ਭਾਗੀਵਾਂਦਰ ਮਾਮਲਾ : ਮਹਿਲਾ ਸਰਪੰਚ ਸਮੇਤ ਕਈ ਨਾਮਜ਼ਦ

ਸੋਨੂੰ ਅਰੋੜਾ ਦੇ ਸਸਕਾਰ ਮਗਰੋਂ ਪੁਲਿਸ ਨੇ ਲਿਆ ਸੁੱਖ ਦਾ ਸਾਹ

ਬਠਿੰਡਾ/ਤਲਵੰਡੀ ਸਾਬੋ (ਅਸ਼ੋਕ ਵਰਮਾ/ਸੱਚ ਕਹੂੰ ਨਿਉਜ਼)। ਜਿਲ੍ਹਾ ਬਠਿੰਡਾ ਦੇ ਪਿੰਡ ਭਾਗੀਵਾਂਦਰ ‘ਚ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨੂੰ ਕਥਿਤ ਤੌਰ ‘ਤੇ ਵੱਢ-ਟੁੱਕ ਕੇ ਕਤਲ ਕਰਨ ਦੇ ਮਾਮਲੇ ‘ਚ ਸੋਨੂੰ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ ‘ਤੇ ਥਾਣਾ ਤਲਵੰਡੀ ਪੁਲਿਸ ਨੇ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ , ਉਸ ਦੇ ਦੋ ਲੜਕਿਆਂ ਅਮਰਿੰਦਰ ਸਿੰਘ ਉਰਫ ਰਾਜੂ ਤੇ ਭਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਪਿੰਡ ਦੀ ਮਹਿਲਾ ਅਕਾਲੀ ਆਗੂ ਮਨਦੀਪ ਕੌਰ ਸਮੇਤ ਇੱਕ ਦਰਜਨ ਤੋਂ ਵੀ ਜ਼ਿਆਦਾ ਅਣਪਛਾਤੇ ਵਿਅਕਤੀਆਂ ਨੂੰ ਦਰਜ ਕੇਸ ‘ਚ ਨਾਮਜ਼ਦ ਕਰ ਲਿਆ ਹੈ ਪੁਲਿਸ ਦੀ ਇਸ ਕਾਰਵਾਈ ਮਗਰੋਂ ਭਾਰੀ ਸੁਰੱਖਿਆ ਹੇਠ ਪਰਿਵਾਰ ਵੱਲੋਂ ਸੋਨੂੰ ਅਰੋੜਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਜਦੋਂ ਪਰਿਵਾਰ ਨੇ ਪਿੰਡ ਭਾਗੀਵਾਂਦਰ ਦੀ ਸਰਪੰਚ ਤੋਂ ਇਲਾਵਾ ਉੱਥੋਂ ਦੇ ਕੁਝ ਹੋਰ ਲੋਕਾਂ ਨੂੰ ਨਾਮਜ਼ਦ ਕਰਵਾਉਣ ਦੀ ਮੰਗ ਨੂੰ ਲੈ ਕੇ ਟਰਾਲੀ ‘ਚ ਰੱਖੀ ਲਾਸ਼ ਨਾਲ ਤਲਵੰਡੀ ਸਾਬੋ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਮੌਕੇ ‘ਤੇ ਤਾਇਨਾਤ ਨਫਰੀ ਨੇ ਪਰਿਵਾਰਿਕ ਮੈਂਬਰਾਂ ਨੂੰ ਰੋਕ ਦਿੱਤਾ ਪਤਾ ਲੱਗਿਆ ਹੈ ਕਿ ਇਸ ਮੌਕੇ ਹੋਈ ਜ਼ਬਰਦਸਤ ਖਿੱਚਧੂਹ ਦਰਮਿਆਨ ਪਰਿਵਾਰਿਕ ਮੈਂਬਰਾਂ ਵੱਲੋਂ ਮੋਢਿਆਂ ਤੇ ਚੁੱਕੀ ਸੋਨੂੰ ਅਰੋੜਾ ਦੀ ਲਾਸ਼ ਹੇਠਾਂ ਡਿੱਗ ਪਈ ਤਾਂ ਹੰਗਾਮੇ ਵਾਲੀ ਸਥਿਤੀ ਬਣ ਗਈ ।

ਇਸ ਮੌਕੇ ਜਦੋਂ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਪ੍ਰੀਵਾਰ ਨੂੰ ਅੱਗੇ ਜਾਣ ਦੀ ਆਗਿਆ ਨਾ ਦਿੱਤੀ ਤਾਂ ਤੈਸ਼ ‘ਚ ਆਈ ਸੋਨੂੰ ਅਰੋੜਾ ਦੀ ਭੈਣ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਬਚਾ ਲਿਆ ਇਸੇ ਦੌਰਾਨ ਪੁਲਿਸ ਨੇ ਪ੍ਰੀਵਾਰ ਨਾਲ ਗੱਲਬਾਤ ਕੀਤੀ ਜੋਕਿ ਅਸਫਲ ਰਹੀ ਸੂਤਰਾਂ ਮੁਤਾਬਕ ਪਰਿਵਾਰ ਆਪਣੀ ਮੰਗ ਤੇ ਅੜਿਆ ਹੋਇਆ ਸੀ ਜਦੋਂਕਿ ਪੁਲਿਸ ਅਧਿਕਾਰੀ ਲਾਸ਼ ਦਾ ਅੰਤਮ ਸੰਸਕਾਰ ਕਰਨ ‘ਤੇ ਜੋਰ ਦੇ ਰਹੇ ਸਨ ਐਸ ਪੀ (ਐੱਚ) ਬਠਿੰਡਾ ਭੁਪਿੰਦਰ ਸਿੰਘ ਨਾਲ ਹੋਈ ਮੀਟਿੰਗ ਅਤੇ ਹਾਲਾਤਾਂ ਦੀ ਨਾਜ਼ੁਕਤਾ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਸਬੰਧਤ ਵਿਅਕਤੀਆਂ ਨੂੰ ਕੇਸ ‘ਚ ਸ਼ਾਮਲ ਕਰ ਲਿਆ ਇਸ ਤੋਂ ਬਾਅਦ ਪ੍ਰੀਵਾਰ ਨੇ ਅੰਤਮ ਸਸਕਾਰ ਕਰ ਦਿੱਤਾ ਜਿਸ ਪਿੱਛੋਂ ਜਿਲ੍ਹਾ ਪੁਲਿਸ ਨੇ ਸੁੱਖ ਦਾ ਸਾਹ ਲਿਆ।

ਮ੍ਰਿਤਕ ਸੋਨੂੰ ਅਰੋੜਾ ਦੇ ਜੇਲ੍ਹ ‘ਚ ਬੰਦ ਪਿਤਾ ਵਿਜੇ ਕੁਮਾਰ ਨੂੰ ਅੰਤਮ ਸਸਕਾਰ ‘ਚ ਸ਼ਾਮਲ ਹੋਣ ਲਈ ਇੱਕ ਦਿਨ ਦੀ ਵਿਸ਼ੇਸ਼ ਪੈਰੋਲ ਵੀ ਦਿੱਤੀ ਗਈ ਪਰ ਸਸਕਾਰ ‘ਚ ਦੇਰੀ ਹੋਣ ਕਾਰਨ ਉਹ ਆਪਣੇ ਪੁੱਤਰ ਦੀ ਚਿਤਾ ਨੂੰ ਅਗਨੀ ਨਾ ਦਿਖਾ ਸਕਿਆ ਜਿਸ ਦਾ ਪ੍ਰੀਵਾਰਕ ਮੈਂਬਰਾਂ ਨੇ ਗਿਲਾ ਜਤਾਇਆ ਹੈ ਸੋਨੂੰ ਅਰੋੜਾ ਦੇ ਭਰਾ ਕੁਲਦੀਪ ਕੁਮਾਰ, ਭੈਣਾਂ ਵੀਰਪਾਲ ਕੌਰ ਤੇ ਨੀਲਮ ਰਾਣੀ, ਚਾਚਾ ਸੁਭਾਸ਼ ਅਰੋੜਾ,ਭਰਜਾਈ ਜਸਪ੍ਰੀਤ ਕੌਰ ਤੇ ਮਾਮਾ ਸੱਤਪਾਲ ਨੇ ਪੁਲਿਸ ਤੋਂ ਮੁਲਜਮਾਂ ਨੂੰ ਸਖਤ ਸਜਾਵਾਂ ਦਿਵਾਉਣ ਦੀ ਮੰਗ ਕੀਤੀ ਹੈ ਡੀ.ਐਸ.ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਨੇ ਸਬੰਧਤ ਵਿਅਕਤੀਆਂ ਪੁਲਿਸ ਕੇਸ ‘ਚ ਨਾਮਜਦ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੀਵਾਰ ਵੱਲੋਂ ਸੋਨੂੰ ਅਰੋੜਾ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ।