ਅਨੁਸੂਚਿਤ ਜਾਤੀ ਦੇ ਲੋਕਾਂ ਦਾ 50 ਹਜ਼ਾਰ ਦਾ ਕਰਜ਼ਾ ਮੁਆਫ਼ : ਅਮਰਿੰਦਰ

ਡਾ. ਅੰਬੇਦਕਰ ਦੇ ਜਨਮ ਦਿਹਾੜੇ ‘ਤੇ ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਕੀਮ ਸ਼ੁਰੂ | Scheduled Caste

ਜਲੰਧਰ (ਸੱਚ ਕਹੂੰ ਨਿਊਜ਼)। ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ‘ਤੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ (Scheduled Caste) ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ ਕਰਨ ਦੀ ਸਕੀਮ ਸ਼ੁਰੂ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਹੋਰ ਗ਼ਰੀਬ ਲੋਕਾਂ ਦਾ ਵੀ ਕਰਜ਼ਾ ਸਰਕਾਰ ਮੁਆਫ਼ ਕਰ ਰਹੀ ਹੈ ਤੇ ਇਸੇ ਦੀ ਸ਼ੁਰੂਆਤ ਅੱਜ ਜਲੰਧਰ ਤੋਂ ਕੀਤੀ ਗਈ ਹੈ, ਜਿਸ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਲੋਕਾਂ ਦਾ 50 ਹਜ਼ਾਰ ਤੱਕ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਦਲਿਤ ਵਿਰੋਧੀ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਐਸ.ਸੀ. ਐਕਟ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਕੈਪਟਨ ਨੇ ਖੁਰਾਲਗੜ੍ਹ ਦੇ ਰਵੀਦਾਸ ਮੈਮੋਰੀਅਲ ਵਾਸਤੇ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਤੇ ਜਲੰਧਰ ਦੀ ਬੂਟਾ ਮੰਡੀ ਵਿੱਚ ਡਾ. ਅੰਬੇਦਕਰ ਦੇ ਨਾਂਅ ‘ਤੇ ਕਾਲਜ ਖੋਲ੍ਹਣ ਦੀ ਗੱਲ ਵੀ ਆਖੀ ਕੈਪਟਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਅੰਬੇਦਕਰ ਚੇਅਰ ਵਾਸਤੇ ਫੰਡ ਦੇਣਾ ਬੰਦ ਕਰ ਦਿੱਤਾ ਸੀ ਅਸੀਂ ਉਸ ਵਾਸਤੇ ਮੁੜ ਫੰਡ ਸ਼ੁਰੂ ਕਰਾਂਗੇ ਤਾਂ ਜੋ ਨੌਜਵਾਨ ਪੀੜ੍ਹੀ ਉੱਥੇ ਰਿਸਰਚ ਕਰ ਸਕੇ।

ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ ਨਾਲ ਮੰਤਰੀ ਸਾਧੂ ਸਿੰਘ ਧਰਮਸੋਤ, ਮੰਤਰੀ ਚਰਨਜੀਤ ਚੰਨੀ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਐਮ.ਪੀ. ਸੰਤੋਖ ਚੌਧਰੀ, ਐਮ.ਪੀ. ਸੁਨੀਲ ਜਾਖੜ ਤੋਂ ਇਲਾਵਾ ਜਲੰਧਰ ਤੇ ਹੁਸ਼ਿਆਰਪੁਰ ਦੇ ਕਈ ਵਿਧਾਇਕ ਸ਼ਾਮਲ ਸਨ ਜ਼ਿਆਦਾਤਰ ਮੰਤਰੀ ਡਾ. ਅੰਬੇਦਕਰ ਬਾਰੇ ਗੱਲ ਕਰਨ ਦੀ ਥਾਂ ਪਿਛਲੀ ਸਰਕਾਰ ਦੇ ਦਲਿਤ ਵਿਰੋਧੀ ਹੋਣ ਦੀ ਗੱਲ ਆਖ ਕੇ ਉਨ੍ਹਾਂ ‘ਤੇ ਹੀ ਸ਼ਬਦੀ ਹਮਲੇ ਕਰਦੇ ਰਹੇ।