ਪਿਛਲੇ ਡੇਢ-ਦੋ ਸਾਲ ਦੌਰਾਨ ਬਣੇ 4300 ਤੋਂ ਜ਼ਿਆਦਾ ਸਮਾਰਟ ਸਕੂਲ
ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਕੇ ਗਏ ਐਨ.ਆਈ.ਆਈਜ਼ ਨੇ ਮੰਦਿਰ ਮਸਜਿਦ ਨਹੀਂ ਸਗੋਂ ਪੰਜਾਬ ਦੇ ਭਵਿੱਖ ਨੂੰ ਸੁਧਾਰਨ ਲਈ ਠਾਣ ਲਈ ਹੈ ਪਿਛਲੇ ਡੇਢ-ਦੋ ਸਾਲ ਦੌਰਾਨ ਜਿੱਥੇ ਪੰਜਾਬ ਸਰਕਾਰ ਸਿਰਫ਼ 261 ਸਮਾਰਟ ਸਕੂਲ ਪੰਜਾਬ ਵਿੱਚ ਤਿਆਰ ਕਰ ਸਕੀ ਹੈ, ਉੱਥੇ ਦੂਜੇ ਪਾਸੇ ਐਨ.ਆਰ.ਆਈਜ਼ ਨੇ 4300 ਤੋਂ ਜਿਆਦਾ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਹੈ ਤਾਂ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਚੰਗੀ ਪੜ੍ਹਾਈ ਕਰਦੇ ਹੋਏ ਪੰਜਾਬ ਅਤੇ ਦੇਸ਼ ਦਾ ਚੰਗਾ ਭਵਿੱਖ ਤਿਆਰ ਕਰ ਸਕਣ। ਐਨ.ਆਰ.ਆਈਜ ਦੀ ਇਸ ਕੋਸ਼ਿਸ਼ ਨੂੰ ਦੇਖਦੇ ਹੋਏ ਪੰਜਾਬ ਵਿੱਚ ਰਹਿੰਦੇ ਕਈ ਵੱਡੇ ਸ਼ਾਹੂਕਾਰ ਵੀ ਹੁਣ ਮੰਦਿਰ ਮਸਜਿਦ ਜਾਂ ਫਿਰ ਹੋਰ ਧਾਰਮਿਕ ਥਾਵਾਂ ‘ਤੇ ਦਾਨ ਕਰਨ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਹੀ ਪੈਸਾ ਖ਼ਰਚ ਕਰਨ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਪੰਜਾਬ ਦੇ ਸਿੱਖਿਆ ਵਿਭਾਗ ਕੋਲ ਕਰੋੜਾਂ ਰੁਪਏ ਹਰ ਮਹੀਨੇ ਆ ਰਹੇ ਹਨ, ਜਿਸ ਨੂੰ ਨਿਯਮਾਂ ਅਨੁਸਾਰ ਖ਼ਰਚ ਕਰਨ ਵਿੱਚ ਸਿੱਖਿਆ ਵਿਭਾਗ ਲੱਗਿਆ ਹੋਇਆ ਹੈ। (Future )
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਵੀ ਐਨ.ਆਰ.ਆਈਜ ਨੇ ਧਾਰਮਿਕ ਅਸਥਾਨਾਂ ਵਿਖੇ ਦਾਨ ਕਰਨ ਦੀ ਥਾਂ ‘ਤੇ ਜਿਆਦਾ ਤਵੱਜੋਂ ਸਰਕਾਰੀ ਸਕੂਲਾਂ ਨੂੰ ਹੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਕ ਐਨ.ਆਰ.ਆਈ. ਨੇ ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਕੋਲ ਪਹੁੰਚ ਕੀਤੀ ਹੈ ਕਿ ਉਹ ਇਸ ਪਵਿੱਤਰ ਮੌਕੇ ‘ਤੇ 550 ਕੰਪਿਊਟਰ ਸਰਕਾਰੀ ਸਕੂਲਾਂ ਨੂੰ ਦਾਨ ਕਰਨਾ ਚਾਹੁੰਦਾ ਹੈ ਤਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੀ ਪੜ੍ਹਾਈ ਕਰਦੇ ਹੋਏ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਖੜ੍ਹੇ ਹੋ ਸਕਣ। (Future )
ਐਨ.ਆਰ.ਆਈਜ਼ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਦੇ ਹੋਏ ਚੰਗੀ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਅਫ਼ਸਰ ਜਾਂ ਫਿਰ ਚੰਗੇ ਕਾਰੋਬਾਰੀਆਂ ਦੀ ਲਿਸਟ ਖ਼ੁਦ ਬਣਾ ਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਉਨ੍ਹਾਂ ਤੱਕ ਪਹੁੰਚ ਕਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਸਰਕਾਰੀ ਸਕੂਲਾਂ ਲਈ ਉਨ੍ਹਾਂ ਤੋਂ ਵੀ ਸਹਿਯੋਗ ਲੈ ਸਕਣ। ਇਸ ਕੋਸ਼ਿਸ਼ ਵਿੱਚ ਵੀ ਸਿੱਖਿਆ ਵਿਭਾਗ ਵੱਡੀ ਗਿਣਤੀ ਵਿੱਚ ਸਫ਼ਲ ਸਾਬਤ ਹੋਇਆ ਹੈ, ਕਿਉਂਕਿ ਐਨ.ਆਰ.ਆਈਜ਼. ਦੇ ਨਾਲ ਹੀ ਪੰਜਾਬ ਵਿੱਚ ਰਹਿੰਦੇ ਅਫਸਰ ਅਤੇ ਸ਼ਾਹੂਕਾਰ ਸਰਕਾਰੀ ਸਕੂਲਾਂ ਲਈ ਸਹਾਇਤਾ ਦੇਣ ਲੱਗ ਪਏ ਹਨ।
ਸੀ.ਐਸ.ਆਰ. ਲੈਣ ਲਈ ਉਦਯੋਗਪਤੀਆਂ ਕੋਲ ਜਾਵੇਗਾ ਵਿਭਾਗ
ਸਿੱਖਿਆ ਵਿਭਾਗ ਹੁਣ ਪੰਜਾਬ ਵਿੱਚ ਕਾਰੋਬਾਰ ਕਰ ਰਹੇ ਹਰ ਉਸ ਕਾਰੋਬਾਰੀ ਕੋਲ ਜਾਵੇਗਾ, ਜਿਹੜਾ ਕਿ ਸੀ.ਐਸ.ਆਰ. ਦੇ ਅਧੀਨ ਆਉਂਦਾ ਹੈ। ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਇਸ ਸਮੇਂ 2 ਫੀਸਦੀ ਚੱਲ ਰਿਹਾ ਹੈ। ਇਸ ਸੀ.ਐਸ.ਆਰ. ਤਹਿਤ ਹਰ ਕਾਰੋਬਾਰੀ ਨੂੰ ਆਪਣੀ ਕਮਾਈ ਵਿੱਚੋਂ 2 ਫੀਸਦੀ ਸਮਾਜਿਕ ਜ਼ਿੰਮੇਵਾਰੀਆਂ ‘ਤੇ ਖ਼ਰਚ ਕਰਨਾ ਹੁੰਦਾ ਹੈ। ਹੁਣ ਤੱਕ ਪੰਜਾਬ ‘ਚ ਕੰਮ ਕਰਨ ਵਾਲੇ ਵੱਡੇ ਕਾਰੋਬਾਰੀ ਪੰਜਾਬ ਤੋਂ ਬਾਹਰ ਦਿੱਲੀ ਜਾਂ ਫਿਰ ਹੋਰ ਥਾਂਵਾਂ ‘ਤੇ ਸਮਾਜਿਕ ਜ਼ਿੰਮੇਵਾਰੀਆਂ ‘ਤੇ ਖ਼ਰਚ ਕਰਨ ਵਿੱਚ ਲੱਗੇ ਹੋਏ ਸਨ ਪਰ ਹੁਣ ਸਿੱਖਿਆ ਵਿਭਾਗ ਪੰਜਾਬ ਦੇ ਹਰ ਕਾਰੋਬਾਰੀ ਕੋਲ ਜਾ ਕੇ 2 ਫੀਸਦੀ ਸੀਐਸਆਰ ਸਕੂਲਾਂ ਲਈ ਲੈ ਕੇ ਆਉਣ ਦੀ ਕੋਸ਼ਿਸ਼ ਵਿੱਚ ਜੁਟ ਗਿਆ ਹੈ। ਜਿਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਤੱਕ ਬਦਲ ਸਕਦੀ ਹੈ।
ਕਾਫ਼ੀ ਸਹਿਯੋਗ ਮਿਲ ਰਿਹੈ, ਹੋਰ ਵੀ ਕੋਸ਼ਿਸ਼ ਜਾਰੀ: ਸਿੰਗਲਾ
ਸਿੱਖਿਆ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ‘ਚ ਕੰਮ ਕਰਨ ਵਾਲੇ ਵੱਡੇ ਕਾਰੋਬਾਰੀਆਂ ਨਾਲ ਸੰਪਰਕ ਕਰਦੇ ਹੋਏ ਸੀ.ਐਸ.ਆਰ. ਨੂੰ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਖ਼ਰਚ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਕੋਸ਼ਿਸ਼ ਨਾਲ ਕਈ ਕਾਰੋਬਾਰੀਆਂ ਨੇ ਸਕੂਲਾਂ ਲਈ ਸੀ.ਐਸ.ਆਰ. ਦੇਣ ਦਾ ਵਾਅਦਾ ਕਰਦੇ ਹੋਏ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਹੋਰ ਕਾਰੋਬਾਰੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇੱਥੇ ਹੀ ਐਨ.ਆਰ.ਆਈ. ਅਤੇ ਸ਼ਾਹੂਕਾਰਾਂ ਸਣੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਅਧਿਕਾਰੀ ਵੀ ਕਾਫ਼ੀ ਸਹਿਯੋਗ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।