-
ਬਾਹਰਲੇ ਸੂਬਿਆਂ ਤੋਂ ਲਗਾਤਾਰ ਪੁੱਜ ਰਹੇ ਨੇ ਮਰੀਜ਼
-
ਪ੍ਰਾਈਵੇਟ ਹਸਪਤਾਲਾਂ ਅੰਦਰ ਬੈੱਡਾਂ ਦੀ ਵਧਾਈ ਜਾ ਰਹੀ ਐ ਗਿਣਤੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕੋਰੋਨਾ ਦਾ ਕਹਿਰ ਮਨੁੱਖੀ ਜਿੰਦਗੀਆਂ ਨੂੰ ਲਗਾਤਾਰ ਨਿਗਲ ਰਿਹਾ ਹੈ। ਰਜਿੰਦਰਾ ਹਸਪਤਾਲ ਵਿਖੇ 24 ਘੰਟਿਆਂ ਦੌਰਾਨ 37 ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਜਿੰਦਰਾ ਹਸਪਤਾਲ ਅੰਦਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਬਾਹਰਲੇ ਸੂਬਿਆਂ ਤੋਂ ਲਗਾਤਾਰ ਮਰੀਜ਼ ਪੁੱਜ ਰਹੇ ਹਨ। ਮ੍ਰਿਤਕ 37 ਮਰੀਜ਼ਾਂ ਵਿੱਚੋੋਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ 8 ਮਰੀਜ਼ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਦੀਆਂ ਕੋਰੋਨਾ ਵਾਰਡਾਂ ਅੰਦਰ ਦੁਪਹਿਰ ਤੱਕ 330 ਮਰੀਜ਼ ਦਾਖਲ ਸਨ। ਪਤਾ ਲੱਗਾ ਹੈ ਕਿ ਬਾਹਰਲੇ ਸੂਬਿਆਂ ਤੋਂ ਹੋਰ ਮਰੀਜ਼ ਵੀ ਸ਼ਾਮ ਤੱਕ ਪੁੱਜ ਰਹੇ ਹਨ। ਕੋਰੋਨਾ ਨਾਲ ਆਪਣੀ ਜਿੰਦਗੀ ਹਾਰੇ 37 ਮਰੀਜ਼ਾਂ ’ਚੋਂ 25 ਮਰੀਜ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ 3 ਮਰੀਜ਼ ਦਿੱਲੀ ਦੇ ਸਨ। ਇਨ੍ਹਾਂ ਵਿੱਚ 1 ਸ਼ੱਕੀ ਮਰੀਜ਼ ਵੀ ਸ਼ਾਮਲ ਹੈ।
ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡਾਂ ਅੰਦਰ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਪ੍ਰਾਈਵੇਟ ਹਸਪਤਾਲਾਂ ਅੰਦਰ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਸ ਸਬੰਧੀ ਪ੍ਰਾਈਵੇਟ ਹਸਪਤਾਲਾਂ ਨਾਲ ਗੱਲ ਕੀਤੀ ਜਾ ਰਹੀ ਹੈ। ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਦਿੱਲੀ, ਯੂਪੀ, ਹਰਿਆਣਾ ਆਦਿ ਸੂਬਿਆਂ ਤੋਂ ਮਰੀਜ਼ ਇੱਥੇ ਪੁੱਜ ਰਹੇ ਹਨ, ਜਿਸ ਕਾਰਨ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ।
ਮੌਤਾਂ ਸਬੰਧੀ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਮਰੀਜ਼ ਗੰਭੀਰ ਹਾਲਤ ਵਿੱਚ ਦਾਖਲ ਹੋ ਰਹੇ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ। ਇੱਧਰ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮਿਤ ਸਿੰਘ ਦਾ ਕਹਿਣਾ ਹੈ ਕਿ ਜਿੰਨੇ ਬੈਂਡ ਵਧਾਏ ਜਾ ਰਹੇ ਹਨ, ਉਸ ਤੋਂ ਵੱਧ ਮਰੀਜ਼ ਪੁੱਜ ਰਹੇ ਹਨ। ਪਹਿਲਾਂ ਹੀ ਪ੍ਰਾਈਵੇਟ ਹਸਪਤਾਲਾਂ ਅੰਦਰ ਬੈੱਡਾਂ ਦੀ ਗਿਣਤੀ ਵਧਾਈ ਗਈ ਹੈ ਅਤੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੱਥੇ-ਕਿੱਥੇ ਬੈੱਡਾਂ ਦਾ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਹਿਦਾਇਤਾਂ ਦੀ ਪਾਲਣਾ ਕਰਨ, ਕਿਉਂਕਿ ਇਹ ਵਾਇਰਸ ਮਨੁੱਖੀ ਜਿੰਦਗੀਆਂ ਲਈ ਕਹਿਰ ਬਣ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।