ਸੜਕ ਹਾਦਸੇ ‘ਚ ਬੱਚੀ ਸਮੇਤ 2 ਦੀ ਮੌਤ, 9 ਜ਼ਖ਼ਮੀ

Sirsa News

ਸੂਮੋ ‘ਚ ਸਵਾਰ ਵਿਅਕਤੀ ਧਾਰਮਿਕ ਸਥਾਨ ਤੋਂ ਪਰਤ ਰਹੇ ਸਨ ਵਾਪਸ

ਸੰਗਰੂਰ (ਗੁਰਪ੍ਰੀਤ ਸਿੰਘ) । ਸੁਨਾਮ- ਮਾਨਸਾ ਸੜਕ ‘ਤੇ ਬੱਸ ਅਤੇ ਟਾਟਾ ਸੂਮੋ ਗੱਡੀ ਵਿਚਕਾਰ ਹੋਈ ਟੱਕਰ ਵਿੱਚ ਇੱਕ ਔਰਤ ਅਤੇ ਇੱਕ ਮਾਸੂਮ ਲੜਕੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋ ਗਏ। ਟਾਟਾ ਸੁਮੋਂ ਵਿੱਚ ਸਵਾਰ ਗਿਆਰਾਂ ਵਿਅਕਤੀ ਪਟਿਆਲਾ ਦੇ ਇੱਕ ਧਾਰਮਿਕ ਸਥਾਨ ਤੋਂ ਵਾਪਸ ਪਰਤ ਰਹੇ ਸੀ।

ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਕਸਬਾ ਰੋੜੀ ਅਤੇ ਮਾਨਸਾ ਜਿਲ੍ਹੇ ਦੇ ਪਿੰਡ ਬਾਜੇਵਾਲਾ ਦੇ ਦੋ ਪਰਿਵਾਰ ਪਟਿਆਲਾ ਵਿਖੇ ਕਾਲੀ ਦੇਵੀ ਦੇ ਮੰਦਿਰ ਵਿੱਚ ਮੱਥਾ ਟੇਕ ਕੇ ਟਾਟਾ ਸੂਮੋ ਰਾਹੀਂ ਆਪਣੇ ਪਿੰਡਾਂ ਨੂੰ ਵਾਪਸ ਪਰਤ ਰਹੇ ਸਨ ਕਿ ਸੁਨਾਮ-ਮਾਨਸਾ ਸੜਕ ‘ਤੇ ਪਿੰਡ ਕੋਟੜਾ ਅਮਰੂ ਤੋਂ ਥੋੜ੍ਹਾ ਅੱਗੇ ਜਾ ਕੇ ਮਾਨਸਾ ਵਾਲੇ ਪਾਸੇ ਤੋਂ ਆ ਰਹੀ ਇੱਕ ਨਿੱਜੀ ਬੱਸ ਨਾਲ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਵੀਰਮਤੀ ਪਤਨੀ ਜੱਗਾ ਸਿੰਘ ਵਾਸੀ ਰੋੜੀ ਅਤੇ ਇੱਕ ਮਾਸੂਮ ਬੱਚੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ ਜਦਕਿ ਟਾਟਾ ਸੁਮੋ ਦਾ ਡਰਾਇਵਰ ਦਰਸ਼ਨ ਸਿੰਘ ਵਾਸੀ ਰੋੜੀ, ਮਾੜੀ ਪਤਨੀ ਨਿੱਕਾ ਸਿੰਘ, ਕੁਲਵਿੰਦਰ ਕੌਰ, ਸਿਕੰਦਰ ਸਿੰਘ,  ਮਾਂ, ਪੁੱਤਰ ਅਤੇ ਨੂੰਹ) ਵਾਸੀ ਬਾਜੇਵਾਲਾ ਜ਼ਿਲ੍ਹਾ ਮਾਨਸਾ, ਰਾਜਬੀਰ ਕੌਰ ਵਾਸੀ ਸਰੋਖੇੜਾ ਹਰਿਆਣਾ ਅਤੇ ਭੋਲਾ ਸਿੰਘ, ਮਨਜੀਤ ਕੌਰ, ਗੋਲੂ, ਖੁਸ਼ੀ ਅਤੇ ਕਾਰਤਿਕ ( ਪਤੀ, ਪਤਨੀ ਇੱਕ ਮਾਸੂਮ ਪੁੱਤਰ ਅਤੇ ਦੋ ਲੜਕੀਆਂ ) ਵਾਸੀ ਰੋੜੀ ਹਰਿਆਣਾ ਜ਼ਖ਼ਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਸੁਮੋ ਗੱਡੀ ਦੇ ਡਰਾਇਵਰ ਦਰਸ਼ਨ ਸਿੰਘ, ਭੋਲਾ ਸਿੰਘ, ਕੁਲਵਿੰਦਰ ਕੌਰ ਅਤੇ ਇੱਕ ਹੋਰ ਨਾਮਲੂਮ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਹੈ। ਬਾਕੀ ਜ਼ਖ਼ਮੀਆਂ ਦਾ ਇਲਾਜ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਪਰਨ ਉਪਰੰਤ ਮੌਕੇ ਤੋਂ ਫਰਾਰ ਹੋਏ ਬੱਸ ਦੇ ਡਰਾਇਵਰ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਹਾਦਸਾ ਵਾਪਰਨ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੇ ਥਾਣਾ ਚੀਮਾ ਵਿਖੇ ਤੈਨਾਤ ਏਐਸਆਈ ਕਰਮ ਸਿੰਘ, ਹੌਲਦਾਰ ਮਾਨ ਸਿੰਘ, ਨੇਕ ਸਿੰਘ ਅਤੇ ਜਗਦੇਵ ਸਿੰਘ ਪੁਲਿਸ ਮੁਲਾਜ਼ਮਾਂ ਨੇ ਜ਼ਖ਼ਮੀਆਂ ਨੂੰ ਆਪਣੇ ਵਹੀਕਲਾਂ ਰਾਹੀਂ ਲਿਆ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਵਿਲੀਅਮ ਜੇਜੀ ਅਤੇ ਸਿਟੀ ਥਾਣੇ ਦੇ ਐਸਐਚਓ ਭਰਪੂਰ ਸਿੰਘ ਵੀ ਸਿਵਲ
ਹਸਪਤਾਲ ਪੁੱਜੇ।