ਪਾਵਰਕੌਮ ਵੱਲੋਂ ਟਿਊਬਵੈੱਲਾਂ ਲਈ 8 ਘੰਟੇ ਦਿੱਤੀ ਜਾਵੇਗੀ ਬਿਜਲੀ ਸਪਲਾਈ
-
ਟਿਊਬਵੈੱਲਾਂ ਲਈ ਬਿਜਲੀ ਸਪਲਾਈ ਤੋਂ ਬਾਅਦ ਬਿਜਲੀ ਦੀ ਮੰਗ ’ਚ ਹੋਵੇਗਾ ਇਜਾਫ਼ਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਪਾਵਰਕੌਮ ਵੱਲੋਂ ਅਧਿਕਾਰਤ ਤੌਰ ’ਤੇ 10 ਜੂਨ ਤੋਂ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੇਣ ਦੇ ਨਾਲ ਹੀ ਪੰਜਾਬ ਅੰਦਰ ਬਿਜਲੀ ਡਿਮਾਂਡ ਵਿੱਚ ਵੱਡਾ ਵਾਧਾ ਹੋ ਜਾਵੇਗਾ। ਮੌਜੂਦਾ ਸਮੇਂ ਬਿਜਲੀ ਦੀ ਮੰਗ 9500 ਮੈਗਾਵਾਟ ਦੇ ਲਗਭਗ ਹੈ, ਜੋ ਕਿ ਆਉਣ ਵਾਲੇ ਦਿਨਾਂ ’ਚ 12 ਹਜਾਰ ਮੈਗਾਵਾਟ ਤੋਂ ਵੱਧ ਅੱਪੜਨ ਦੀ ਸੰਭਾਵਨਾ ਹੈ।
ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਭਰ ਅੰਦਰ 14 ਲੱਖ ਟਿਊਬਵੈੱਲ ਝੋਨੇ ਦੀ ਲਵਾਈ ਲਈ ਧਰਤੀ ਦੀ ਹਿੱਕ ਚੋਂ ਪਾਣੀ ਕੱਢਣਗੇ। ਪਿਛਲੇ ਦਿਨਾਂ ਤੋਂ ਗਰਮੀ ਨੇ ਵੀ ਵੱਟ ਕੱਢੇ ਹਨ ਅਤੇ ਝੋਨੇ ਦਾ ਸਮਾਂ ਪਾਵਰਕੌਮ ਲਈ ਇਮਤਿਹਾਨ ਸਾਬਤ ਹੋਵੇਗਾ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲ ਫਿਲਹਾਲ ਦੀ ਘੜੀ ਬੰਦ ਕੀਤੇ ਹੋਏ ਹਨ ਅਤੇ ਜਦਕਿ ਪ੍ਰਾਈਵੇਟ ਥਰਮਲ ਫੁੱਲ ਕਪੈਸਟੀ ’ਤੇ ਭਖੇ ਹੋਏ ਹਨ। ਮੌਜੂਦਾ ਸਮੇਂ ਬਿਜਲੀ ਦੀ ਮੰਗ 9500 ਮੈਗਾਵਾਟ ਦੇ ਲਗਭਗ ਚੱਲ ਰਹੀ ਹੈ ਅਤੇ 10 ਜੂਨ ਤੋਂ ਬਾਅਦ ਟਿਊਬਵੈੱਲਾਂ ਦੇ ਚੱਲਣ ਨਾਲ ਇੱਕ ਹਜਾਰ ਮੈਗਾਵਾਟ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ। ਪਾਵਰਕੌਮ ਵੱਲੋਂ 5660 ਮੈਗਾਵਟ ਬਿਜਲੀ ਬਾਹਰੋਂ ਖਰੀਦੀ ਜਾ ਰਹੀ ਹੈ।
ਪਾਵਰਕੌਮ ਦੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਬੰਦ ਕੀਤੇ ਹੋਏ ਹਨ। ਪਾਵਰਕੌਮ ਨੂੰ ਰਣਜੀਤ ਸਾਗਰ ਡੈਮ ਤੋਂ 145 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਨੂੰ ਆਪਣੇ ਹਾਈਡਲ ਪ੍ਰੋਜੈਕਟਾਂ ਤੋਂ 485 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਨੂੰ ਸਭ ਤੋਂ ਵੱਧ ਬਿਜਲੀ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਤੋਂ ਹਾਸਲ ਹੋ ਰਹੀ ਹੈ। ਇਸ ਪਲਾਂਟ ਤੋਂ ਦੋਵੇਂ ਯੂਨਿਟ ਕਾਰਜਸੀਲ ਹਨ ਅਤੇ 1322 ਮੈਗਾਵਾਟ ਬਿਜਲੀ ਉਤਪਾਦਨ ਕਰੇ ਰਹੇ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨਾਂ ਯੂਨਿਟਾਂ ਚੋਂ ਦੋ ਚੱਲ ਰਹੇ ਹਨ ਅਤੇ ਇਹ 1234 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।
ਇਸੇ ਤਰ੍ਹਾਂ ਹੀ ਗੋਇੰਦਵਾਲ ਥਰਮਲ ਪਲਾਂਟ ਦੇ ਵੀ ਦੋਵੇਂ ਯੂਨਿਟ ਭਖੇ ਹੋਏ ਹਨ ਅਤੇ ਇੱਥੋਂ 505 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਤਿੰਨੋਂ ਪ੍ਰਾਈਵੇਟ ਥਰਮਲ ਪਲਾਟਾਂ ਤੋਂ 3065 ਮੈਗਾਵਾਟ ਦੇ ਕਰੀਬ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਵੱਲੋਂ ਆਪਣੇ ਬਿਜਲੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜਨ ਤਹਿਤ ਆਪਣਾ ਹੈੱਡਕੁਆਟਰ ਨਾ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਲਈ ਸਾਰੇ ਪ੍ਰਬੰਧ ਪੂਰੇ ਹੋਣ ਦੀ ਗੱਲ ਆਖੀ ਗਈ ਹੈ।
ਦਿਹਾਤੀ ਖੇਤਰਾਂ ਵਿੱਚ ਲੱਗ ਰਹੇ ਅਣ ਐਲਾਨੇ ਕੱਟ
ਇੱਧਰ ਗਰਮੀ ਵੱਧਣ ਦੇ ਨਾਲ ਹੀ ਦਿਹਾਤੀ ਖੇਤਰਾਂ ਵਿੱਚ ਅਨ ਐਲਾਨੇ ਕੱਟ ਲੱਗ ਰਹੇ ਹਨ ਜਦਕਿ ਪਾਵਰਕੌਮ ਵੱਲੋਂ ਕਿਸੇ ਤਰ੍ਹਾਂ ਦੇ ਕੱਟਾਂ ਤੋਂ ਨਕਾਰਿਆ ਗਿਆ ਹੈ। ਦਿਹਾਤੀ ਖੇਤਰਾਂ ਦੇ ਵਸਨੀਕਾਂ ਅਨੁਸਾਰ ਰਾਤ ਨੂੰ ਘੰਟੇ ਤੋਂ ਲੈ ਕੇ ਡੇਢ ਘੰਟੇ ’ਤੇ ਕੱਟ ਲਗਾਏ ਜਾ ਰਹੇ ਹਨ। ਜਦੋਂ ਸਬੰਧਿਤ ਗਰਿੱਡ ’ਚ ਗੱਲ ਕੀਤੀ ਜਾਂਦੀ ਹੈ ਤਾਂ ਅੱਗੋਂ ਜਵਾਬ ਹੁੰਦਾ ਹੈ ਕਿ ਪਿੱਛੋਂ ਕਿਹਾ ਗਿਆ ਹੈ। ਉੁਂਜ ਪਾਵਰਕੌਮ ਦੇ ਸਡਿਊਲ ਅੰਦਰ ਕਿਸੇ ਪ੍ਰਕਾਰ ਦੇ ਕੋਈ ਕੱਟ ਨਹੀਂ ਹਨ।
13 ਹਜਾਰ ਮੈਗਾਵਾਟ ਤੋਂ ਵੱਧ ਬਿਜਲੀ ਦਾ ਪ੍ਰਬੰਧ : ਏ. ਵੈਨੂ ਪ੍ਰਸ਼ਾਦ
ਪਾਵਰਕੌਮ ਦੇ ਸੀਐਮਡੀ ਏ. ਵੈਨੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ 13000 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਨੂੰ ਬਿਨਾਂ ਕਿਸੇ ਝਿਜਕ ਤੋਂ ਪੂਰਾ ਕਰ ਲਿਆ ਜਾਵੇਗਾ। ਉਨ੍ਹ: ਕਿਹਾ ਕਿ ਬਿਜਲੀ ਦੀ ਮੰਗ ਲਈ ਮੌਜੂਦਾ ਸਰੋਤਾਂ ਤੋਂ ਇਲਾਵਾ ਝੋਨੇ ਦੇ ਸੀਜ਼ਨ ਦੌਰਾਨ ਥੋੜ੍ਹੇ ਸਮੇਂ ਲਈ ਬਿਜਲੀ ਪ੍ਰਬੰਧ ਅਤੇ ਹੋਰ ਰਾਜਾਂ ਨਾਲ ਬੈਂਕਿੰਗ ਜਰੀਏ 2700 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਖਪਤਕਾਰਾਂ ਨੂੰ ਵੀ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।