ਕਿਸੇ ਸ਼ਰਾਰਤੀ ਵਿਦਿਆਰਥੀ ਨੇ ਕੀਤੀ ਸ਼ਰਾਰਤ
(ਅਜਯ ਕਮਲ) ਰਾਜਪੁਰਾ। ਅੱਜ ਸਵੇਰੇ ਸਥਾਨਕ ਸਰਕਾਰੀ ਐਨਟੀਸੀ ਸਕੂਲ ਨੰਬਰ 1 ਸਾਇੰਸ ਕਲਾਸ ਦੇ ਵਿਦਿਆਰਥੀ ਵੱਲੋਂ ਸਕੂਲ ਲੱਗਣ ਤੋਂ ਪਹਿਲਾਂ ਬਾਰ੍ਹਵੀਂ ਜਮਾਤ ਦੇ ਇੱਕ ਕਮਰੇ ਵਿਚ ਜਿਆਦਾ ਸੈਂਟ (Perfume) ਛਿੜਕ ਦੇਣ ਨਾਲ ਜਮਾਤ ’ਚ ਦਾਖ਼ਲ ਹੋਏ 3 ਵਿਦਿਆਰਥਣਾਂ ਸਮੇਤ 4 ਵਿਦਿਆਰਥੀ ਬੇਹੋਸ਼ ਹੋ ਗਏ ਜਿਸ ਕਰਕੇ ਅਧਿਆਪਕਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਅਤੇ ਬੱਚਿਆ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਤੁਰੰਤ ਦਾਖ਼ਲ ਕਰਵਾਇਆ ਗਿਆ। ਜਿੱਥੇ ਬੱਚੇ ਖ਼ਤਰੇ ਤੋਂ ਬਾਹਰ ਦੱਸੇ ਗਏ ਹਨ।
ਮੌਕੇ ’ਤੇ ਮੌਜੂਦ ਅਧਿਆਪਕ ਨੇ ਦੱਸਿਆ ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਸਥਾਨਕ ਸਰਕਾਰੀ ਸਕੂਲ ਸ਼ੁਰੂ ਹੋਇਆ ਤੇ ਵਿਦਿਆਰਥੀ ਆਪਣੀਆਂ ਜਮਾਤਾਂ ਵਿਚ ਜਾਣ ਲੱਗੇ ਤਾਂ ਇਸ ਤੋਂ ਪਹਿਲਾਂ ਕਿਸੇ ਸ਼ਰਾਰਤੀ ਵਿਦਿਆਰਥੀ ਨੇ ਬਾਹਰਵੀਂ ਸਾਇੰਸ ਜਮਾਤ ਦੇ ਇੱਕ ਕਮਰੇ ਵਿਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੈਂਟ ਛਿੜਕ ਦਿੱਤਾ। ਜਿਸ ’ਤੇ ਜਦੋਂ ਵਿਦਿਆਰਥੀ ਆਪਣੀ ਜਮਾਤ ਵਿਚ ਦਾਖ਼ਲ ਹੋਏ ਤਾਂ 3 ਵਿਦਿਆਰਥਣਾਂ ਅਮਨਦੀਪ ਕੌਰ ਵਾਸੀ ਗੁਰੂ ਅੰਗਦ ਦੇਵ ਕਲੌਨੀ ਰਾਜਪੁਰਾ, ਪਰਮਿੰਦਰ ਕੌਰ ਵਾਸੀ ਗੁਰੂ ਅਰਜਨ ਦੇਵ ਕਲੌਨੀ, ਇਸ਼ੀਤਾ ਵਾਸੀ ਗਊ ਸ਼ਾਲਾ ਰੋਡ ਰਾਜਪੁਰਾ ਅਤੇ ਇਕ ਵਿਦਿਆਰਥੀ ਅਨਮੋਲ ਸਿੰਘ ਬੇਹੋਸ਼ ਹੋ ਗਏ।
ਵਿਦਿਆਰਥੀਆਂ ਦੀ ਹਲਾਤ ਵਿਗੜਨ ’ਤੇ ਹਸਪਤਾਲ ਕਰਵਾਇਆ ਦਾਖਲ
ਜਿਨ੍ਹਾ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਇਲਾਜ ਸ਼ੁਰੂ ਕਰ ਦਿੱਤਾ। ਜਿਸ ’ਤੇ ਸੂਚਨਾ ਮਿਲਣ ’ਤੇ ਡੀਐਸਪੀ ਸੁਰਿੰਦਰ ਮੋਹਨ ਸਮੇਤ ਹੋਰ ਅਧਿਕਾਰੀ ਹਸਪਤਾਲ ਮੌਕੇ ’ਤੇ ਪਹੁੰਚ ਗਏ। ਇਸ ਸਬੰਧੀ ਡਾ. ਬਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਕਿਸੇ ਬੱਚੇ ਵੱਲੋਂ ਕੋਈ ਕੋਈ ਸੇਂਟ ਨੁਮਾ ਚੀਜ਼ ਝਿੜਕਣ ਕਾਰਨ ਉਕਤ ਬੱਚੇ ਬੇਹੋਸ਼ ਹੋ ਗਏ ਸਨ ਅਤੇ ਹੁਣ ਖ਼ਤਰੇ ਤੋਂ ਬਾਹਰ ਹਨ।
ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਜਲਦੀ ਇਨ੍ਹਾਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ। ਮੌਕੇ ’ਤੇ ਆਪਣੇ ਸਟਾਫ ਮੈਂਬਰਾਂ ਨਾਲ ਪਹੁੰਚੇ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਬੇਨਤੀ ਕੀਤੀ ਗਈ ਹੈ ਤਾਂ ਕਿ ਹੋਰ ਬੱਚੇ ਸਕੂਲ ਵਿਚ ਅਜਿਹੀਆਂ ਸ਼ਰਾਰਤਾਂ ਨਾ ਕਰ ਸਕਣ। ਇਸ ਮੌਕੇ ਸਿਵਲ ਹਸਪਤਾਲ ਵਿੱਚ ਬੱਚਿਆਂ ਦੇ ਮਾਪੇ ਵੀ ਪਹੁੰਚ ਗਏ ਸਨ ਜਿਨ੍ਹਾਂ ਵੱਲੋਂ ਉਕਤ ਘਟਨਾ ਦੀ ਨਿੰਦਿਆਂ ਕੀਤੀ ਗਈ ਅਤੇ ਕਿਹਾ ਕਿ ਅਧਿਆਪਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ, ਤਾਂ ਜੋ ਕੋਈ ਬੱਚਾ ਇਹੋ ਜੀ ਫਿਰ ਤੋਂ ਸ਼ਰਾਰਤ ਨਾ ਕਰੇ, ਜਿਸ ਨਾਲ ਕਿਸੇ ਵੀ ਵਿਦਿਆਰਥੀ ਦਾ ਨੁਕਸਾਨ ਹੋਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ