ਟੀਮ ਨੇ ਛੁਡਵਾਏ 11 ਬਾਲ ਮਜ਼ਦੂਰ

Task Force Committee,child labore, Ludhiana, Deputy Commissioner

ਲੋਕਾਂ ਨੇ ਕੀਤਾ ਵਿਰੋਧ

ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਅੱਜ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਸਥਾਨਕ ਸ਼ੇਰਪੁਰ ਖੇਤਰ ਦੀਆਂ ਦੁਕਾਨਾਂ ਵਿੱਚ ਕੰਮ ਕਰਦੇ 11 ਬਾਲ ਮਜ਼ਦੂਰਾਂ ਨੂੰ ਛੁਡਵਾ ਲਿਆ ਗਿਆ ਹੈ। ਇਹ ਕਾਰਵਾਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮ ਪ੍ਰੀਤ ਕੌਰ ਦੀ ਅਗਵਾਈ ਵਿੱਚ ਕੀਤੀ ਗਈ। ਦੱਸਣਯੋਗ ਹੈ ਕਿ ਦੁਕਾਨਦਾਰਾਂ ਦੇ ਆਪੇ ਬਣੇ ਕੁਝ ਪ੍ਰਧਾਨਾਂ ਨੇ ਇਸ ਕਾਰਵਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਟੀਮ ਨੇ ਅਣਗੌਲ਼ਿਆਂ ਕਰਕੇ ਇਨ੍ਹਾਂ ਬਾਲ ਮਜਦੂਰਾਂ ਨੂੰ ਛੁਡਾ ਲਿਆ।

ਇਸ ਰੇਡ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਕਮੇਟੀ ਨੂੰ ਇਹ ਇਤਲਾਹ ਮਿਲੀ ਸੀ ਕਿ ਸਥਾਨਕ ਸ਼ੇਰਪੁਰ ਇਲਾਕੇ ਦੀਆਂ ਦੁਕਾਨਾਂ ਵਿੱਚ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਟਾਸਕ ਫੋਰਸ ਕਮੇਟੀ ਨੇ ਸਬੰਧਿਤ ਇਲਾਕੇ ਵਿੱਚ ਰੇਡ ਕੀਤੀ ਅਤੇ ਵੱਖ-ਵੱਖ 8 ਦੁਕਾਨਾਂ ‘ਚੋਂ 11 ਬਾਲ ਮਜ਼ਦੂਰ ਛੁਡਾਏ।

ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਬਾਲ ਮਜ਼ਦੂਰਾਂ ਨੂੰ ਦੁਕਾਨਦਾਰਾਂ ਵੱਲੋਂ ਬਹੁਤ ਹੀ ਘੱਟ ਮਿਹਨਤਾਨੇ ‘ਤੇ ਦਿਨ ਦੇ ਕਈ-ਕਈ ਘੰਟੇ ਕੰਮ ਕਰਵਾਇਆ ਜਾਂਦਾ ਸੀ। ਜਦੋਂ ਟੀਮ ਵੱਲੋਂ ਰੇਡ ਕਰਕੇ ਇਨ੍ਹਾਂ ਬਾਲ ਮਜ਼ਦੂਰਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਦੁਕਾਨਦਾਰਾਂ ਨੇ ਇਨ੍ਹਾਂ ਬਾਲ ਮਜ਼ਦੂਰਾਂ ਨੂੰ ਚਿਤਾਵਨੀ ਦੇ ਕੇ ਛੱਡ ਦੇਣ ਦੀ ਜਿੱਦ ਕੀਤੀ ਪਰ ਟੀਮ ਵੱਲੋਂ ਕਾਨੂੰਨ ਮੁਤਾਬਿਕ ਬਾਲਾਂ ਦੇ ਹੱਕ ਵਿੱਚ ਕਾਰਵਾਈ ਕਰਨ ਦਾ ਪੱਖ ਦੇ ਕੇ ਇਨ੍ਹਾਂ ਬਾਲਾਂ ਨੂੰ ਰਿਹਾਅ ਕਰਵਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ।

ਅੱਜ ਦੀ ਕਾਰਵਾਈ ਦੌਰਾਨ ਛੁਡਾਏ ਗਏ ਬਾਲ ਮਜ਼ਦੂਰਾਂ ਦੀ ਉਮਰ ਕਰੀਬ 13-14 ਸਾਲ ਹੈ। ਜਿਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।