ਪੰਜਾਬ ‘ਚ 20 ਅਗਸਤ ਨੂੰ ਲਾਗੂ ਹੋਵੇਗੀ ਆਯੂਸ਼ਮਾਨ ਭਾਰਤ, ਜਪਾਨੀ ਕੰਪਨੀ ਇਫਕੋ ਟੋਕੀਓ ਕਰੇਗੀ ਬੀਮਾ

Punjab, Indo-Japanese Company, Issue Insurance, IOC Tokyo to go Into Effect, August 20 in Punjab

ਅਸ਼ਵਨੀ ਚਾਵਲਾ, ਚੰਡੀਗੜ੍ਹ

ਆਯੂਸ਼ਮਾਨ ਭਾਰਤ ਲੰਮੇ ਇੰਤਜ਼ਾਰ ਤੋਂ ਬਾਅਦ 20 ਅਗਸਤ ਨੂੰ ਪੰਜਾਬ ਭਰ ਵਿੱਚ ਲਾਗੂ ਹੋਣ ਜਾ ਰਹੀ ਹੈ। ਇਸ ਸਬੰਧੀ ਸਿਹਤ ਵਿਭਾਗ ਨੇ ਆਪਣੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ 20 ਅਗਸਤ ਤੋਂ ਇਸ ਸਿਹਤ ਬੀਮਾ ਸਕੀਮ ਨੂੰ ਹਰੀ ਝੰਡੀ ਦਿੰਦੇ ਹੋਏ ਲਾਗੂ ਕਰ ਦਿੱਤਾ ਜਾਵੇਗਾ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਪਾਨੀ ਕੰਪਨੀ ਇਫਕੋ ਟੋਕੀਓ ਨੂੰ ਬੀਮਾ ਕਰਨ ਦਾ ਠੇਕਾ ਦਿੱਤਾ ਗਿਆ ਹੈ, ਇਹ ਕੰਪਨੀ 310 ਤੋਂ ਜ਼ਿਆਦਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੀਮਾਂ ਧਾਰਕ ਪਰਿਵਾਰਾਂ ਦਾ ਇਲਾਜ ਹੋਣ ‘ਤੇ ਕਲੇਮ ਦੀ ਅਦਾਇਗੀ ਕਰੇਗੀ। ਹਰ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ ਅਤੇ ਇਹ ਪੂਰੀ ਤਰਾਂ ਕੈਸ਼ਲੈਸ ਹੋਏਗੀ। ਬੀਮਾ ਲੈਣ ਵਾਲੇ ਪਰਿਵਾਰਕ ਮੈਂਬਰ ਨੂੰ ਕਾਰਡ ਦੇ ਨਾਲ ਹੀ ਬਾਈਓਮੈਟ੍ਰਿਕ ਰਾਹੀਂ ਆਪਣੀ ਹਾਜ਼ਰੀ ਹਸਪਤਾਲ ਵਿਖੇ ਦਰਜ ਕਰਵਾਉਣੀ ਪਵੇਗੀ, ਜਿਸ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ। ਸਿਹਤ ਵਿਭਾਗ ਵਲੋਂ ਪੰਜਾਬ ਦੇ 46 ਲੱਖ 9 ਹਜ਼ਾਰ ਪਰਿਵਾਰਾਂ ਨੂੰ ਇਸ ਬੀਮਾ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਇਸ ਨਾਲ ਪੰਜਾਬ ਦੇ ਲਗਭਗ 90 ਫੀਸਦੀ ਤੋਂ ਜਿਆਦਾ ਲੋਕ ਕਵਰ ਹੋ ਜਾਣਗੇ, ਜਦੋਂ ਕਿ ਬਾਕੀ ਰਹਿੰਦੇ 10 ਫੀਸਦੀ ਆਮ ਲੋਕਾਂ ਨੂੰ ਹੀ ਖ਼ੁਦ ਦਾ ਇਲਾਜ ਕਰਵਾਉਣ ਲਈ ਪੈਸੇ ਖ਼ਰਚ ਕਰਨ ਦੀ ਜਰੂਰਤ ਪਏਗੀ।

ਆਯੂਸਮਾਨ ਭਾਰਤ ਦੇਸ਼ ਭਰ ਵਿੱਚ ਪਿਛਲੇ ਸਾਲ ਹੀ ਲਾਗੂ ਹੋ ਗਈ ਸੀ ਪਰ ਪੰਜਾਬ ਸਰਕਾਰ ਬੀਮਾ ਯੋਜਨਾ ਲਈ ਖ਼ਰਚ ਹੋਣ ਵਾਲੇ ਪੈਸੇ ‘ਤੇ 60:40 ਦੇ ਫ਼ਾਰਮੂਲੇ ਨੂੰ ਲੈ ਕੇ ਨਰਾਜ਼ ਸੀ ਅਤੇ ਉਨਾਂ ਨੇ ਇਸ ਬੀਮਾ ਯੋਜਨਾ ਨੂੰ ਲਾਗੂ ਹੀ ਨਹੀਂ ਕੀਤਾ। ਹਾਲਾਂਕਿ ਪਿਛਲੇ ਸਾਲ 15 ਅਗਸਤ  ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਝੰਡਾ ਲਹਿਰਾਉਂਦੇ ਹੋਏ ਐਲਾਨ ਕੀਤਾ ਸੀ ਕਿ ਜਲਦ ਹੀ ਆਯੂਸਮਾਨ ਭਾਰਤ ਲਾਗੂ ਕਰ ਦਿੱਤੀ ਜਾਏਗੀ ਪਰ ਇਸ ਐਲਾਨ ਨੂੰ ਵੀ ਹੁਣ ਇੱਕ ਸਾਲ ਬੀਤਣ ਜਾ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਪਹਿਲਾਂ ਕਾਫ਼ੀ ਜਿਆਦਾ ਔਕੜਾਂ ਸਨ, ਜਿਨਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਟੈਂਡਰ ਕੀਤੇ ਜਾਣੇ ਸੀ, ਜਿਸ ਵਿੱਚ ਇਫਕੋ ਟੋਕੀਓ ਕੰਪਨੀ ਨੂੰ ਟੈਂਡਰ ਅਲਾਟ ਕਰ ਦਿੱਤਾ ਗਿਆ ਹੈ। ਇਸ ਕੰਪਨੀ ਰਾਹੀਂ ਹੀ ਪੰਜਾਬ ਵਿੱਚ ਹੁਣ ਬੀਮਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲਾਂ ਪੰਜਾਬ ਦਾ ਟਾਰਗੈਟ ਸਿਰਫ਼ 43 ਲੱਖ ਪਰਿਵਾਰਾਂ ਤੱਕ ਦਾ ਸੀ ਤਾਂ ਹੀ ਟੈਂਡਰ ਵਿੱਚ 43 ਲੱਖ 18 ਹਜ਼ਾਰ ਪਰਿਵਾਰਾਂ ਦਰਜ਼ ਕੀਤੇ ਗਏ ਸਨ ਅਤੇ ਇਨਾਂ ਦਾ ਪ੍ਰੀਮੀਅਮ ਵੀ ਬੀਮਾ ਕੰਪਨੀ ਨੂੰ ਦੇ ਦਿੱਤਾ ਗਿਆ ਹੈ, ਜਦੋਂ ਕਿ ਹੁਣ 2 ਲੱਖ 91 ਹਜ਼ਾਰ ਪਰਿਵਾਰ ਹੋਰ ਆ ਗਏ ਹਨ, ਜਿਨਾਂ ਦਾ ਪ੍ਰੀਮੀਅਮ ਜਲਦ ਹੀ ਦਿੰਦੇ ਹੋਏ ਉਨਾਂ ਦਾ ਵੀ ਬੀਮਾ ਕਰਵਾ ਦਿੱਤਾ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।