ਖਾਲਸਾ ਯੂਨੀਵਰਸਿਟੀ ਬੰਦ ਹੋਣ ਦੇ ਰਾਹ ‘ਤੇ, ਵਾਈਸ ਚਾਂਸਲਰ ਨੇ ਦਿੱਤਾ ਅਸਤੀਫ਼ਾ

ਬੱਚੇ ਨਾ ਆਉਣ ‘ਤੇ ਐਡਹਾਕ ਸਟਾਫ਼ ਨੂੰ ਜ਼ਬਰੀ ਪੀਐੱਚਡੀ ਲਈ ਕੀਤਾ ਜਾ ਰਿਹਾ ਅਨਰੋਲ

ਅੰਮ੍ਰਿਤਸਰ, (ਰਾਜਨ ਮਾਨ) । ਵਿਵਾਦਾਂ ਵਿੱਚ ਘਿਰੀ ਖਾਲਸਾ ਯੂਨੀਵਰਸਿਟੀ ‘ਤੇ ਮੰਡਰਾ ਰਹੇ ਖਤਰੇ ਦੇ ਬੱਦਲ ਹੋਰ ਡੂੰਘੇ ਹੁੰਦੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਦੇ ਦਾਖਲੇ ਬੰਦ ਕਰ ਦਿੱਤੇ ਜਾਣ ਕਾਰਨ ਮਾਮਲਾ ਹੋਰ ਗਰਮਾ ਗਿਆ ਹੈ ਉਧਰ ਯੂਨੀਵਰਸਿਟੀ ਦੀ ਡਾਵਾਂਡੋਲ ਹਾਲਤ ਵੇਖਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਐਸ ਚਾਹਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਵਿਦਿਆਰਥੀਆਂ ਵੱਲੋਂ ਵੀ ਯੂਨੀਵਰਸਿਟੀ ਤੋਂ ਮੂੰਹ ਮੋੜ ਲਿਆ ਗਿਆ ਹੈ । ਖਾਲਸਾ ਕਾਲਜ ਕਮੇਟੀ ਵੱਲੋ ਸੈਂਕੜੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ। ਰਹਾ ਹੈ ਬੱਚੇ ਨਾ ਆਉਣ ‘ਤੇ ਐਡਹਾਕ ਸਟਾਫ ਨੂੰ ਜਬਰੀ ਪੀਐਚ ਡੀ ਲਈ ਅਨਰੋਲ ਕੀਤਾ ਜਾ ਰਿਹਾ ਹੈ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਦਾਖਲੇ ਬੰਦ ਕਰ ਦਿੱਤੇ ਹਨ।

ਪਿਛਲੀ ਅਕਾਲੀ ਸਰਕਾਰ ਸਮੇਂ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਇਸ ਯੂਨੀਵਰਸਿਟੀ ਦੀ ਮਨਜ਼ੂਰੀ ਲਈ ਗਈ ਸੀ ਖਾਲਸਾ ਕਾਲਜ ਦੀ ਸਰਜਮੀਂਨ ‘ਤੇ ਸਥਾਪਿਤ ਕੀਤੀ ਗਈ ਇਹ ਯੂਨੀਵਰਸਿਟੀ ਬਣਨ ਤੋਂ ਲੈ ਕੇ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਵਿਵਾਦਾਂ ਵਿੱਚ ਰਹੀ ਹੈ ਹੁਣ ਕਾਂਗਰਸ ਸਰਕਾਰ ਆਉਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਯੂਨੀਵਰਸਿਟੀ ਨੂੰ ਦਿੱਤੀ ਗਈ ਮਨਜ਼ੂਰੀ ਦੇ ਮਾਮਲੇ ‘ਤੇ ਮੁੜ ਘੋਖ ਕਰਨ ਲਈ ਕੀਤੇ ਗਏ ਐਲਾਨ ਤੋਂ ਬਾਅਦ ਮੈਨੇਜਮੈਂਟ ਕਮੇਟੀ ਵੱਲੋਂ ਯੂਨੀਵਰਸਿਟੀ ਨੂੰ ਬਚਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ ।

ਮੈਨੇਜਮੈਂਟ ਕਮੇਟੀ ਨੇ ਲੜਕੀਆਂ ਦੇ ਇੱਕੋ ਇੱਕ ਕਾਲਜ ਖਾਲਸਾ ਕਾਲਜ਼ ਫਾਰ ਵੂਮੈਨ ਅਤੇ ਬੀ.ਐਡ ਕਾਲਜ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਰੱਦ ਕਰਵਾ ਦਿੱਤੀ ਹੈ ਅਤੇ ਇਹ ਕਾਲਜ਼ ਮੁਕੰਮਲ ਰੂਪ ਵਿੱਚ ਖਾਲਸਾ ਯੂਨੀਵਰਸਿਟੀ ਦੇ ਅਧੀਨ ਲੈ ਲਏ ਹਨ ਇੰਨਾਂ ਕਾਲਜਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਰੱਦ ਹੋਣ ਕਾਰਨ ਸੈਂਕੜੇ ਵਿਦਿਆਰਥੀ ਤੇ ਅਧਿਆਪਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਡੁੱਬ ਗਏ ਹਨ ਹੋਰ ਤਾਂ ਹੋਰ ਮੈਨੇਜਮੈਂਟ ਕਮੇਟੀ ਨੇ ਬਾਹਰੀ ਵਿਦਿਆਰਥੀਆਂ ਵੱਲੋਂ ਖਾਲਸਾ ਯੂਨੀਵਰਸਿਟੀ ਵਿੱਚ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਯੂਨੀਵਰਸਿਟੀ ਦੀ ਹੋਂਦ ਬਣਾਈ ਰੱਖਣ ਲਈ ਖਾਲਸਾ ਕਾਲਜ਼ ਫਾਰ ਵੂਮੈਨ, ਬੀਐੱਡ ਕਾਲਜ਼ ਅਤੇ ਖਾਲਸਾ ਕਾਲਜ਼ ਵਿੱਚ ਵੱਖ-ਵੱਖ ਵਿਭਾਗਾਂ ‘ਚ ਐਡਹਾਕ ‘ਤੇ ਕੰਮ ਕਰਦੇ ਟੀਚਰਾਂ ਨੂੰ ਪੀ.ਐਚ.ਡੀ ਲਈ ਇਨਰੋਲ ਕੀਤਾ ਹੈ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਖਾਲਸਾ ਕਾਲਜ਼ ਫਾਰ ਵੂਮੈਨ ਦੇ ਕਾਮਰਸ ਵਿਭਾਗ ਦੀਆਂ ਚਾਰ, ਪੰਜਾਬੀ ਵਿਭਾਗ ਦੀਆਂ ਚਾਰ ਟੀਚਰਾਂ ਤੋਂ ਇਲਾਵਾ ਖਾਲਸਾ ਕਾਲਜ਼ ਤੋਂ ਤਿੰਨ ਅਤੇ ਬੀ.ਐਡ ਕਾਲਜ਼ ਤੋਂ ਵੀ ਤਿੰਨ ਅਧਿਆਪਕਾਂ ਨੂੰ ਪੀ.ਐਚ.ਡੀ ਲਈ ਇਨਰੋਲ ਕੀਤਾ ਹੈ ਸੂਤਰਾਂ ਅਨੁਸਾਰ ਮੈਨੇਜਮੈਂਟ ਵੱਲੋਂ ਐਡਹਾਕ ਸਟਾਫ ਨੂੰ ਦਬਾਅ ਪਾ ਕੇ ਪੀ.ਐਚ.ਡੀ ਕਰਨ ਲਈ ਕਿਹਾ ਜਾ ਰਿਹਾ ਹੈ ਮੈਨੇਜਮੈਂਟ ਕਮੇਟੀ ਵੱਲੋਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਚੰਦ ਕੁ ਬੱਚਿਆਂ ਦੇ ਭਵਿੱਖ ਦਾ ਵਾਸਤਾ ਪਾ ਕੇ ਦੂਸਰੇ ਹਜ਼ਾਰਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।

ਯੂਨੀਵਰਸਿਟੀ ਵਿੱਚ ਅਜੇ ਤੱਕ ਪੂਰੇ ਸਟਾਫ ਦੀ ਨਿਯੁਕਤੀ ਨਹੀਂ ਕੀਤੀ ਗਈ ਤੇ ਮੈਨੇਜਮੈਨਟ ਵੱਲੋ ਦੂਸਰੇ ਕਾਲਜ਼ਾਂ ਵਿੱਚ ਕੰਮ ਕਰਦੇ ਅਧਿਆਪਕਾਂ ਤੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ  ਵੱਖ-ਵੱਖ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਖਾਲਸਾ ਯੂਨੀਵਰਸਿਟੀ ਦੇ ਵਿਰੋਧ ‘ਚ ਅਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਮੁੜ ਸਮਾਜ ਸੇਵੀ ਅਤੇ ਸਿਆਸੀ ਜਥੇਬੰਦੀਆਂ ਮਿਲ ਕੇ ਬੱਚਿਆਂ ਦੇ ਭਵਿੱਖ ਨਾਲ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਇਸ ਖਿਲਵਾੜ ਵਿਰੁੱਧ ਕਮਰਕੱਸੇ ਕੀਤੇ ਗਏ ਹਨ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਚੰਦ ਮਹੀਨਿਆਂ ਬਾਅਦ ਹੀ ਅਸਤੀਫਾ ਦੇ ਦਿੱਤੇ ਜਾਣ ਕਾਰਨ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।