
ਗਿਰੋਹ ਦੇ ਮਾਸਟਰ ਮਾਈਂਡ ਕੇਰਲਾ ਨਿਵਾਸੀ ਸਮੇਤ 4 ਜਣੇ ਗ੍ਰਿਫਤਾਰ, 9 ਲੱਖ ਬਰਾਮਦ ਕਰਕੇ ਸ਼ਿਕਾਇਤਕਰਤਾ ਨੂੰ ਸੌਂਪੇ
Digital Arrest Scam: (ਅਮਿਤ ਸ਼ਰਮਾ) ਫ਼ਤਹਿਗੜ੍ਹ ਸਾਹਿਬ। ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਇੱਕ ਨਾਗਰਿਕ ਨਾਲ ਹੋਈ ਕਰੀਬ 30 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਫੈਲੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਢਲੀ ਪੜਤਾਲ ਵਿੱਚ ਗਿਰੋਹ ਦੇ ਮਾਸਟਰ ਮਾਈਂਡ ਅਕਬਰ ਅਲੀ ਵਾਸੀ ਕੇਰਲਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 9 ਲੱਖ ਰੁਪਏ ਬਰਾਮਦ ਕਰਕੇ, ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਸੌਂਪੇ ਜਾ ਚੁੱਕੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਇਸ ਗਿਰੋਹ ਦੇ 3 ਮੈਂਬਰ ਹਾਲੇ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਹੋਰ ਖੁਲਾਸੇ ਕੀਤੇ ਜਾਣਗੇ। ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪਾਲ ਸਿੰਘ ਚੀਮਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਲੁਹਾਰੀ ਕਲਾਂ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਥਾਣਾ ਸਾਇਬਰ ਕਰਾਈਮ ਵਿਖੇ ਆ ਕੇ ਇਤਲਾਹ ਦਿੱਤੀ ਸੀ ਕਿ 5 ਅਪਰੈਲ 2025 ਨੂੰ ਉਸਦੇ ਮੋਬਾਇਲ ਫੋਨ ’ਤੇ ਦੋ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਵਟਸਐਪ ਕਾਲ ਆਈ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸਨੂੰ ਘਰ ਵਿੱਚ ਡਿਜੀਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਆਈਸੀਆਈਸੀ ਬੈਂਕ ਦੇ ਖਾਤੇ ’ਚ 30 ਲੱਖ ਰੁਪਏ ਟਰਾਂਸਫਰ ਕਰਵਾ ਲਏ ਸਨ।
ਇਹ ਵੀ ਪੜ੍ਹੋ: School Holiday: ਦੋ ਦਿਨ ਸਕੂਲ ਰਹਿਣਗੇ ਬੰਦ, ਛੁੱਟੀ ਦਾ ਹੋਇਆ ਐਲਾਨ
ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਥਾਣਾ ਸਾਇਬਰ ਕਰਾਈਮ ਜ਼ਿਲ੍ਹਾ ਫਤਹਿਗੜ੍ਹਸਾਹਿਬ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਤਕਨੀਤੀ ਤੇ ਸਾਈਂਟੀਫਿਕ ਢੰਗ ਨਾਲ ਮੁਕੱਦਮੇ ਵਿੱਚ 07 ਕਥਿਤ ਦੋਸ਼ੀ ਨਾਮਜ਼ਦ ਕੀਤੇ ਗਏ ਅਤੇ 13 ਮਈ 2025 ਨੂੰ ਮਨਿੰਦਰ ਸਿੰਘ, 16 ਮਈ 2025 ਨੂੰ ਅਨਿਲ ਕੁਮਾਰ ਤੇ ਨਵੀਨ ਸ਼ਰਮਾ ਅਤੇ 22 ਜੁਲਾਈ 2025 ਨੂੰ ਅਕਬਰ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਕਬਰ ਅਲੀ ਦੀ ਪੁੱਛਗਿੱਛ ਤੋਂ ਰਿਸ਼ਾਦ ਮੈਲਾਕਮ ਪੁੱਤਰ ਮੁਹੰਮਦ ਬਸ਼ੀਰ ਪੀ ਵਾਸੀ ਮਾਲਾਪੁਰਮ (ਕੇਰਲਾ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਤੋਂ ਦੋ ਦਿਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅਕਬਰ ਅਲੀ ਖਿਲਾਫ਼ ਐਨ.ਡੀ.ਪੀ.ਐਸ ਤੇ ਸਾਇਬਰ ਕਰਾਈਮ ਦੀਆਂ ਹੋਰ ਸ਼ਿਕਾਇਤਾਂ ਵੀ ਦਰਜ ਹੋਣੀਆਂ ਪਾਈਆਂ ਗਈਆਂ ਹਨ।
ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਵਿੱਚੋਂ ਮਨਿੰਦਰ ਸਿੰਘ ਵੈਸਟ ਦਿੱਲੀ, ਨਵੀਨ ਸ਼ਰਮਾ ਵੈਸਟ ਦਿੱਲੀ ਅਤੇ ਅਨਿਲ ਕੁਮਾਰ ਨੋਇਡਾ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਲੋੜੀਂਦੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐਸ ਪੀ (ਜਾਂਚ) ਰਾਕੇਸ਼ ਯਾਦਵ, ਡੀ.ਐਸ.ਪੀ ਹੈਡਕੁਆਰਟਰ ਹਰਤੇਸ਼ ਕੌਸਿ?ਕ ਸਾਇਬਰ ਕਰਾਈਮ ਥਾਣੇ ਦੇ ਮੁੱਖ ਥਾਣਾ ਅਫਸਰ ਇੰਸ: ਦਵਿੰਦਰ ਸਿੰਘ ,ਇੰਸਪੈਕਟਰ ਸੰਦੀਪ ਸਿੰਘ, ਹੌਲਦਾਰ ਪਲਵਿੰਦਰ ਸਿੰਘ ਤੇ ਹੋਰ ਪੁਲਿਸ ਮੁਲਾਜਮ ਮੌਜੂਦ ਸਨ। Digital Arrest Scam