ਬਾਰ੍ਹਵੀਂ ਦੇ ਨਤੀਜੇ : ਕੁੜੀਆਂ ਨੇ ਫਿਰ ਮਾਰੀ ਬਾਜ਼ੀ

ਲੁਧਿਆਣਾ ਦੀ ਅਮੀਸ਼ਾ ਅਰੋੜਾ ਰਹੀ ਅੱਵਲ

  • ਬਿਨਾਂ ਵਾਧੂ ਗਰੇਸ ਅੰਕਾਂ ਦੇ ਨਤੀਜਾ ਐਲਾਨਿਆ
  • ਪਿਛਲੇ ਵਰ੍ਹੇ ਨਾਲੋਂ 14.41 ਫੀਸਦੀ ਨਤੀਜਾ ਰਿਹਾ ਘੱਟ
  • ਲੁਧਿਆਣਾ ਫਿਰ ਛਾਇਆ, ਮੈਰਿਟਾਂ ‘ਚ ਫਰੀਦਕੋਟ ਜ਼ਿਲ੍ਹੇ ‘ਚ ਮੈਰਿਟਾਂ ਦਾ ਸੋਕਾ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12ਵੀਂ ਸ਼੍ਰੇਣੀ ਦੀ ਮਾਰਚ-2017 ਦੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ‘ਚ ਇਸ ਵਾਰ ਫਿਰ ਲੜਕੀਆਂ ਨੇ ਬਾਜ਼ੀ ਮਾਰੀ ਹੈ ਐਲਾਨੇ ਗਏ ਨਤੀਜੇ ਦੀ ਸਾਂਝੀ ਮੈਰਿਟ ਵਿੱਚ ਪਹਿਲੇ 6 ਸਥਾਨ ਲੜਕੀਆਂ ਦੇ ਨਾਂਅ ਰਹੇ। ਬੀਤੇ ਸਾਲ ਬੋਰਡ ਵੱਲੋਂ ਦਿੱਤੇ ਗਰੇਸ ਗੱਫਿਆਂ ਦੇ ਵਿਰੁੱਧ ਮੀਡੀਆ ਵਿੱਚ ਉਠੀ ਅਵਾਜ਼ ਦਾ ਅਸਰ ਇਸ ਸਾਲ ਦੇ ਨਤੀਜਿਆਂ ‘ਤੇ ਪਿਆ ਅਤੇ ਇਸ ਵਾਰ ਨਿਯਮਾਂ ਦੇ ਅਨੁਸਾਰ 1ਫੀਸਦੀ ਅੰਕ ਨੂੰ ਛੱਡ ਕੇ ਬਾਕੀ ਕਿਸੇ ਵੀ ਤਰ੍ਹਾਂ ਦੇ ਵਾਧੂ ਅੰਕ ਨਹੀਂ ਦਿੱਤੇ ਗਏ।

ਇਸ ਵਾਰ ਐਲਾਨਿਆ ਗਿਆ ਨਤੀਜਾ ਬੀਤੇ ਵਰ੍ਹੇ ਨਾਲੋਂ 14.41 ਫੀਸਦੀ ਘਟ ਕੇ 62.36 ਰਹਿ ਗਿਆ ਸਾਲ 2016 ਦਾ ਨਤੀਜਾ 76.77 ਫੀਸਦੀ ਜਦੋਂਕਿ ਉਸ ਤੋਂ ਪਿਛਲੇ ਸਾਲ 2015 ‘ਚ ਇਹ ਨਤੀਜਾ ਫੀਸਦੀ 76.24 ਸੀ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਨਤੀਜੇ ਦਾ ਐਲਾਨ ਕਰਦਿਆਂ ਚੇਅਰਮੈਨ ਬਲਵੀਰ ਸਿੰਘ ਢੋਲ ਨੇ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਸ਼੍ਰੇਣੀ ਦੇ ਨਤੀਜੇ ‘ਚ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ, ਲੁਧਿਆਣਾ ਦੀ ਵਿਦਿਆਰਥਣ ਅਮੀਸ਼ਾ ਅਰੋੜਾ ਨੇ ਬਾਜ਼ੀ ਮਾਰਦਿਆਂ 450 ਅੰਕਾਂ ‘ਚੋਂ 443 ਅੰਕ (98.44 ਫੀਸਦੀ) ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ।

ਦੂਜੇ ਸਥਾਨ ‘ਤੇ ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਐਚ ਐਮ 150, ਜਮਾਲਪੁਰ ਕਾਲੋਨੀ ਫੋਕਲ ਪੁਆਇੰਟ, ਲੁਧਿਆਣਾ ਦੀ ਵਿਦਿਆਰਥਣ ਪ੍ਰਭਜੋਤ ਜੋਸ਼ੀ  ਨੇ 442 ਅੰਕ (98.22 ਫੀਸਦੀ) ਅੰਕ ਹਾਸਿਲ ਕੀਤੇ ਅਤੇ ਤੀਜੇ ਸਥਾਨ ਉਤੇ ਟੈਗੋਰ ਸੈਂਟਨਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਹਿਰਾਮਪੁਰ ਰੋਡ, ਗੁਰਦਾਸਪੁਰ ਦੀ ਵਿਦਿਆਰਥਣ ਰੀਆ  ਨੇ 441 (98 ਫੀਸਦੀ) ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ।

ਸ. ਢੋਲ ਨੇ ਦੱਸਿਆ ਕਿ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਖੇਡ ਅੰਕ ਵਾਲੇ ਪ੍ਰੀਖਿਆਰਥੀਆਂ ਦੀ ਵੱਖਰੀ ਮੈਰਿਟ ਸੂਚੀ ਅਨੁਸਾਰ 12ਵੀਂ ਸ਼੍ਰੇਣੀ ਦੇ ਨਤੀਜੇ ‘ਚ ਬਾਬਾ ਸਾਹਿਬ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ ਜ਼ਿਲਾ ਸੰਗਰੂਰ ਦੀ ਵਿਦਿਆਰਥਣ ਹੁਸਨਦੀਪ ਕੌਰ ਨੇ 450 ਅੰਕਾਂ ਵਿਚੋਂ 450 ਅੰਕ (100 ਫੀਸਦੀ) ਅੰਕ ਪ੍ਰਾਪਤ ਕੀਤੇ ਜਦੋਂ ਕਿ ਇਸ ਵਿਦਿਆਰਥਣ ਦੇ ਅਕਾਦਮਿਕ ਅੰਕ 437 ਸਨ, ਇਸੇ ਤਰਾਂ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚ ਐਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਨੈਨਸ਼ੀ ਗੋਇਲ ਨੇ 100 ਫੀਸਦੀ ਅੰਕ (ਅਕਾਦਮਿਕ ਅੰਕ 436) ਲੈ ਕੇ ਦੂਜਾ ਸਥਾਨ ਅਤੇ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਦੇ ਵਿਦਿਆਰਥੀ ਸ਼ਿਵਮ ਕੁਮਾਰ  ਨੇ 100 ਫੀਸਦੀ ਅੰਕ (ਅਕਾਦਮਿਕ ਅੰਕ 435) ਪ੍ਰਾਪਤ ਕਰਕੇ ਖੇਡ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ‘ਚੋਂ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕੁੱਲ 3 ਲੱਖ 14 ਹਜ਼ਾਰ 815 (3,14,815) ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 1 ਲੱਖ 96 ਹਜ਼ਾਰ 321 (1,96,321) ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 62.36 ਫੀਸਦੀ ਰਹੀ ਹੈ। ਉਨਾਂ ਦੱਸਿਆ ਕਿ ਰੈਗੂਲਰ ਸਕੂਲ ਦੇ ਕੁੱਲ 2 ਲੱਖ 85 ਹਜ਼ਾਰ 138 (2,85,138) ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 1 ਲੱਖ 86 ਹਜ਼ਾਰ 278 (1,86,278) ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 65.33 ਫੀਸਦੀ ਰਹੀ, ਜਦੋਂ ਕਿ ਓਪਨ ਸਕੂਲ ਦੇ ਕੁੱਲ 29,677 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 10,043 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 33.84 ਫੀਸਦੀ ਰਹੀ। ਇਸ ਸਾਲ ਰੈਗੂਲਰ ਪ੍ਰੀਖਿਆਰਥੀਆਂ ਵਿੱਚੋਂ 62,916 ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਜਦਕਿ ਓਪਨ ਸਕੂਲ ਦੇ 18,822 ਪ੍ਰੀਖਿਆਰਥੀਆਂ ਦੀ ਰੀਪੀਅਰ ਆਈ ਹੈ। ਉਨ੍ਹਾਂ ਦੱਸਿਆ ਕਿ 36,376 ਵਿਦਿਆਰਥੀ ਫੇਲ੍ਹ ਹੋਏ ਹਨ।

ਇਸ ਮੌਕੇ ਉਨ੍ਹਾਂ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚੋਣਾਂ ਦੇ ਕਾਰਨ ਭਾਵੇਂ ਪ੍ਰੀਖਿਆਵਾਂ ਲੇਟ ਹੋਈਆਂ ਹਨ, ਪ੍ਰੰਤੂ ਯੋਗ ਬੋਰਡ ਦੇ ਸਮੂਹ ਸਟਾਫ ਦੀ ਸਖਤ ਮਿਹਨਤ ਸਦਕੇ ਹੀ ਨਤੀਜਾ ਸਾਰੇ ਬੋਰਡਾਂ ਦੇ ਨਾਲ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਮੌਕੇ ਬੋਰਡ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਸਸ਼ੀ ਕਾਂਤਾ ਅਤੇ ਬੋਰਡ ਦੇ ਮੀਤ ਪ੍ਰਧਾਨ ਡਾਕਟਰ ਸੁਰੇਸ਼ ਕੁਮਾਰ ਟੰਡਨ, ਸਕੱਤਰ ਜਨਕ ਰਾਜ ਮਹਿਰੋਕ, ਸੰਯੁਕਤ ਸਕੱਤਰ ਪ੍ਰੀਖਿਆਵਾਂ ਕਰਨਜਗਦੀਸ਼ ਕੌਰ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਡਿਪਟੀ ਡਾਇਰੈਕਟਰ ਰਣਜੀਤ ਸਿੰਘ ਮਾਨ, ਪੀ. ਆਰ. ਓ ਕੋਮਲ ਸਿੰਘ ਆਦਿ ਅਧਿਕਾਰੀ ਮੌਜੂਦ ਸਨ।