ਖਿਡਾਰੀਆਂ ਲਈ ਪੰਜਾਬ ਵਿੱਚ ਸਾਧਨਾਂ ਦੀ ਕਾਫੀ ਘਾਟ : ਰਾਖੀ ਤਿਆਗੀ
ਮਲੋਟ, (ਮਨੋਜ)। ਓਲੰਪਿਕ ਖੇਡਾਂ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਛੇਵੇਂ ਸਥਾਨ ’ਤੇ ਰਹੀ ਡਿਸਕਸ ਥ੍ਰੋਅ ਦੀ ਖਿਡਾਰਣ ਕਮਲਪ੍ਰੀਤ ਕੌਰ ਦਾ ਪ੍ਰੈਸ ਕਲੱਬ ਮਲੋਟ ਵੱਲੋਂ ਉਨ੍ਹਾਂ ਦੇ ਗ੍ਰਹਿ ਪਿੰਡ ਕਬਰਵਾਲਾ ਪਹੁੰਚ ਕੇ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਮੱਕੜ ਅਤੇ ਸਮੂਹ ਮੈਂਬਰਾਂ ਵੱਲੋਂ ਕਮਲਪ੍ਰੀਤ ਕੌਰ, ਕੋਚ ਰਾਖੀ ਤਿਆਗੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।
ਕਮਲਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਦਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਆਮ ਬੱਚਿਆਂ ਵਾਂਗ ਕੀਤੀ ਅਤੇ ਇਸ ਦੌਰਾਨ ਉਸਦੀ ਖੇਡਾਂ ਵਿੱਚ ਰੁਚੀ ਦੇਖ ਕੇ ਸਕੂਲ ਕੋਚ ਨੇ ਖੇਡਾਂ ਦੇ ਖੇਤਰ ਵਿੱਚ ਜਾਣ ਦੀ ਸਲਾਹ ਦਿੱਤੀ, ਜਿਸ ਪਿੱਛੋਂ ਉਸਨੇ ਖੇਡ ਦੀ ਦੁਨੀਆ ਵਿੱਚ ਡਿਸਕਸ ਥ੍ਰੋਅ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਸੂਬਾ ਅਤੇ ਨੈਸ਼ਨਲ ਪੱਧਰ ’ਤੇ ਭਾਗ ਲਿਆ।
ਇਸ ਮੌਕੇ ਕਮਲਪ੍ਰੀਤ ਕੌਰ ਦੀ ਕੋਚ ਰਾਖੀ ਤਿਆਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2012 ਤੋਂ ਹੀ ਲਗਾਤਾਰ ਪਿੰਡ ਬਾਦਲ ਖੇਡ ਸਕੂਲ ਤੋਂ ਹੀ ਕਮਲਪ੍ਰੀਤ ਨੂੰ ਕੋਚਿੰਗ ਦੇ ਰਹੇ ਹਨ, ਪ੍ਰੰਤੂ ਪੰਜਾਬ ਵਿੱਚ ਸਾਧਨਾਂ ਦੀ ਕਾਫੀ ਘਾਟ ਹੈ, ਇਸ ਲਈ ਸਰਕਾਰ ਨੂੰ ਅਜਿਹੇ ਖਿਡਾਰੀਆਂ ਲਈ ਗਰਾਊਂਡ ਬਣਾਉਣੇ ਚਾਹੀਦੇ ਹਨ ਅਤੇ ਸਿਖਲਾਈ ਲਈ ਫ਼ੰਡ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਖੇਡ ਵਿੱਚ ਹੋਰ ਪ੍ਰਫੁੱਲਿਤ ਹੋ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਕਮਲਪ੍ਰੀਤ ਕੌਰ ਨੇ ਚੰਗੇ ਗਰਾਊਂਡ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੁੰਦੀ ਤਾਂ ਉਸ ਨੇ ਉਲੰਪਿਕ ਖੇਡਾਂ ਵਿੱਚ ਸੋਨ ਤਗਮਾ ਜ਼ਰੂਰ ਹਾਸਿਲ ਕਰਨਾ ਸੀ। ਉਨ੍ਹਾਂ ਵਲੋਂ ਸਰਕਾਰ ਤੋਂ ਖਿਡਾਰੀਆਂ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਪੈਨਸ਼ਨ ਦੇਣ ਦੀ ਵੀ ਮੰਗ ਕੀਤੀ ਗਈ ਤਾਂ ਜੋ ਉਹ ਖਿਡਾਰੀ ਇਸ ਪੈਸਿਆਂ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਫਿੱਟ ਰੱਖ ਸਕਣ। ਕੋਚ ਰਾਖੀ ਤਿਆਗੀ ਨੇ ਕਮਲਪ੍ਰੀਤ ਕੌਰ ਦੇ ਨਾਲ ਟੋਕੀਓ ਨਾ ਜਾਣ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੀ ਘਾਟ ਕਾਰਨ ਹੀ ਕਮਲਪ੍ਰੀਤ ਆਪਣੀ ਖੇਡ ਵਿੱਚੋਂ ਪੱਛੜ ਗਈ ਅਤੇ ਦੇਸ਼ ਲਈ ਤਗਮਾ ਹਾਸਿਲ ਨਹੀਂ ਕਰ ਸਕੀ।
ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਮੱਕੜ ਨੇ ਕਿਹਾ ਕਿ ਦੇਸ਼, ਸੂਬੇ ਅਤੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਧਾਰਨ ਪਰਿਵਾਰ ਦੀ ਲੜਕੀ ਕਮਲਪ੍ਰੀਤ ਓਲੰਪਿਕ ਖੇਡਾਂ ਵਿੱਚ ਖੇਡ ਕੇ ਆਈ ਹੈ ਜੋ ਹੋਰਨਾਂ ਖਿਡਾਰੀਆਂ ਲਈ ਵੀ ਪ੍ਰੇਰਨਾਸ੍ਰੋਤ ਬਣੇਗੀ। ਇਸ ਮੌਕੇ ਜੀ.ਓ.ਜੀ. ਇੰਚਾਰਜ਼ ਹਰਪ੍ਰੀਤ ਸਿੰਘ, ਸ਼ਤੀਸ਼ ਗੋਇਲ, ਵਿਕਾਸ ਗੁਪਤਾ, ਸੰਦੀਪ ਮਲੂਜਾ, ਰੋਹਿਤ ਕਾਲੜਾ, ਜੱਜ ਸ਼ਰਮਾ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ