ਪਿੰਡ ਦੇ ਨੌਜਵਾਨਾਂ ਨੇ ਕਾਬੂ ਕਰ ਪੁਲਿਸ ਨੂੰ ਸੌਂਪਿਆ / Crime News
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਦੇ ਪਿੰਡ ਢਿੱਲਵਾਂ ਕਲਾਂ ਦੀ ਯੂਥ ਕਲੱਬ ਦੇ ਮੈਂਬਰਾਂ ਨੇ ਖੇਤਾਂ ਵਿੱਚੋਂ ਬਿਜਲੀ ਟਰਾਂਸਫਾਰਮਰ,ਮੋਟਰਾਂ ਅਤੇ ਤਾਰਾਂ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਅਤੇ ਪੁਲਿਸ ਨੇ ਇੰਨ੍ਹਾਂ ਮੁਲਜਮਾਂ ਤੋਂ ਸਮਾਨ ਖਰੀਦ ਕੇ ਅੱਗੇ ਵੇਚਣ ਵਾਲੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਚਾਰ ਜਣਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਕੋਲੋਂ ਇੱਕ ਟਾਟਾ ਐਸ ਗੱਡੀ ਤੋਂ ਇਲਾਵਾ ਤਕਰੀਬਨ 220 ਲੀਟਰ ਟਰਾਂਸਫਾਰਮ ਦਾ ਤੇਲ ਵੀ ਬਰਾਮਦ ਹੋਇਆ ਹੈ। Crime News
ਜਾਣਕਾਰੀ ਮੁਤਾਬਕ ਥਾਣਾ ਸਦਰ ਕੋਟਕਪੂਰਾ ਦੇ ਅਧੀਨ ਪੈਂਦੇ ਪਿੰਡ ਢਿਲਵਾਂ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੇਤਾਂ ਵਿੱਚੋਂ ਬਿਜਲੀ ਟਰਾਂਸਫਾਰਮ, ਮੋਟਰਾਂ, ਟਰਾਂਸਫਾਰਮ ਦਾ ਤੇਲ ਅਤੇ ਤਾਰਾਂ ਆਦਿ ਦੀ ਚੋਰੀ ਹੋ ਰਹੀ ਸੀ ਜਿਸ ਤੋਂ ਬਾਅਦ ਪਿੰਡ ਦੀ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਨਿਗਰਾਨੀ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਇਸੇ ਦੌਰਾਨ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ: ਸੇਵਾਵਾਂ ਖਤਮ ਕਰਨ ’ਤੇ ਹਰਗੋਬਿੰਦ ਕੌਰ ਦਾ ਝਲਕਿਆ ਦਰਦ, ਪਿਛਲੇ 34 ਸਾਲਾਂ ਤੋਂ ਬੇਦਾਗ ਸੇਵਾਵਾਂ ਦੇ ਰਹੀ ਹਾਂ
ਇਸ ਮੌਕੇ ਗੱਲਬਾਤ ਕਰਦੇ ਹੋਏ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਸਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਨਿਗਰਾਨੀ ਕੀਤੀ ਗਈ। ਇਸ ਦੌਰਾਨ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। Crime News
ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਮੁਲਜ਼ਮਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਲਈ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਹੋਰ ਜਾਣਕਾਰੀਆਂ ਜੁਟਾਈਆਂ ਜਾਣਗੀਆਂ। ਉਨਾਂ ਪਿੰਡ ਦੇ ਲੋਕਾਂ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੇ ਪੱਧਰ ’ਤੇ ਮਾੜੇ ਅਨਸਰਾਂ ਦੀ ਨਿਗਰਾਨੀ ਰੱਖਣ ਅਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।