ਮਿੱਟੀ ਦਾ ਤੌਂਦਾ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ,1 ਗੰਭੀਰ ਜਖ਼ਮੀ

Soil Falling

ਸੀਵਰੇਜ ਦਾ ਮੇਨ ਹੋਲ ਬਣਾਉਂਦੇ ਸਮੇਂ ਪਾਣੀ ਆਉਣ ’ਤੇ ਡਿੱਗਿਆ ਮਿੱਟੀ ਦਾ ਤੌਂਦਾ 

  • ਕਰੀਬ 1 ਘੰਟੇ ਦੀ ਮੁਸ਼ਕਤ ਤੋਂ ਬਾਅਦ ਬਾਹਰ ਕੱਢੀਆਂ ਮ੍ਰਿਤਕਾਂ ਦੀਆਂ ਲਾਸ਼ਾ
  • ਮੌਕੇ ਤੇ ਨਹੀਂ ਪੁੱਜਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ

(ਸੁਨੀਲ ਚਾਵਲਾ) ਸਮਾਣਾ। ਸਥਾਨਕ ਦਰਦੀ ਕਲੌਨੀ ਵਿਖੇ ਸੀਵਰੇਜ਼ ਦੇ ਮੇਨ ਹੋਲ ਦੇ ਚੱਲ ਰਹੇ ਕੰੰਮ ਦੌਰਾਨ ਅਚਾਨਕ ਪਾਣੀ ਆਉਣ ’ਤੇ ਮਿੱਟੀ ਦਾ ਤੌਂਦਾ ਡਿੱਗਣ ਕਾਰਨ ਕੰਮ ਕਰ ਰਹੇ 2 ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ (Soil Falling) ਕਾਰਨ ਮੌਤ ਹੋ ਗਈ ਜਦੋਂਕਿ ਇੱਕ ਨਬਾਲਿਗ ਮਜ਼ਦੂਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਮੁੱਢਲੀ ਸਹਾਇਤਾ ਉਪਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਲੰਮਾਂ ਸਮਾਂ ਬੀਤਣ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਆਲੇ ਦੁਆਲੇ ਦੇ ਲੋਕਾਂ ਤੇ ਲੇਬਰ ਨੇ ਹੀ ਮਿਹਨਤ ਕਰਕੇ ਮਿੱਟੀ ਹੇਠ ਦਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ।

ਸੀਵਰੇਜ ’ਚ ਪਾਣੀ ਛੱਡਣ ਕਾਰਨ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਸਥਾਨਕ ਦਰਦੀ ਕਲੌਨੀ ਵਿਖੇ ਸੀਵਰੇਜ਼ ਪਾਉਣ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚਲ ਰਿਹਾ ਸੀ,ਹੁਣ ਜਦੋਂ ਕਲੌਨੀਆਂ ਵਿਚ ਸੀਵਰੇਜ਼ ਦੀ ਲਾਈਨ ਬਿਛਾਉਣ ਤੋਂ ਬਾਅਦ ਮੁੱਖ ਮੇਨ ਹੋਲ ਬਨਾਉਣ ਦਾ ਕੰਮ ਜਾਰੀ ਸੀ,ਲੋਕਾਂ ਨੇ ਬਿਨ੍ਹਾਂ ਪਰਮੀਸ਼ਨ ਤੋਂ ਪਹਿਲਾ ਹੀ ਸੀਵਰੇਜ ਦੇ ਕੁਨੈਕਸ਼ਨ ਕਰਵਾ ਕੇ ਸੀਵਰੇਜ ਵਿਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਜਦੋਂ ਅੱਜ ਸਵੇਰੇ ਲੇਬਰ ਮੁੱਖ ਮੇਨ ਹੋਲ ਦਾ ਕਰੀਬ 20 ਫੁੱਟ ਨਿੱਚੇ ਕੰਮ ਕਰ ਰਹੀ ਸੀ ਤਾਂ ਅਚਾਨਕ ਪਾਣੀ ਆਉਣ ’ਤੇ ਮਿੱਟੀ ਦਾ ਤੌਂਦਾ ( Soil Falling) ਮਜ਼ਦੂਰਾਂ ਉਪਰ ਡਿੱਗਣ ਕਾਰਨ 3 ਮਜ਼ਦੂਰ ਰਵਨ ਕੁਮਾਰ 22 ਪੁੱਤਰ ਚੰਦਰ ਕਿਸ਼ੋਰ ਯਾਦਵ ਵਾਸੀ ਪਿੰਡ ਅਟਾਹਡ ਬਿਹਾਰ, ਮੁਹਮੰਦ ਨੁਰਲ ਹੁਦਾ ਉਰਫ਼ ਖਾਨ ਜੀ 55 ਪੁੱਤਰ ਮੁਹਮੰਦ ਅਲੀ ਅਸਗਰ ਵਾਸੀ ਪਿੰਡ ਕੁਡਵਾ ਬਿਹਾਰ ਅਤੇ ਸੋਰਵ ਕੁਮਾਰ ਪੁੱਤਰ ਅਰਵਿੰਦਰ ਕੁਮਾਰ ਵਾਸੀ ਬਿਹਾਰ ਮਿੱਟੀ ਹੇਠਾਂ ਦਬ ਗਏ, ਜਿਨ੍ਹਾਂ ਵਿਚੋਂ ਸੋਰਵ ਕੁਮਾਰ 16 ਨੂੰ ਮੌਕੇ ’ਤੇ ਮਿੱਟੀ ਵਿਚੋਂ ਕੱਢ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਐਸਡੀਐਮ ਸਮਾਣਾ ਚਰਨਜੀਤ ਸਿੰਘ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ

ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਜਦੋਂਕਿ ਰਵਨ ਕੁਮਾਰ ਅਤੇ ਖਾਨ ਜੀ ਨੂੰ ਕਰੀਬ 1 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਜਿਨ੍ਹਾਂ ਨੂੰ ਡਾਕਟਰਾਂ ਨੇ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ। ਇਸ ਬਾਰੇ ਜਦੋਂ ਸਿਵਰੇਜ ਬੋਰਡ ਦੇ ਐਸਡੀਓ ਖੁਰਾਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਹੈ ਜੋ ਕਿ ਅਚਾਨਕ ਆਏ ਪਾਣੀ ਤੇ ਮਿੱਟੀ ਕਾਰਨ ਵਾਪਰਿਆ ਹੈ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੋਰਵ ਉੱਥੇ ਕੰਮ ’ਤੇ ਨਹੀਂ ਲੱਗਾ ਹੋਇਆ ਸੀ ਉਹ ਇੱਕ ਮਜ਼ਦੂਰ ਦਾ ਪਰਿਵਾਰਕ ਮੈਂਬਰ ਸੀ ਜੋ ਕਿਸੇ ਕੰਮ ਉੱਥੇ ਆਇਆ ਸੀ।

ਡੀਐਸਪੀ ਸਮਾਣਾ ਸੋਰਵ ਜਿੰਦਲ ਨੇ ਕਿਹਾ ਕਿ ਫ਼ਿਲਹਾਲ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਮਾਮਲੇ ਦੀ ਜਾਂਚ ਉਪਰੰਤ ਜੇਕਰ ਮਾਮਲੇ ’ਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸਡੀਐਮ ਸਮਾਣਾ ਚਰਨਜੀਤ ਸਿੰਘ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਜਿਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ