ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News 22,854 ਵਿਅਕਤੀ...

    22,854 ਵਿਅਕਤੀ ਸੁਰੱਖਿਅਤ ਕੱਢੇ, ਹੜ੍ਹਾਂ ਕਾਰਨ 3 ਹੋਰ ਜਾਨਾਂ ਗਈਆਂ: ਹਰਦੀਪ ਸਿੰਘ ਮੁੰਡੀਆਂ

    Hardeep Singh Mundian
    Punjab: ਪੰਜਾਬ ਦੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਆਦੇਸ਼, ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ

    ਸੂਬੇ ਵਿੱਚ 139 ਰਾਹਤ ਕੈਂਪ ਜਾਰੀ, 6121 ਪ੍ਰਭਾਵਿਤ ਲੋਕ ਕਰ ਰਹੇ ਹਨ ਬਸੇਰਾ

    • ਹੜ੍ਹਾਂ ਦੀ ਮਾਰ ਹੇਠ ਆਈਆਂ ਫ਼ਸਲਾਂ ਦਾ ਰਕਬਾ ਵਧ ਕੇ 1.74 ਲੱਖ ਹੈਕਟੇਅਰ ਹੋਇਆ
    • ਪਿਛਲੇ 24 ਘੰਟਿਆਂ ਦੌਰਾਨ ਹੋਰ 48 ਪਿੰਡ, 2691 ਆਬਾਦੀ ਅਤੇ 2131 ਹੈਕਟੇਅਰ ਫ਼ਸਲੀ ਰਕਬਾ ਪ੍ਰਭਾਵਿਤ

    Punjab Floods: ਚੰਡੀਗੜ੍ਹ: ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 48 ਹੋਰ ਪਿੰਡ, 2691 ਆਬਾਦੀ ਅਤੇ 2131 ਹੈਕਟੇਅਰ ਰਕਬੇ ‘ਚ ਖੜ੍ਹੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ। ਹੁਣ ਤੱਕ 22 ਜ਼ਿਲ੍ਹਿਆਂ ਦੇ 1996 ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਨਾਲ ਕੁੱਲ 3,87,013 ਆਬਾਦੀ ਪ੍ਰਭਾਵਿਤ ਹੋਈ ਹੈ।

    ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਜ਼ਿਲ੍ਹੇ ਦੇ 19 ਹੋਰ ਪਿੰਡ ਪ੍ਰਭਾਵਿਤ ਹੋਏ ਹਨ, ਜਦੋਂ ਕਿ ਇਸੇ ਸਮੇਂ ਦੌਰਾਨ ਲੁਧਿਆਣਾ ਦੇ 13 ਪਿੰਡ, ਫਿਰੋਜ਼ਪੁਰ ਦੇ 6, ਅੰਮ੍ਰਿਤਸਰ ਦੇ 5, ਹੁਸ਼ਿਆਰਪੁਰ ਦੇ 4 ਅਤੇ ਜ਼ਿਲ੍ਹਾ ਫਾਜਿ਼ਲਕਾ ਦਾ ਇੱਕ ਪਿੰਡ ਪ੍ਰਭਾਵਿਤ ਹੋਇਆ ਹੈ।

    ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਸਬੰਧੀ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 925 ਹੋਰ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ, ਜਿਸ ਨਾਲ ਹੁਣ ਤੱਕ ਕੁੱਲ ਸੁਰੱਖਿਅਤ ਕੱਢੇ ਵਿਅਕਤੀਆਂ ਦੀ ਗਿਣਤੀ 22,854 ਹੋ ਗਈ ਹੈ। ਸਭ ਤੋਂ ਵੱਧ ਗੁਰਦਾਸਪੁਰ ਵਿੱਚ (5581) ਵਿਅਕਤੀਆਂ, ਫਾਜ਼ਿਲਕਾ (4202), ਫਿਰੋਜ਼ਪੁਰ (3888), ਅੰਮ੍ਰਿਤਸਰ (3260), ਹੁਸਿ਼ਆਰਪੁਰ (1616), ਪਠਾਨਕੋਟ (1139) ਅਤੇ ਕਪੂਰਥਲਾ ਵਿੱਚ (1428) ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

    ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 139 ਰਾਹਤ ਕੈਂਪ ਜਾਰੀ ਹਨ, ਜਿਨ੍ਹਾਂ ਵਿੱਚ 6121 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਸ਼ੁਰੂਆਤ ਤੋਂ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 219 ਕੈਂਪ ਸਥਾਪਿਤ ਕੀਤੇ ਗਏ। ਫਾਜਿਲਕਾ ਜ਼ਿਲ੍ਹੇ ਵਿੱਚ 14 ਕੈਂਪਾਂ ਵਿੱਚ 2588 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਦੇ 49 ਕੈਂਪਾਂ ਵਿੱਚ 527 ਵਿਅਕਤੀਆਂ, ਹੁਸ਼ਿਆਰਪੁਰ ਦੇ 4 ਕੈਂਪਾਂ ਵਿੱਚ 921 ਵਿਅਕਤੀਆਂ, ਰੂਪਨਗਰ ਦੇ 5 ਕੈਂਪਾਂ ਵਿੱਚ 250 ਵਿਅਕਤੀਆਂ, ਮੋਗਾ ਦੇ 3 ਕੈਂਪਾਂ ਵਿੱਚ 155 ਵਿਅਕਤੀਆਂ ਅਤੇ ਮਾਨਸਾ ਦੇ 2 ਕੈਂਪਾਂ ਵਿੱਚ 89 ਪ੍ਰਭਾਵਿਤ ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ।

    ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਹੜ੍ਹਾਂ ਨੇ ਅੰਮ੍ਰਿਤਸਰ ਅਤੇ ਰੂਪਨਗਰ ਵਿੱਚ ਤਿੰਨ ਹੋਰ ਜਾਨਾਂ ਲਈਆਂ ਹਨ, ਜਿਸ ਨਾਲ 14 ਜ਼ਿਲ੍ਹਿਆਂ ਵਿੱਚ ਕੁੱਲ ਮੌਤਾਂ ਦੀ ਗਿਣਤੀ ਹੁਣ 46 ਹੋ ਗਈ ਹੈ ਜਦੋਂ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਤਿੰਨ ਵਿਅਕਤੀ ਹਾਲੇ ਵੀ ਲਾਪਤਾ ਹਨ।

    ਸ. ਹਰਦੀਪ ਸਿੰਘ ਮੁੰਡੀਆਂ ਨੇ ਫਸਲ ਖਰਾਬੇ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਹੋਰ 2131 ਹੈਕਟੇਅਰ ਫਸਲ ਦਾ ਨੁਕਸਾਨ ਹੋਇਆ ਹੈ ਜਿਸ ਨਾਲ ਹੁਣ ਤੱਕ 18 ਜ਼ਿਲ੍ਹਿਆਂ ਵਿੱਚ ਕੁੱਲ 1.74 ਲੱਖ ਹੈਕਟੇਅਰ ਫ਼ਸਲੀ ਰਕਬੇ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ (40,169 ਹੈਕਟੇਅਰ), ਫ਼ਾਜ਼ਿਲਕਾ (18,649 ਹੈਕਟੇਅਰ), ਫਿਰੋਜ਼ਪੁਰ (17,257 ਹੈਕਟੇਅਰ), ਕਪੂਰਥਲਾ (17,574 ਹੈਕਟੇਅਰ), ਹੁਸ਼ਿਆਰਪੁਰ (8,322 ਹੈਕਟੇਅਰ), ਸੰਗਰੂਰ (6,560 ਹੈਕਟੇਅਰ), ਤਰਨ ਤਾਰਨ (12,828 ਹੈਕਟੇਅਰ) ਅਤੇ ਐਸ.ਏ.ਐਸ ਨਗਰ (2,000 ਹੈਕਟੇਅਰ) ਸ਼ਾਮਲ ਹਨ।

    ਸ. ਹਰਦੀਪ ਸਿੰਘ ਮੁੰਡੀਆਂ ਨੇ ਇਸ ਔਖੇ ਸਮੇਂ ਦੌਰਾਨ ਸਹਾਇਤਾ ਲਈ ਹਥਿਆਰਬੰਦ ਸੈਨਾਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ, ਫ਼ਾਜ਼ਿਲਕਾ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਲੁਧਿਆਣਾ, ਪਠਾਨਕੋਟ ਅਤੇ ਰੂਪਨਗਰ ਵਿੱਚ ਕੁੱਲ 23 ਐਨ.ਡੀ.ਆਰ.ਐਫ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ, ਜਦੋਂ ਕਿ ਕਪੂਰਥਲਾ ਵਿੱਚ 2 ਐਸ.ਡੀ.ਆਰ.ਐਫ ਟੀਮਾਂ ਸਰਗਰਮ ਹਨ।

    ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀਆਂ 27 ਟੁਕੜੀਆਂ ਅਤੇ 7 ਇੰਜੀਨੀਅਰ ਟਾਸਕ ਫੋਰਸ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਭਾਰਤੀ ਹਵਾਈ ਸੈਨਾ ਅਤੇ ਫੌਜ ਦੇ 9 ਹੈਲੀਕਾਪਟਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਬੀ.ਐਸ.ਐਫ ਫਿਰੋਜ਼ਪੁਰ ਸੈਕਟਰ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਤੋਂ ਇਲਾਵਾ ਇੱਕ ਸਟੇਟ ਹੈਲੀਕਾਪਟਰ ਅਤੇ 158 ਕਿਸ਼ਤੀਆਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਾਈਆਂ ਗਈਆਂ ਹਨ।