ਸਾਢੇ 12 ਕਰੋੜ ਦੀ ਠੱਗੀ ਦਾ ਮਾਮਲਾ: ਸ਼ਿਕੰਜੇ ‘ਚ ਫਸੇ ਬੈਂਕ ਅਧਿਕਾਰੀ

12 Crore Fraudulent Case, Bank Officials, Trapped, Shikanje

ਪੰਜਾਬ ਨੈਸ਼ਨਲ ਬੈਂਕ ਦੇ ਚਾਰ ਅਫ਼ਸਰਾਂ ਖਿਲਾਫ਼ ਕੇਸ ਦਰਜ

ਅਸ਼ੋਕ ਵਰਮਾ, ਬਠਿੰਡਾ

ਫਰਜ਼ੀ ਦਸਤਾਵੇਜ਼ਾਂ ਤੇ ਗਰੰਟੀ ਦੇਣ ਵਾਲਿਆਂ ਦੇ ਜਾਅਲੀ ਦਸਤਖਤ ਕਰਕੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਰਜਿੰਦਰ ਕੁਮਾਰ ਵੱਲੋਂ 12.5 ਕਰੋੜ ਰੁਪਏ ਦਾ ਕਰਜਾ ਲੈ ਕੇ ਠੱਗੀ ਮਾਰਨ ਦੇ ਪੁਰਾਣੇ ਮਾਮਲੇ ‘ਚ ਹੁਣ ਪੁਲਿਸ ਦੇ ਸ਼ਿਕੰਜੇ ‘ਚ ਬੈਂਕ ਦੇ ਉੱਚ ਅਧਿਕਾਰੀ ਫਸ ਗਏ ਹਨ ਕੋਤਵਾਲੀ ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐਮ ਪਰਵੀਨ ਸਿੰਗਲਾ, ਸਹਾਇਕ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਭਾਟੀਆ, ਚੀਫ ਮੈਨੇਜਰ ਸੁਸ਼ੀਲ ਜੈਨ ਅਤੇ ਕਿੱਕਰ ਬਜ਼ਾਰ ਬਰਾਂਚ ਦੇ ਮੈਨੇਜ਼ਰ ਸੰਜੀਵ ਮੱਕੜ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਗਰਸੈਨ ਨਗਰ ਬਠਿੰਡਾ ਦੇ ਨਿਵਾਸੀ ਕੁਨਾਲ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਦੱਸਿਆ ਕਿ ਅਪਰੈਲ 2018 ‘ਚ ਉਸ ਨੂੰ ਡੈਬਿਟਸ ਰਿਕਵਰੀ ਟ੍ਰਿਬਿਊਨਲ ਚੰਡੀਗੜ੍ਹ ਨੇ ਨੋਟਿਸ ਭੇਜਿਆ ਸੀ ਜਿਸ ‘ਚ ਮੈਸਰਜ਼ ਕੇਜੀ ਐਕਸਪੋਰਟ ਨਾਂਅ ਦੀ ਕੰਪਨੀ ਵੱਲੋਂ ਬਣਾਈ 12.5 ਕਰੋੜ ਰੁਪਏ ਦੀ ਲਿਮਟ ‘ਚ ਉਸ ਦੀ (ਕੁਨਾਲ ਗਰਗ) ਗਰੰਟੀ ਹੈ ਤੇ ਕਰਜਾ ਲੈਣ ਵਾਲੇ ਨੇ ਬੈਂਕ ਦਾ ਪੈਸਾ ਵਾਪਸ ਨਹੀਂ ਕੀਤਾ ਹੈ ਕੁਨਾਲ ਗਰਗ ਨੇ ਕਿਹਾ ਕਿ ਨੋਟਿਸ ਦੇਖਣ ‘ਤੇ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿਉਂਕਿ ਉਸ ਦਾ ਕੇਜੀਐਕਸਪੋਰਟ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਨਾ ਹੀ ਇਸ ਕੰਪਨੀ ਦੇ ਕਿਸੇ ਕਰਜੇ ਜਾਂ ਲਿਮਟ ਆਦਿ ‘ਚ ਉਸ ਨੇ ਗਰੰਟੀ ਦੇ ਤੌਰ ‘ਤੇ ਕਿਸੇ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ ਹਨ

ਆਰਟੀਆਈ ਤਹਿਤ ਕੰਪਨੀ ਮਾਲਕ ਦਾ ਖੁਲਾਸਾ

ਕੁਨਾਲ ਗਰਗ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪੀਐਨਬੀ ਤੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਲਈ ਤਾਂ ਉਸ ਨੂੰ ਪਤਾ ਲੱਗਾ ਕਿ ਕੰਪਨੀ ਦਾ ਮਾਲਕ ਰਜਿੰਦਰ ਕਮਾਰ ਗੁਪਤਾ ਵਾਸੀ ਬਠਿੰਡਾ ਹੈ ਪ੍ਰਾਪਤ ਦਸਤਾਵੇਜ਼ਾਂ ਤੋਂ ਜਾਣਕਾਰੀ ਮਿਲੀ ਕਿ ਕਰਜੇ ਲਈ ਦਿੱਤੀ ਅਰਜੀ ਦੇ ਗਰੰਟੀ ਦੇਣ ਵਾਲੇ ਵਜੋਂ ਮਧੂ ਗੁਪਤਾ ਪਤਨੀ ਰਜਿੰਦਰ ਗੁਪਤਾ, ਰਾਖੀ ਗੁਪਤਾ, ਅੰਜੂ ਗਰਗ ਤੇ ਤਨੀਸ਼ਾ ਗਰਗ ਦੇ ਨਾਂਅ ਦਰਜ ਹਨ ਮਧੂ ਗੁਪਤਾ ਦੀ ਕੋਠੀ ‘ਤੇ 52.50 ਲੱਖ, ਰਾਖੀ ਗੁਪਤਾ ਦੀ ਕੋਠੀ ‘ਤੇ 47.85 ਲੱਖ, ਅੰਜੂ ਗਰਗ ਦਾ ਪਲਾਟ 86 ਲੱਖ, ਤਨੀਸ਼ਾ ਗਰਗ ਦੇ ਪਲਾਟ ਦੀ ਕੀਮਤ 45 ਲੱਖ ਅਤੇ ਇੱਕ ਹੋਰ ਪਲਾਟ 1.79 ਕਰੋੜ ਰੁਪਏ ਦੀ ਸੰਪੱਤੀ ਗਰੰਟੀ ਦਿੱਤੀ ਗਈ ਹੈ ਗਰੰਟਰ ਦੇ ਤੌਰ ‘ਤੇ ਕੁਨਾਲ ਗਰਗ ਦਾ ਨਾ ਕੋਈ ਕਾਗਜ਼ ਪੱਤਰ ਲੱਗਾ ਹੈ ਅਤੇ ਉਸ ਦੇ ਦਸਤਖਤ ਵੀ ਫਰਜ਼ੀ ਹਨ

ਐਸ.ਪੀ. ਦੀ ਪੜਤਾਲ ‘ਤੇ ਦਰਜ ਹੋਇਆ ਮਾਮਲਾ

ਕੁਨਾਲ ਗਰਗ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਐਸ.ਪੀ. ਟਰੈਫਿਕ ਰਾਕੇਸ਼ ਕੁਮਾਰ ਨੇ ਕੀਤੀ ਸੀ ਉਨ੍ਹਾਂ ਨੇ ਆਪਣੀ ਰਿਪੋਰਟ ‘ਚ ਆਖਿਆ ਹੈ ਕਿ ਚੀਫ ਮੈਨੇਜਰ ਸੁਸ਼ੀਲ ਜੈਨ, ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐਮ ਪਰਵੀਨ ਸਿੰਗਲਾ, ਸਹਾਇਕ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਭਾਟੀਆ ਅਤੇ ਮੈਨੇਜ਼ਰ ਸੰਜੀਵ ਮੱਕੜ ਨੇ ਗਰੰਟੀ ਦੇ ਵਾਲਿਆਂ ਦੀ ਸਹਿਮਤੀ ਤੋਂ ਬਗੈਰ ਅਤੇ ਫਰਜ਼ੀ ਦਸਤਖਤਾਂ ਦੇ ਅਧਾਰ ‘ਤੇ ਹੀ ਰਜਿੰਦਰ ਕੁਮਾਰ ਗੁਪਤਾ ਦੀ ਸੰਪਤੀ ਦਾ ਕੋਈ ਦਸਤਾਵੇਜ਼ ਹਾਸਲ ਕੀਤੇ ਬਿਨਾਂ ਹੀ ਉਸ ਦਾ 12.5 ਕਰੋੜ ਰੁਪਏ ਦਾ ਕਰਜਾ ਪਾਸ ਕਰ ਦਿੱਤਾ ਪੜਤਾਲ ਕਰਨ ‘ਤੇ ਜਦੋਂ ਇਸ ਸਬੰਧੀ ਤੱਥ ਸਾਹਮਣੇ ਆ ਗਏ ਤਾਂ ਥਾਣਾ ਕੋਤਵਾਲੀ ਪੁਲਿਸ ਨੇ ਨਾਮਜਦ ਚਾਰਾਂ ਬੈਂਕ ਅਧਿਕਾਰੀਆਂ ਖਿਲਾਫ ਧਾਰਾ 409, 419, 420, 467, 468, 471 ਤਹਿਤ ਮੁਕੱਦਮਾ ਦਰਜ ਕੀਤਾ ਹੈ

ਪਹਿਲਾਂ ਵੀ ਰਜਿੰਦਰ ਕੁਮਾਰ ਖਿਲਾਫ਼ ਕੇਸ ਦਰਜ

ਕਰੋੜਾਂ ਦੀ ਠੱਗੀ ਦੇ ਇਸ ਮਾਮਲੇ ‘ਚ ਰਾਖੀ ਗੁਪਤਾ ਦੀ ਸ਼ਕਾਇਤ ‘ਤੇ 12 ਜੁਲਾਈ 2018 ਨੂੰ ਥਾਣਾ ਸਿਵਲ ਲਾਈਨ ‘ਚ ਭਗਵਾਨ ਦਾਸ, ਉਸ ਦੀ ਲੜਕੀ ਤਨੀਸ਼ਾ ਗਰਗ, ਉਸ ਦੇ ਸਹੁਰੇ ਰਜਿੰਦਰ ਗੁਪਤਾ ਅਤੇ ਰਾਕੇਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਰਾਖੀ ਗੁਪਤਾ ਅਨੁਸਾਰ ਰਜਿੰਦਰ ਕੁਮਾਰ ਉਸ ਦਾ ਜੀਜਾ ਹੈ ਜਿਸ ਵੱਲੋਂ ਫਰਜ਼ੀਵਾੜਾ ਕੀਤਾ ਗਿਆ ਫੌਰੈਂਸਿਕ ਰਿਪੋਰਟ ‘ਚ ਸਾਹਮਣੇ ਆਇਆ ਸੀ ਕਿ ਤਨੀਸ਼ਾ ਗਰਗ ਨੇ ਰਾਖੀ ਗੁਪਤਾ ਦੇ ਜਾਅਲੀ ਦਸਤਖਤ ਕੀਤੇ ਸਨ

ਮੁਲਜ਼ਮਾਂ ਦੀ ਤਲਾਸ਼ ਜਾਰੀ

ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਨਾਮਜ਼ਦ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧ ‘ਚ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ

ਮਾਮਲਾ ਪੁਰਾਣਾ, ਕੇਸ ਦਰਜ ਬਾਰੇ ਨਹੀਂ ਜਾਣਕਾਰੀ

ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐਮ ਰਮੇਸ਼ ਗੋਇਲ ਦਾ ਕਹਿਣਾ ਸੀ ਕਿ ਬੈਂਕ ਕਰਜੇ ਨਾਲ ਜੁੜਿਆ ਇਹ ਮਾਮਲਾ ਪੁਰਾਣਾ ਹੈ ਜਿਸ ਬਾਰੇ ਬੈਂਕ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ ਸੀ ਉਨ੍ਹਾਂ ਕਿਹਾ ਕਿ ਹੁਣ ਪੁਲਿਸ ਨੇ ਕਿਸ ਅਧਾਰ ‘ਤੇ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਐਫਆਈਆਰ ਨਹੀਂ ਪੜ੍ਹ ਲੈਂਦੇ ਤਾਂ ਇਸ ਸਬੰਧ ‘ਚ ਕੁਝ ਕਹਿਣਾ ਠੀਕ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।