ਐਮਾਜ਼ਾਨ, ਫਲਿੱਪਕਾਰਟ ਖਿਲਾਫ਼ ਜਾਂਚ ’ਚ ਦਖਲ ’ਤੇ ‘ਸੁਪਰੀਮ’ ਮਨਾਹੀ
ਨਵੀਂ ਦਿੱਲੀ। ਈ-ਕਾਮਰਸ ਦਿੱਗਜ ਕੰਪਨੀ ਐਮਾਜ਼ਨ ਅਤੇ ਫਲਿੱਪਕਾਰਟ ਨੂੰ ਵੱਡਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਨ੍ਹਾਂ ਦੇ ਵਿਰੁੱਧ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਦੀ ਜਾਂਚ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਦੋਵੇਂ ਕੰਪਨੀਆਂ ਸੀਸੀਆਈ ਦੁਆਰਾ ਮੁਕਾਬਲੇ ਦੇ ਕਾਨੂੰਨ ਦੀ ਉਲੰਘਣਾ ਲਈ ਜਾਂਚ ਅਧੀਨ ਹਨ। ਚੀਫ ਜਸਟਿਸ ਐਨਵੀ ਰਮਨ, ਜਸਟਿਸ ਵਿਨੀਤ ਸਰਨ ਅਤੇ ਜਸਟਿਸ ਸੂਰਿਆ ਕਾਂਤ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ ਅਦਾਲਤ ਨੇ ਦੋਵਾਂ ਕੰਪਨੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਹੈ। ਦੋਵਾਂ ਕੰਪਨੀਆਂ ਨੇ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਹਾਈਕੋਰਟ ਨੇ ਸੀਸੀਆਈ ਦੁਆਰਾ ਗੈਰ-ਪ੍ਰਤੀਯੋਗੀ ਕਾਰੋਬਾਰ ਲਈ ਦੋ ਕੰਪਨੀਆਂ ਦੇ ਖਿਲਾਫ ਸ਼ੁਰੂ ਕੀਤੀ ਮੁੱਢਲੀ ਜਾਂਚ (ਪੀਈ) ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।
ਸੁਪਰੀਮ ਕੋਰਟ ਸਖਤ
ਜਸਟਿਸ ਰਮਨ ਨੇ ਸੁਣਵਾਈ ਦੌਰਾਨ ਕਿਹਾ,“‘‘ਸਾਨੂੰ (ਹਾਈ ਕੋਰਟ ਦੇ) ਆਦੇਸ਼ਾਂ ਵਿੱਚ ਦਖ਼ਲ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ (ਜਾਂਚ ਵਿੱਚ ਸ਼ਾਮਲ ਹੋਣ ਦਾ) ਸਮਾਂ ਅੱਜ (9 ਅਗਸਤ) ਨੂੰ ਖਤਮ ਹੋ ਰਿਹਾ ਹੈ, ਅਸੀਂ ਚਾਰ ਹਫਤਿਆਂ ਦੀ ਮਿਆਦ ਵਧਾ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਆਪਣੀ ਮਰਜ਼ੀ ਨਾਲ ਜਾਂਚ ਵਿੱਚ ਸ਼ਾਮਲ ਹੋਣਗੀਆਂ। ਸੀਨੀਅਰ ਵਕੀਲ ਗੋਪਾਲ ਸੁਬਰਾਮਨੀਅਮ ਨੇ ਐਮਾਜ਼ਾਨ ਦੀ ਤਰਫੋਂ ਦਲੀਲ ਦਿੱਤੀ, ਜਦੋਂ ਕਿ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਫਲਿੱਪਕਾਰਟ ਵੱਲੋਂ ਪੇਸ਼ ਹੋਏ। ਸੀਸੀਆਈ ਲਈ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ