ਰਣਜੀਤ ਸਿੰਘ ਤੇ ਸ਼ਕਤੀ ਸਿੰਘ ਇੱਕ ਦਿਨ ਦੇ ਹੋਰ ਪੁਲਿਸ ਰਿਮਾਂਡ ’ਤੇ
ਸੱਚ ਕਹੂੰ ਨਿਊਜ਼, ਫਰੀਦਕੋਟ। ਬੇਅਦਬੀ ਮਾਮਲੇ ’ਚ ਗ੍ਰਿਫ਼ਤਾਰ ਡੇਰਾ ਸ਼ਰਧਾਲੂਆਂ ਦਾ ਸਿਟ ਵੱਲੋਂ ਲਗਾਤਾਰ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਬਚਾਅ ਪੱਖ ਦੇ ਵਕੀਲਾਂ ਮੁਤਾਬਿਕ ਪੰਜਾਬ ਪੁਲਿਸ ਦੀ ਸਿਟ ਮਾਣਯੋਗ ਅਦਾਲਤ ’ਚ ਅਜਿਹੇ ਕੋਈ ਤੱਥ ਪੇਸ਼ ਨਹੀਂ ਕਰ ਸਕੀ ਜਿਸ ਦੇ ਆਧਾਰ ’ਤੇ ਉਹ ਲਾਗਾਤਰ ਹੋਰ ਰਿਮਾਂਡ ਮੰਗ ਰਹੀ ਹੈ ਪਰ ਗ੍ਰਿਫ਼ਤਾਰ ਵਿਅਕਤੀਆਂ ਨੂੰ ਖੱਜਲ-ਖੁਆਰ ਕਰਨ ਹਿੱਤ ਸਿਰਫ ਰਿਮਾਂਡ ਦੀ ਹੀ ਮੰਗ ਕੀਤੀ ਜਾਂਦੀ ਹੈ।
ਸਿਟ ਟੀਮ ਵੱਲੋਂ ਅੱਜ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਨੰਬਰ 117 ’ਚ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ ਮਗਰੋਂ ਪੇਸ਼ ਕੀਤਾ ਗਿਆ ਸੀ। ਸੁਣਵਾਈ ਦੌਰਾਨ ਸਿਟ ਟੀਮ ਨੇ ਫਿਰ ਰਿਮਾਂਡ ਦੀ ਮੰਗ ਕੀਤੀ ਤਾਂ ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਵਿਨੋਦ ਮੋਂਗਾ, ਬਸੰਤ ਸਿੰਘ ਸਿੱਧੂ ਤੇ ਵਿਵੇਕ ਗੁਲਬਧਰ ਨੇ ਸਖਤ ਵਿਰੋਧ ਪ੍ਰਗਟਾਉਂਦਿਆਂ ਆਖਿਆ ਕਿ ਸਿਟ ਵੱਲੋਂ ਇਸ ਮਾਮਲੇ ’ਚ ਹੁਣ ਤੱਕ ਕੋਈ ਵੀ ਅਜਿਹਾ ਤੱਥ ਹਾਸਿਲ ਨਹੀਂ ਕੀਤਾ ਗਿਆ ਜਿਸਦੇ ਆਧਾਰ ’ਤੇ ਹੋਰ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ। ਸਿਟ ਦੀ ਮੰਗ ’ਤੇ ਮਾਣਯੋਗ ਅਦਾਲਤ ਵੱਲੋਂ ਇੱਕ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਗਿਆ। ਭਲਕੇ ਫਿਰ ਦੋਵਾਂ ਜਣਿਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਉੱਧਰ ਗ੍ਰਿਫ਼ਤਾਰ ਡੇਰਾ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਇਸ ਮਾਮਲੇ ’ਚ ਬਿਨਾ ਕਿਸੇ ਗੱਲ ਤੋਂ ਫਸਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘੋਰ ਨਿੰਦਣਯੋਗ ਹੈ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਅਸਲੀ ਦੋਸ਼ੀਆਂ ਨੂੰ ਲੱਭਣ ਦੀ ਥਾਂ ’ਤੇ ਡੇਰਾ ਸ਼ਰਧਾਲੂਆਂ ਨੂੰ ਧੱਕੇ ਨਾਲ ਫਸਾ ਕੇ ਜ਼ੁਲਮ ਕਰ ਰਹੀ ਹੈ
ਜਮਾਨਤ ਅਰਜੀ ’ਤੇ ਸੁਣਵਾਈ ਸੋਮਵਾਰ ਨੂੰ
ਬਚਾਅ ਪੱਖ ਦੇ ਐਡਵੋਕੇਟ ਨੇ ਦੱਸਿਆ ਕਿ 16 ਮਈ ਨੂੰ ਮੁਕੱਦਮਾ ਨੰਬਰ 128 ’ਚ ਗ੍ਰਿਫ਼ਤਾਰ ਕੀਤੇ ਗਏ 6 ਡੇਰਾ ਸ਼ਰਧਾਲੂ, ਜੋ ਜੁਡੀਸ਼ੀਅਲ ਰਿਮਾਂਡ ’ਤੇ ਹਨ ਉਨ੍ਹਾਂ ਦੀ ਜ਼ਮਾਨਤ ਅਰਜੀ ’ਤੇ ਅੱਜ ਵੀ ਸੁਣਵਾਈ ਹੋਈ । ਇਸ ਸਬੰਧੀ ਅਗਲੀ ਸੁਣਵਾਈ 31 ਮਈ, ਦਿਨ ਸੋਮਵਾਰ ਨੂੰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।