿਉਂਕਿ ਉਸ ’ਚ ਪਾਣੀ ਖੜ੍ਹਦਾ ਹੈ ਅਜਿਹਾ ਹੋਣ ਨਾਲ ਮੱਛਰ ਪੈਦਾ ਹੋਣ ਕਰਕੇ ਡੇਂਗੂ ਬਿਮਾਰੀਆਂ ਫੈਲਣਾ ਦਾ ਖਤਰਾ ਬਣਿਆ ਰਹਿੰਦਾ ਹੈ।

ਇਹ ਜਾਗਰੂਕਤਾ ਦਾ ਹੋਕਾ ਦੇਣ ਵਾਲੀਆਂ ਟੀਮਾਂ ਦੇ ਜ਼ਿਲ੍ਹਾ ਹਸਪਤਾਲ ਦੇ ਹਾਲਾਤ ਇਹ ਹਨ ਕਿ ਉੱਥੇ ਕਈ ਦਿਨਾਂ ਤੋਂ ਪਾਣੀ ਖੜ੍ਹਾ ਹੈ ਇਹ ਪਾਣੀ ਉਸ ਇਮਾਰਤ ਦੇ ਗੇਟ ’ਤੇ ਖੜ੍ਹਾ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਲੋਕ ਕਰੋਨਾ ਵੈਕਸੀਨ ਲਗਵਾਉਣ ਲਈ ਆਉਂਦੇ-ਜਾਂਦੇ ਹਨ ਪਾਣੀ ’ਚ ਪੈਦਾ ਹੋਈ ਕਾਈ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਪਾਣੀ ਕੋਈ ਅੱਜ ਜਾਂ ਕੱਲ੍ਹ ਦਾ ਨਹੀਂ ਸਗੋਂ ਕਾਫ਼ੀ ਦਿਨਾਂ ਤੋਂ ਖੜ੍ਹਾ ਹੈ ਲੋਕਾਂ ਨੂੰ ੳੁੱਥੋਂ ਬੜੀ ਮੁਸ਼ਕਿਲ ਨਾਲ ਇੱਟਾਂ ਆਦਿ ਦੇ ਉੱਪਰ ਦੀ ਲੰਘਣਾ ਪੈਂਦਾ ਹੈ ਜੇਕਰ ਕਿਸੇ ਦੇ ਘਰ ਡੇਂਗੂ ਦਾ ਲਾਰਵਾ ਮਿਲੇ ਤਾਂ ਘਰ ਦੇ ਮਾਲਕ ਨੂੰ ਚਲਾਣ ਕੱਟਕੇ ਦਿੱਤਾ ਜਾਂਦਾ ਹੈ ਪਰ ਹਸਪਤਾਲ ਪ੍ਰਬੰਧਕਾਂ ਦਾ ਚਾਲਾਣ ਕੌਣ ਕੱਟੇ ਸਿਵਲ ਹਸਪਤਾਲ ’ਚ ਵੈਕਸੀਨ ਲਗਵਾਉਣ ਆਏ ਗੁਰਜੰਟ ਸਿੰਘ ਨੇ ਦੱਸਿਆ ਕਿ ਪਾਣੀ ਖੜ੍ਹਨ ਨਾਲ ਇੱਥੇ ਡੇਂਗੂ ਦਾ ਬੜਾ ਖਤਰਾ ਹੈ।

ਉਨ੍ਹਾਂ ਕਿਹਾ ਕਿ ਇੱਥੇ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਕ੍ਰਿਸ਼ਨਾ ਰਾਣੀ ਨਾਂਅ ਦੀ ਮਹਿਲਾ ਵੀ ਹਸਪਤਾਲ ’ਚ ਕੋਰੋਨਾ ਵੈਕਸੀਨ ਲਗਵਾਉਣ ਪੁੱਜੀ ਸੀ ਉਨ੍ਹਾਂ ਕਿਹਾ ਕਿ ਕੋਰੋਨਾ ਤੇ ਡੇਂਗੂ ਦਾ ਡਰ ਚੱਲ ਰਿਹਾ ਹੈ ਪਰ ਇੱਥੇ ਤਾਂ ਪਾਣੀ ’ਚ ਡਿੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਬਚਾਉਣ ਵਾਲੇ ਹਸਪਤਾਲਾਂ ’ਚ ਇਹ ਹਾਲਾਤ ਨੇ ਫਿਰ ਘਰਾਂ ’ਚ ਕੀ ਹਾਲ ਹੋਵੇਗਾ।

ਸਫ਼ਾਈ ਕਰਨ ਲਈ ਕਿਹਾ ਗਿਆ ਹੈ : ਸਿਵਲ ਸਰਜਨ

ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਰੋਨਾ ਵੈਕਸੀਨ ਵਾਲੀ ਇਮਾਰਤ ਕੋਲ ਖੜ੍ਹੇ ਪਾਣੀ ਦੇ ਹੱਲ ਲਈ ਕਿਹਾ ਗਿਆ ਹੈ ਉਨ੍ਹਾਂ ਕਿਹਾ ਕਿ ਉਸ ਥਾਂ ’ਤੇ ਸੀਵਰੇਜ ਲੀਕ ਹੈ, ਜਿਸਨੂੰ ਠੀਕ ਕਰਕੇ ਇਹ ਮੁਸ਼ਕਿਲ ਹੱਲ ਹੋ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ