ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ‘ਚ ਅੱਜ ਹੋਈ ਬਾਰਸ਼ ਨਾਲ ਸ਼ਹਿਰ ‘ਚ ਜਲਥਲ ਹੋ ਗਿਆ । ਇਸ ਬਾਰਸ਼ ਨਾਲ ਵਾਤਾਵਰਨ ‘ਚ ਫੈਲੀ ਧੂੜ ਅਤੇ ਗਰਦ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ । ਮੁਢਲੇ ਤੌਰ ਤੇ ਅੱਜ 20 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਜਿਸ ਨੇ ਮੌਸਮ ਤਬਦੀਲੀ ‘ਚ ਵੱਡਾ ਯੋਗਦਾਨ ਪਾਇਆ ਹੈ । ਇਹ ਬਾਰਸ਼ ਖੇਤੀ ਖੇਤਰ ਲਈ ਵੀ ਲਾਹੇਵੰਦ ਦੱਸੀ ਜਾ ਰਹੀ ਹੈ । ਹਾਲਾਂਕਿ ਪਿਛਲੇ ਕਾਫੀ ਦਿਨਾਂ ਤੋਂ ਮੌਸਮ ਦਾ ਮਿਜਾਜ ਗਰਮ ਸੀ ਪਰ ਅੱਜ ਗਰਮੀ ਦੀ ਚੱਕੀ ‘ਚ ਪਿਸ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ।
ਮੌਸਮ ਠੰਢਾ ਹੋਣ ਦਾ ਬੱਚਿਆਂ ਨੇ ਸੜਕਾਂ ਤੇ ਆ ਕੇ ਆਨੰਦ ਮਾਣਿਆ । ਤੇਜ ਹੋਏ ਸੂਰਜ ਦੇ ਪਾਰੇ ਕਾਰਨ ਤਾਪਮਾਨ 43 ਤੋਂ 44 ਡਿਗਰੀ ਦੇ ਵਿਚਕਾਰ ਰਿਹਾ । ਗਰਮੀ ਨੇ ਐਤਕੀ ਕਰੀਬ ਇੱਕ ਦਰਜ਼ਨ ਵਿਅਕਤੀਆਂ ਦੀ ਬਲੀ ਲੈ ਲਈ ਹੈ । ਹਲਕੀ ਬਾਰਸ਼ ਪੈਣ ਉਪਰੰਤ ਤੱਤੀਆਂ ਹਵਾਵਾਂ ਨੂੰ ਵਿਰਾਮ ਲੱਗ ਗਿਆ ਤੇ ਠੰਢੀਆਂ ਹਵਾਵਾਂ ਨੇ ਦਸਤਕ ਦਿੱਤੀ ਹੈ । ਬੱਦਲਵਾਈ ਕਾਰਨ ਮੌਸਮ ਵੀ ਖੁਸ਼ਗਵਾਰ ਹੋ ਗਿਆ ਹੈ । ਸਿਹਤ ਮਾਹਿਰਾਂ ਨੇ ਦੱਸਿਆ ਕਿ ਬਾਰਸ਼ ਨਾਲ ਅੱਖਾਂ ਤੇ ਚਮੜੀ ਤੇ ਪੈਣ ਵਾਲੇ ਬੁਰੇ ਪ੍ਰਭਾਵ ਤੋਂ ਵੀ ਛੁਟਕਾਰਾ ਮਿਲੇਗਾ ਪਰ ਮੱਛਰ ਦੀ ਪੈਦਾਇਸ਼ ਵਧੇਗੀ ਮੌਸਮ ਮਾਹਿਰਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਜੇਕਰ ਹੋਰ ਬਾਰਸ਼ ਨਾ ਹੋਈ ਤਾਂ ਹੁੰਮਸ ‘ਚ ਵੀ ਵਾਧਾ ਹੋਵੇਗਾ।