ਅਦਾਕਾਰ ਗਿੱਪੀ ਗਰੇਵਾਲ ਨੇ ਤੋੜਿਆ ਲਾਕਡਾਊਨ, ਪੁਲਿਸ ਨੇ ਕੀਤਾ ਗ੍ਰਿਫਤਾਰ

ਲਾਕਡਾਊਨ ਦੇ ਬਾਵਜੂਦ ਕੀਤੀ ਜਾ ਰਹੀ ਸੀ ਫਿਲਮੀ ਦੀ ਸੂਟਿੰਗ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਫਿਲਮੀ ਕਲਾਕਾਰਾਂ ਵੱਲੋਂ ਲਗਾਤਾਰ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਆਪਣੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਪ੍ਰ੍ਰਸਿੱਧ ਪੰਜਾਬੀ ਫਿਲਮਕਾਰ ਤੇ ਗਾਇਕ ਗਿੱਪੀ ਗਰੇਵਾਲ ਸਮੇਤ ਉਸਦੀ ਟੀਮ ਵਿਰੁੱਧ ਕੋਵਿਡ ਨਿਯਮਾਂ ਦੀ ਉਲੰਘਣਾ ਤਹਿਤ ਬਨੂੜ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਗਿੱਪੀ ਗਰੇਵਾਲ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਕੁਝ ਸਮੇਂ ਬਾਅਦ ਹੀ ਗਿੱਪੀ ਗਰੇਵਾਲ ਨੂੰ ਜ਼ਮਾਨਤ ਦਿੰਦਿਆਂ ਰਿਹਾਅ ਵੀ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਗਿੱਪੀ ਗਰੇਵਾਲ ਵੱਲੋਂ ਬਨੂੜ ਦੇ ਇੱਕ ਪਿੰਡ ਵਿੱਚ ਲਾਕਡਾਉੂਨ ਦੇ ਬਾਵਜੂਦ ਆਪਣੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਟੀਮ ਵਿੱਚ 100 ਤੋਂ ਵਧੇਰੇ ਲੋਕ ਮੌਜੂਦ ਸਨ। ਜਿਨ੍ਹਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇਸ ਫਿਲਮ ਦੀ ਸ਼ੂਟਿੰਗ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ’ਤੇ ਪੁਲਿਸ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਫਿਲਮ ਦਾ ਸੈੱਟ ਸਮੇਤ ਕਾਫ਼ੀ ਗੱਡੀਆਂ ਉੱਥੇ ਮੌਜੂਦ ਸਨ।

ਪੁਲਿਸ ਵੱਲੋਂ ਜਦੋਂ ਸੂਟਿੰਗ ਦੀ ਪਰਮਿਸ਼ਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਪਰਮਿਸ਼ਨ ਨਹੀਂ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਕਡਾਊਨ ਦੀ ਉਲੰਘਣਾ ਤਹਿਤ ਪਰਚਾ ਦਰਜ਼ ਕਰਕੇ ਗਿੱਪੀ ਗਰੇਵਾਲ ਸਮੇਤ ਉਸਦੇ ਟੀਮ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਬਨੂੜ ਦੇ ਸਾਬਕਾ ਐਮ.ਸੀ. ਵੱਲੋਂ ਗਿੱਪੀ ਗਰੇਵਾਲ ਦੀ ਜ਼ਮਾਨਤ ਦੇ ਦਿੱਤੀ ਗਈ , ਜਿਸ ਤੋਂ ਬਾਅਦ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦੇ ਪੁੱਜਣ ’ਤੇ ਕਈ ਲੋਕ ਇੱਧਰ ਉਧਰ ਖੇਤਾਂ ਰਾਹੀਂ ਭੱਜ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਰਫਿਊ ਤੋੜਨ ਤਹਿਤ ਧਾਰਾ 188 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।