ਪਾਇਲਟ ਪ੍ਰੋਗਰਾਮ ‘ਚ 990 ਟਿਊਬਵੈੱਲ ਕੀਤੇ ਜਾਣਗੇ ਸ਼ਾਮਲ

ਕੈਬਨਿਟ ਦੇ ਫੈਸਲੇ ਪੰਜਾਬ ‘ਚ ਬੰਬੀਆਂ ‘ਤੇ ਲੱਗਣਗੇ ਮੀਟਰ

  • ਤਿੰਨ ਜ਼ਿਲ੍ਹਿਆਂ ‘ਚ ਲਾਗੂ ਹੋਵੇਗਾ ਬਿਜਲੀ ਸਬੰਧੀ ਪਾਇਲਟ ਪ੍ਰਾਜੈਕਟ
  • ਬੰਦ ਹੋਣਗੇ 1647 ਸੇਵਾ ਕੇਂਦਰ, ਸਿਰਫ਼ ਚੱਲਣਗੇ 500 ਸੇਵਾ ਕੇਂਦਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਨੇ ਬਿਜਲੀ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 990 ਟਿਊਬਵੈੱਲ ਕੁਨੈਕਸ਼ਨਾਂ ਵਾਸਤੇ ਮੀਟਰ ਲਾਉਣ ਦਾ ਫੈਸਲਾ ਲਿਆ ਹੈ ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲੇ ਅਨੁਸਾਰ ਬਿਜਲੀ ‘ਤੇ ਸਬਸਿਡੀ ਕਿਸਾਨ ਨੂੰ ਸਿੱਧੀ ਦਿੱਤੀ ਜਾਵੇਗੀ ਸਰਕਾਰ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਨਵਾਂ ਸ਼ਹਿਰ ਅਤੇ ਜਲੰਧਰ ਦੇ ਛੇ ਬਿਜਲੀ ਫੀਡਰਾਂ ਦੇ 990 ਟਿਊਬਵੈੱਲ ਕੁਨੈਕਸ਼ਨਾਂ ‘ਤੇ ਮੀਟਰ ਲਾਉਣ ਦਾ ਫੈਸਲਾ ਕੀਤਾ ਹੈ ਇਨ੍ਹਾਂ ‘ਤੇ ਸਫ਼ਲਤਾ ਤੋਂ ਬਾਅਦ ਇਸ ਸਕੀਮ ਨੂੰ ਅੱਗੇ ਵਧਾਇਆ ਜਾਵੇਗਾ  ਸਕੀਮ ਅਨੁਸਾਰ ਬਿਜਲੀ ਦਾ ਬਿੱਲ ਕਿਸਾਨ ਨੂੰ ਆਏਗਾ, ਉਸ ਨੂੰ ਭਰਨ ਲਈ ਸਬਸਿਡੀ ਦੇ ਤੌਰ ‘ਤੇ ਰਾਸ਼ੀ ਸਰਕਾਰ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਏਗੀ।

ਮਨਪ੍ਰੀਤ ਬਾਦਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀਬਾੜੀ ਤੇ ਸਿੰਚਾਈ ਵਿਭਾਗ ਵੱਲੋਂ ਪਾਇਲਟ ਪ੍ਰੋਜੈਕਟ ਵਜੋਂ 6 ਬਿਜਲੀ ਦੇ ਫੀਡਰਾਂ ਅਧੀਨ ਪੈਂਦੇ ਟਿਊਬਵੈੱਲਾਂ ‘ਤੇ ਹੀ ਇਹ ਮੀਟਰ ਲਾਏ ਜਾਣਗੇ, ਜਿਸ ਤੋਂ ਬਾਅਦ ਅੱਗੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਟਿਊਬਵੈੱਲ ਕੁਨੈਕਸ਼ਨ ਦਾ ਸਬਸਿਡੀ ਦੇ ਤੌਰ ‘ਤੇ ਕਿਸਾਨ ਨੂੰ 48000 ਸਾਲਾਨਾ ਪੈਸਾ ਮਿਲੇਗਾ, ਜਿਹੜਾ ਇਸ ਵਿੱਚੋਂ ਬੱਚਤ ਕਰੇਗਾ, ਉਹ ਬਿੱਲ ਭਰਕੇ ਖ਼ੁਦ ਰੱਖ ਸਕਦਾ ਹੈ।

ਜੇਕਰ ਜ਼ਿਆਦਾ ਬਿੱਲ ਆਇਆ ਤਾਂ ਕਿਸਾਨ ਨੂੰ ਆਪਣੀ ਜੇਬ ਵਿੱਚੋਂ ਭਰਨੇ ਪੈਣਗੇ। ਇਸ ਦੇ ਨਾਲ ਹੀ ਕਿਸਾਨ ਆਪਣੀ ਇੱਛਾ ਸ਼ਕਤੀ ਨਾਲ ਬਿਜਲੀ ਸਬਸਿਡੀ ਛੱਡ ਸਕਣਗੇ। ਕੈਬਨਿਟ ਮੀਟਿੰਗ ਵਿੱਚ ਇਸ ਸਮੇਂ ਚੱਲ ਰਹੇ 2147 ਸੇਵਾ ਕੇਂਦਰਾਂ ਵਿੱਚੋਂ 500 ਨੂੰ ਛੱਡ ਕੇ 1647 ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ, ਕਿਉਂਕਿ ਇਨ੍ਹਾਂ ਸੇਵਾ ਕੇਂਦਰਾਂ ‘ਤੇ ਖ਼ਰਚ ਜ਼ਿਆਦਾ ਹੋ ਰਿਹਾ ਸੀ ਅਤੇ ਕੰਮ ਘੱਟ ਕੀਤਾ ਜਾ ਰਿਹਾ ਸੀ। ਗਰੁੱਪ ਏ ਅਧੀਨ ਆਉਂਦੇ ਆਈ.ਏ.ਐਸ. ਅਤੇ ਪੀ.ਸੀ.ਐਸ. ਸਣੇ ਆਈ.ਪੀ.ਐਸ. ਸਣੇ 26 ਹਜ਼ਾਰ ਅਧਿਕਾਰੀਆਂ ਨੂੰ ਹਰ ਸਾਲ ਸੰਪਤੀ ਜਨਤਕ ਕਰਨ ਦੇ ਫੈਸਲੇ ‘ਤੇ ਕੈਬਨਿਟ ਨੇ ਮੋਹਰ ਲਾਈ ਹੈ। ਇਸ ਤੋਂ ਇਲਾਵਾ ਵੱਖ-ਵੱਖ 6 ਵਿਭਾਗਾਂ ਵਿੱਚ ਡਾਇਰੈਕਟਰੇਟ ਬਣਾਉਣ ਸਬੰਧੀ ਵੀ ਪ੍ਰਵਾਨਗੀ ਦਿੱਤੀ ਗਈ ਹੈ।