ਕੈਨੇਡਾ ਜਾ ਰਹੇ ਪੰਜਾਬੀ ਪੜ੍ਹਨਹਾਰੇ ਨੂੰ ਦਰਪੇਸ਼ ਚੁਣੌਤੀਆਂ !

ਪੰਜਾਬ ਵਿੱਚ ਰੁਜ਼ਗਾਰ, ਵਪਾਰ, ਅਤੇ ਅਮਨ-ਕਾਨੂੰਨ ਦੇ ਸੰਭਾਵਤ ਧੁੰਦਲ਼ੇ ਭਵਿੱਖ ਤੋਂ ਤ੍ਰਭਕੇ ਹੋਏੇ ਮਾਪੇ, ਆਪਣੇ ਬੱਚਿਆਂ ਨੂੰ ਹਰ ਹੀਲੇ ਕੈਨੇਡਾ ‘ਚ ਪੜ੍ਹਨ ਲਈ ਭੇਜਣ ਵਾਸਤੇ ਉਤਸੁਕ ਹਨ ਜਿੱਥੇ ਪੰਜਾਬੀ ਬੱਚਿਆਂ ਦਾ ਕੈਨੇਡਾ ‘ਚ ਏਡੀ ਵੱਡੀ ਗਿਣਤੀ ‘ਚ ਜਾਣਾ ਹਾਂ-ਪੱਖੀ ਰੁਝਾਨ ਹੈ ਓਥੇ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ ਕਿ ਅਨੇਕਾਂ ਵਿਦਿਆਰਥੀ ਕੈਨੇਡਾ  ਜਾ ਕੇ ਵੱਡੇ ਸੰਕਟਾਂ ‘ਚੋਂ ਵੀ ਗੁਜ਼ਰ ਰਹੇ ਹਨ ਇਨ੍ਹਾਂ ‘ਚੋਂ ਕੁਝ ਸੰਕਟ ਬੱਚਿਆਂ ਦੀ ਪਰਵਰਿਸ਼ ਦੇ ਵਖਰੇਵੇਂ ਤੇ ਤਰੁੱਟੀਆਂ ਕਾਰਨ ਆਉਂਦੇ ਹਨ, ਤੇ ਕੁਝ, ਬੱਚਿਆਂ ਅੰਦਰ, ਕੈਨੇਡਾ ਦੇ ਕਲਚਰਲ ਮਹੌਲ ‘ਚ ਸਲੀਕੇ ਨਾਲ ਵਿਚਰ ਸਕਣ ਦੀ ਜਾਚ ਦੀ ਅਣਹੋਂਦ ਕਾਰਨ ਇਨ੍ਹਾਂ ਅਣਕਿਆਸੇ ਕਾਰਨਾਂ ਤੋਂ ਭਾਰਤ ਰਹਿੰਦੇ ਮਾਪੇ ਬੇਖ਼ਬਰ ਹੁੰਦੇ ਹਨ।

ਮਾਪਿਆਂ ਦੀ ਜਾਣਕਾਰੀ ਲਈ ਮੈਂ ਕੁਝ ਕੁ ਨੁਕਤੇ ਉਨ੍ਹਾਂ ਨਾਲ ਸਾਂਝੇ ਕਰ ਰਿਹਾ ਹਾਂ ਜਿਨ੍ਹਾਂ ਦੀ ਜਾਣਕਾਰੀ, ਬੱਚਿਆਂ ਨੂੰ ਅਗਾਊਂ-ਤਿਆਰ ਕਰਨ ਲਈ ਅਤੇ ਬੱਚਿਆਂ ਦੀ ਕਾਮਯਾਬੀ ਲਈ ਸਹਾਈ ਹੋ ਸਕਦੀ ਹੈ । ਭਾਰਤ ਬੈਠੇ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਕੈਨੇਡਾ ਭੂਗੋਲਿਕ ਤੌਰ ‘ਤੇ ਬਹੁਤ ਹੀ ਵਿਸ਼ਾਲ ਮੁਲਕ ਹੈ ਏਡਾ ਵਿਸ਼ਾਲ ਕਿ ਏਥੇ ਛੇ ਟਾਈਮ ਜ਼ੋਨ ਹਨ ਦੇਸ਼ ਦੇ ਪੂਰਬੀ ਕੋਨੇ ਤੋਂ ਪੱਛਮੀ ਤੱਕ ਫਾਸਲਾ 7300 ਕਿਲੋਮੀਟਰ ਹੈ ਜਦੋਂ ਪੂਰਬੀ ਤੱਟ ‘ਤੇ ਦੁਪਹਿਰ ਦੇ ਬਾਰਾਂ ਵੱਜੇ ਹੁੰਦੇ ਹਨ ਤਾਂ ਮੱਧ-ਕੈਨੇਡਾ (ਟਰਾਂਟੋ) ‘ਚ ਸਵੇਰ ਦੇ ਨੌਂ, ਵਿੰਨਾਪੈੱਗ ‘ਚ ਸਵੇਰ ਦੇ ਸੱਤ ਤੇ ਪੱਛਮੀ ਤਟ ਉੱਤੇ ਵੈਨਕੂਵਰ ‘ਚ ਤੜਕੇ ਦੇ ਛੇ ਬਹੁਤੇ ਮਾਪਿਆਂ ਲਈ ਕੈਨੇਡਾ ਪਹੁੰਚ ਜਾਣ ਦਾ ਮਤਲਬ ਹੈ ਕਿ ਸਭ ਕੁਝ ਹੁਣ ‘ਅੱਛਾ ਹੀ ਅੱਛਾ’ ਹੋ ਜਾਵੇਗਾ, ਪ੍ਰੰਤੂ ਅਸਲੀਅਤ ਕੁਝ ਹੋਰ ਹੈ।

ਕੈਨੇਡਾ ਦੇ ਕਾਲਜਾਂ ‘ਚ ਦਾਖ਼ਲਾ ਭਾਵੇਂ ਨੈੱਟ ਰਾਹੀਂ ਕਾਲਜ ਨਾਲ ਸਿੱਧਾ ਸੰਪਰਕ ਕਰ ਕੇ ਵੀ ਲਿਆ ਜਾ ਸਕਦਾ ਹੈ, ਪ੍ਰੰਤੂ ਹਰ ਕਾਲਜ ਨੇ ਦਾਖ਼ਲੇ ਦਵਾਉਣ ਲਈ ਏਜੰਟ ਵੀ ਰੱਖੇ ਹੁੰਦੇ ਹਨ ਜਿਨ੍ਹਾਂ ‘ਚੋਂ ਬਹੁਤਿਆਂ ਦੀ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਬੈਠੇ ਅਣਭੋਲ ਵਿਦਿਆਰਥੀਆਂ ਨੂੰ ਉਸ ਕਾਲਜ ‘ਚ ਦਾਖ਼ਲਾ ਦਵਾਇਆ ਜਾਵੇ ਜਿਸ ਤੋਂ ਏਜੰਟਾਂ ਨੂੰ ਵਧੇਰੇ ਕਮਿਸ਼ਨ ਮਿਲਦਾ ਹੋਵੇ ਇਸ ਤਰ੍ਹਾਂ, ਓਪਰੇ ਮੁਲਕ ‘ਚ ਬੱਚਿਆਂ ਦੀਆਂ ਸੰਭਾਵਤ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਦਿਆਂ, ਲਾਲਚੀ ਏਜੰਟ ਦਾਖ਼ਲਾ ਐਸੀ ਜਗ੍ਹਾ ਦੁਆ ਦਿੰਦੇ ਹਨ ਜਿੱਥੇ ਰਹਿਣ ਲਈ ਕਮਰੇ ਦਾ ਇੰਤਜ਼ਾਮ ਕਰਨਾ ਹੀ ਮੁਹਾਲ ਹੁੰਦਾ ਹੈ ਤੇ ਪਾਰਟ ਟਾਈਮ ਕੰਮ ਲੱਭਣਾ ਵੀ ਬਹੁਤ ਹੀ ਮੁਸ਼ਕਲ ਹੁੰਦਾ ਹੈ।

ਇਸ ਲਈ ਦੋ ਤਜਵੀਜ਼ਾਂ ਹਨ: ਇੱਕ ਤਾਂ ਦਾਖ਼ਲਾ, ਏਜੰਟ ਦੀ ਬਜਾਏ, ਸਿੱਧਾ ਨੈੱਟ ਰਾਹੀਂ ਲਿਆ ਜਾਵੇ ਦੂਜਾ, ਦਾਖ਼ਲਾ ਜੇਕਰ ਟਰਾਂਟੋ ਦੇ ਹੰਬਰ ਕਾਲਜ ਨੋਰਥ ਕੈਂਪਸ, ਸ਼ੈਰੀਡਨ ਕਾਲਜ ਬਰੈਂਪਟਨ, ਜਾਂ ਸੈਨਕਾ ਕਾਲਜ ਦੇ ਯੋਰਕ ਯੂਨੀਵਰਸਿਟੀ ‘ਚ ਹੋਵੇ ਤਾਂ ਕੰਮ ਲੱਭਣ ਤੇ ਰਿਹਾਇਸ਼ ਲੱਭਣ ‘ਚ ਆਸਾਨੀ ਰਹਿੰਦੀ ਹੈ ਕਿਉਂਕਿ ਇਹ ਉਹ ਕਾਲਜ-ਯੂਨੀਵਰਸਿਟੀਆਂ ਹਨ ਜਿੱਥੋਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲ਼ੇ ਬਰੈਂਪਟਨ, ਮਾਲਟਨ, ਵੁੱਡਬਰਿੱਜ, ਕਾਨਕੋਰਡ, ਵੈਸਟਨ, ਇਟੋਬੀਕੋਅ, ਰੈਕਸਡੇਲ ਆਦਿਕ ਸ਼ਹਿਰ ਬਹੁਤ ਨੇੜੇ ਹਨ ਅੱਜ ਕੱਲ੍ਹ ਨੈੱਟ ਦਾ ਯੁਗ ਹੈ; ਇਸ ਲਈ ਕਾਲਜ ਦੀ ਚੋਣ ਕਰਨ ਵੇਲੇ ਵਿਦਿਆਰਥੀ ਖੁਦ ਹੀ ਗੂਗਲ ਰਾਹੀਂ ਇਹ ਪਤਾ ਜ਼ਰੂਰ ਕਰ ਲੈਣ ਕਿ ਜਿਸ ਜਗ੍ਹਾ ਉਨ੍ਹਾਂ ਨੂੰ ਦਾਖ਼ਲਾ ਮਿਲ ਰਿਹਾ ਹੈ, ਉਹ ਇਨ੍ਹਾਂ ਇਲਾਕਿਆਂ ਤੋਂ ਕਿੰਨੀ ਦੂਰ ਹਨ।

2) ਜਦੋਂ ਕਿ ਕੈਨੇਡਾ ਪਹੁੰਚੇ ਵੱਡੀ ਗਿਣਤੀ ਪੰਜਾਬੀ ਬੱਚੇ ਪੜ੍ਹਾਈ ‘ਚ ਵੀ ਤੇ ਕੰਮ ‘ਚ ਵੀ ਹੱਡ-ਭੰਨਵੀਂ ਮਿਹਨਤ ਕਰਦੇ ਹਨ, ਅਨੇਕਾਂ ਬੱਚੇ ਉਹ ਵੀ ਹਨ ਜਿਨ੍ਹਾਂ ਨੇ ਜ਼ਿੰਦਗੀ ‘ਚ ਕਦੇ ਕੰਮ ਕੀਤਾ ਹੀ ਨਹੀਂ ਹੁੰਦਾ ਕੈਨੇਡਾ ‘ਚ ਕੰਮ ਦੇ ਮੁਕਾਮ ‘ਤੇ ਵਾਸ਼ਰੂਮ-ਟਾਇਲਟ ਦੀ ਸਫ਼ਾਈ ਕਰਨਾ, ਝਾੜੂ ਮਾਰਨਾ, ਡਸਟਿੰਗ ਕਰਨੀ ਆਦਿਕ ਚੀਜ਼ਾਂ ਕੰਮ ਦਾ ਹਿੱਸਾ ਹੁੰਦੇ ਹਨ  ਅਤੇ ਕੰਮ ਦੇ ਮਾਲਕ ਇਹ ਕੰਮ ਆਪ ਵੀ ਕਰਦੇ ਹਨ ਪਰ ਪੰਜਾਬ ਦੇ ਵੱਖਰੇ ਸਮਾਜਿਕ ਮਹੌਲ ‘ਚੋਂ ਗਏ ਬੱਚੇ ਕਈ ਵਾਰ ਝਾੜੂ ਮਾਰਨ, ਪੋਚਾ ਲਾਉਣ, ਵਾਸ਼ਰੂਮ ਦੀ ਸਫ਼ਾਈ ਆਦਿਕ ਨੂੰ ਘਟੀਆ ਸਮਝਣ ਦੀ ਗ਼ਲਤੀ ਕਰ ਬੈਠਦੇ ਹਨ ਤੇ ਇਨ੍ਹਾਂ ਕੰਮਾਂ ਤੋਂ ਪਾਸਾ ਵੱਟ ਕੇ ਆਪਣੀ ਜੌਬ ਵੀ ਗੁਆ ਬੈਠਦੇ ਹਨ।

ਉਂਜ ਵੀ ਜਿਨ੍ਹਾਂ ਬੱਚਿਆਂ ਨੂੰ ਮਾਪਿਆਂ ਨੇ ਕੰਮ ਕਰਨ ਦੀ ਆਦਤ ਹੀ ਨਹੀਂ ਪਾਈ ਹੁੰਦੀ, ਉਨ੍ਹਾਂ ਨੂੰ ਕੰਮ ਕਰਨਾ ਔਖਾ ਵੀ ਲਗਦਾ ਹੈ ਇਸ ਲਈ ਉਹ ਰਿਹਾਇਸ਼ ਦੇ ਕਿਰਾਏ, ਗਰੋਸਰੀ, ਬੱਸਾਂ ਦੇ ਕਿਰਾਏ ਤੇ ਹੋਰ ਫੁਟਕਲ ਖ਼ਰਚਿਆਂ ਲਈ ਆਪਣੇ ਮਾਪਿਆਂ ‘ਤੇ ਹੀ ਨਿਰਭਰ ਹੋ ਜਾਂਦੇ ਹਨ ਅਜਿਹੇ ਬੱਚਿਆਂ ਲਈ ਕੈਨੇਡਾ ‘ਚ ਕਾਮਯਾਬ ਹੋਣਾ ਔਖਾ ਹੁੰਦਾ ਹੈ ਇਸ ਲਈ ਮਾਪਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਨਿਆਣੀ ਉਮਰ ਤੋਂ ਹੀ ਕੰਮ ਕਰਨ ਦੀ ਆਦਤ ਪਾਉਣੀ ਜ਼ਰੂਰੀ ਹੈ, ਨਹੀਂ ਤਾਂ ਉਹ ਕੰਮਚੋਰ ਅਤੇ ਆਲਸੀ ਹੋ ਜਾਣਗੇ।

3) ਮਾਪਿਆਂ ਨੂੰ ਚਾਹੀਦਾ ਹੈ ਕਿ ਕੈਨੇਡਾ ਜਾ ਰਹੇ ਬੱਚਿਆਂ ਨੂੰ ਇਸ ਗੱਲੋਂ ਆਗਾਹ  ਕਰ ਕੇ ਹੀ ਬਾਹਰ ਘੱਲਣ ਕਿ ਉਨ੍ਹਾਂ ਨੂੰ ਬਾਹਰਲੇ ਮੁਲਕ ‘ਚ ਆਪਣੀ ਰਿਹਾਇਸ਼ ਦਾ ਕਿਰਾਇਆ ਤੇ ਜੇਬ ਖ਼ਰਚਾ, ਪਾਰਟ ਟਾਈਮ ਕੰਮ ਕਰ ਕੇ ਆਪ ਕਮਾਉਣਾ ਪੈਣਾ ਹੈ ਜਿਨ੍ਹਾਂ ਮਾਪਿਆਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਦੇ ਬੱਚੇ ਕੰਮ ਕਰਨ ਤੋਂ ਟਲ਼ਦੇ ਹਨ, ਆਲਸੀ ਹਨ, ਤੇ ਪੰਜਾਬੀ ਸੱਭਿਆਚਾਰ ‘ਚ ਕੁਝ ਕੰਮਾਂ ਨੂੰ ਘਟੀਆ ਸਮਝਣ ਦਾ ਕੂੜਾ ਆਪਣੇ ਨਾਲ਼ ਹੀ ਚੁੱਕੀ ਫ਼ਿਰਦੇ ਹਨ, ਉਨ੍ਹਾਂ ਲਈ ਬਿਹਤਰ ਕਿ ਉਹ ਪੈਸਾ ਬਰਬਾਦ ਕਰਨ ਦਾ ਰਿਸਕ ਨਾ ਲੈਣ ਤੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਗੁਰੇਜ਼ ਕਰਨ ਉਂਜ ਇਹ ਗੱਲ ਵੀ ਨੋਟ ਕਰਨ ਵਾਲ਼ੀ ਹੈ ਕਿ ਬਹੁਤੇ ਬੱਚੇ ਏਨੇ ਮਿਹਨਤੀ ਤੇ ਦੂਰਦਰਸ਼ੀ ਹੁੰਦੇ ਹਨ ਕਿ ਰਾਤਾਂ ਨੂੰ ਕੰਮ ਕਰ ਕੇ ਤੇ ਦਿਨੇ ਪੜ੍ਹਾਈ ‘ਚ ਮਸਰੂਫ਼ ਰਹਿ ਕੇ ਆਪਣੀਆਂ ਫੀਸਾਂ ਵੀ ਆਪ ਕਮਾ ਲੈਂਦੇ ਹਨ।

4) ਕੈਨੇਡਾ ਦਾ ਸਮਾਜਿਕ ਮਹੌਲ ਭਾਰਤ ਨਾਲੋਂ ਬਿਲਕੁਲ ਹੀ ਵੱਖਰਾ ਹੈ ਇੱਥੇ ਮੁੰਡੇ ਕੁੜੀਆਂ ਨੂੰ ਮਿਲਣ-ਗਿਲਣ ਦੀ ਸੰਪੂਰਨ ਆਜ਼ਾਦੀ ਹੁੰਦੀ ਹੈ ਕੈਨੇਡਾ ਦੇ ਜੰਮਪਲ ਬੱਚੇ ਇਸ ਮਹੌਲ ਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਹਨ ਅਤੇ ਢੁੱਕਵੀਂ ਵਿੱਥ ਰੱਖ ਕੇ ਆਪਸ ‘ਚ ਦੋਸਤੀਆਂ ਰੱਖਦੇ ਹਨ ਪਰ ਪੰਜਾਬੋਂ ਆਏ ਅਨੇਕਾਂ ਬੱਚੇ ਇਸ ਖੁੱਲ੍ਹੇ-ਡੁੱਲ੍ਹੇ ਮਹੌਲ ‘ਚ ਸੰਗੀਨ ਗਲਤੀਆਂ ਵੀ ਕਰ ਬੈਠਦੇ ਹਨ ਜਿਨ੍ਹਾਂ ਦਾ ਮਾਰੂ ਅਸਰ ਉਨ੍ਹਾਂ ਦੀ ਪੜ੍ਹਾਈ ‘ਤੇ ਵੀ ਪੈਂਦਾ ਹੈ ਅਤੇ ਸਮਾਜਿਕ ਵਰਤਾਰੇ ‘ਤੇ ਵੀ।

5) ਉਹ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਡੂੰਘੀ ਸੋਚ-ਵਿਚਾਰ ਜ਼ਰੂਰ ਕਰਨ, ਜਿਨ੍ਹਾਂ ਦਾ ਕੈਨੇਡਾ ‘ਚ ਕੋਈ ਜਾਣਕਾਰ ਨਾ ਹੋਵੇ, ਨਹੀਂ ਤਾਂ ਕੈਨੇਡਾ ਪਹੁੰਚਣ ‘ਤੇ ਉਨ੍ਹਾਂ ਦਾ ਬੱਚਾ ਰਿਹਾਇਸ਼ ਦੇ ਇੰਤਜ਼ਾਮ ਲਈ ਡਾਢੀ ਪ੍ਰੇਸ਼ਾਨੀ ‘ਚੋਂ ਗੁਜ਼ਰੇਗਾ ਜੇਕਰ ਕੋਈ ਜਾਣਕਾਰ, ਬੱਚੇ ਨੂੰ ਹਵਾਈ ਅੱਡੇ ‘ਤੇ ਪਹੁੰਚ ਕੇ ਆਪਣੇ ਘਰ ਲੈ ਜਾਵੇਗਾ ਤਾਂ ਬੱਚਾ ਵੱਡੀ ਪ੍ਰੇਸ਼ਾਨੀ ਤੋਂ ਬਚ ਸਕਦਾ ਹੈ।

ਪਰ ਜਾਣਕਾਰ ਤੋਂ ਏਨੀ ਵੱਡੀ ਤਵੱਕੋ ਨਾ ਰੱਖੀ ਜਾਵੇ ਕਿ ਉਹ ਓਪਰੇ ਬੱਚੇ ਨੂੰ ਮੁਫ਼ਤ ‘ਚ ਆਪਣੇ ਪਾਸ ਕਈ ਦਿਨ ਰੱਖ ਸਕੇਗਾ ਏਥੇ ਹਰ ਚੀਜ਼ ਮੁੱਲ ਦੀ ਹੈ, ਪਾਣੀ ਵੀ, ਘਰਾਂ ਨੂੰ ਗਰਮ ਠੰਢਾ ਰੱਖਣ ਵਾਲਾ ਸਿਸਟਮ ਵੀ, ਦੁੱਧ ਵੀ, ਖਾਣ ਦੀਆਂ ਵਸਤਾਂ ਵੀ ਇਸ ਲਈ ਬੱਚਿਆਂ ਨੂੰ ਇਹ ਅਹਿਸਾਸ ਕਰਾ ਕੇ ਘੱਲਣਾ ਜ਼ਰੂਰੀ ਹੈ ਕਿ ਜਿਸ ਘਰ ਵਿੱਚ ਬੱਚੇ ਨੂੰ ਕੁਝ ਦਿਨਾਂ ਲਈ ਪਨਾਹ ਮਿਲੀ ਹੋਵੇ, ਉਸ ਪਰਿਵਾਰ ਨੂੰ ਘੱਟ ਤੋਂ ਘੱਟ ਤਕਲੀਫ਼ ਦਿੱਤੀ ਜਾਵੇ।

ਜਿਵੇਂ ਭਾਰਤ ਤੋਂ ਆਏ ਬੱਚੇ ਨਹਾਉਣ ਲੱਗਿਆਂ ਨਾਲ਼ੇ ਤਾਂ ਨਿੱਘੇ ਪਾਣੀ ਵਾਲ਼ਾ ਸ਼ਾਵਰ (ਫੁਹਾਰਾ) ਛੱਡ ਲੈਂਦੇ ਹਨ  ਅਤੇ ਨਾਲ ਹੀ ਸਾਬਣ ਲਾ ਕੇ ਲੰਮਾਂ ਸਮਾਂ ਸਾਬਣ ਨੂੰ ਵੀ ਤੇ ਪਾਣੀ ਨੂੰ ਵੀ ਜਾਇਆ ਕਰੀ ਜਾਂਦੇ ਹਨ ਸਿਆਣੇ ਲੋਕ ਅੱਧਾ ਮਿੰਟ ਸ਼ਾਵਰ ਛੱਡ ਕੇ ਸਰੀਰ ਨੂੰ ਤਰ ਕਰ ਲੈਂਦੇ ਹਨ ਅਤੇ ਫ਼ਿਰ ਸ਼ਾਵਰ ਨੂੰ ਬੰਦ ਕਰ ਕੇ ਸਾਬਣ ਲਾਉਂਦੇ ਹਨ ਅਖੀਰ ਸਾਬਣ ਨੂੰ ਉਤਾਰਨ ਲਈ ਇੱਕ ਡੇਢ ਮਿੰਟ ਲਈ ਸ਼ਾਵਰ ਛੱਡ ਕੇ ਪਾਣੀ ਨੂੰ ਜ਼ਾਇਆ ਕਰਨ ਤੋਂ ਪਰਹੇਜ਼ ਕਰਦੇ ਹਨ ਅਤੇ ਘਰ ਵਾਲਿਆਂ ਦੀ ਖ਼ਾਮੋਸ਼ ਖਿਝ ਤੋਂ ਬਚੇ ਰਹਿੰਦੇ ਹਨ।

6) ਜਿਹੜੇ ਬੱਚੇ ਆਪਣੇ ਕਿਸੇ ਵਾਕਫ਼ ਦੇ ਘਰ ਠਹਿਰੇ ਹੁੰਦੇ ਹਨ, ਉਨ੍ਹਾਂ ਲਈ ਮੇਰੀ ਸਲਾਹ ਹੈ ਕਿ ਸਕੂਲ ਸ਼ੁਰੂ ਹੋਣ ‘ਤੇ ਉਹ ਇਹ ਕੋਸ਼ਿਸ਼ ਕਰਨ ਕਿ ਜਲਦੀ ਤੋਂ ਜਲਦੀ ਆਪਣਾ ਟਿਕਾਣਾ ਆਪ ਬਣਾਇਆ ਜਾਵੇ ਪੰਜਾਬ ‘ਚ ਪਲ਼ੇ ਬਹੁਤੇ ਬੱਚੇ ਆਪਣੇ ਪਰਿਵਾਰਾਂ ‘ਚ ਖਾਣੇ ਤੋਂ ਬਾਦ ਆਪਣੇ ਬਰਤਨ ਚੁੱਕ ਕੇ ਸਿੰਕ ‘ਚ ਰੱਖਣ ਦੀ ਆਦਤ ਵੀ ਨਹੀਂ ਸਿੱਖੇ ਹੁੰਦੇ, ਬਰਤਨ ਸਾਫ਼ ਕਰਨ ਦੀ ਗੱਲ ਤਾਂ ਦੂਰ ਦੀ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਕਿਸੇ ਵਾਕਫ਼ ਦੇ ਘਰ ਹਫ਼ਤੇ ਦੋ ਹਫ਼ਤੇ ਦਾ ਕਿਆਮ ਕਰਨ ਵਾਲ਼ੇ ਬੱਚੇ ਨੂੰ ਸਖ਼ਤ ਹਦਾਇਤ ਕਰ ਕੇ ਘੱਲਣ ਕਿ ਪਨਾਹ ਦੇਣ ਵਾਲੇ ਪਰਿਵਾਰ ‘ਚ ‘ਬਰਾਤੀ’ ਬਣ ਕੇ ਨਾ ਵਿਚਰਨ ਸਗੋਂ ਬਰਤਨ ਸਫ਼ਾਈ, ਖਾਣੇ ਦੀ ਤਿਆਰੀ ਤੇ ਘਰ ਦੀ ਸਫ਼ਾਈ ‘ਚ ਹਿੱਸਾ ਪਾਉਣ।

7) ਪੰਜਾਬ ਤੋਂ ਕੈਨੇਡਾ ਗਏ ਅਨੇਕਾਂ ਬੱਚੇ ਢਾਣੀਆਂ ਬਣਾ ਕੇ ਪਲਾਜ਼ਿਆਂ ‘ਚ ਘੁੰਮਣ ਦੌਰਾਨ ਤੇ ਬੱਸਾਂ ‘ਚ ਸਫ਼ਰ ਕਰਨ ਦੌਰਾਨ ਪੰਜਾਬ ਵਾਂਗ ਅਜੀਬ ਹਰਕਤਾਂ ਕਰਦੇ ਹਨ, ‘ਲਾਚੜ’ ਕੇ ਮਖ਼ੌਲ ਕਰਦੇ ਹਨ, ਸ਼ਰਾਰਤਾਂ ਕਰਦੇ ਹਨ ਢਾਣੀਆਂ ‘ਚ ਵਿਚਰਦੇ ਇਹ ਬੱਚੇ ਬਹੁਤ ਵਾਰੀ ਕੈਨੇਡਾ ਦੇ ਸੱਭਿਆਚਾਰ ਸਲੀਕੇ ਦੀ ਉਲੰਘਣਾ ਕਰਦੇ ਹੋਏ ਉੱਚੀ ਉੱਚੀ ਬੋਲਦੇ ਹਨ ਤੇ ਕੈਨੇਡੀਅਨ ਲੋਕਾਂ ਦੀ ਖਿਝ ਦਾ ਕੇਂਦਰ ਬਣਦੇ ਹਨ ਕੈਨੇਡਾ ਘੱਲਣ ਤੋਂ ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ, ਚੁਪ-ਚਾਪ ਸਫ਼ਰ ਕਰਨ ਤੇ ਸਟੋਰਾਂ ‘ਚ ਘੁੰਮਣ ਵੇਲੇ ਸਲੀਕਾ ਬਰਕਰਾਰ ਰੱਖਣ ਦੀ ਤਾੜਨਾ ਕਰਕੇ ਹੀ ਤੋਰਨ।

8) ਇਹ ਵੀ ਨੋਟ ਕੀਤਾ ਗਿਆ ਹੈ ਕਿ ਅਨੇਕਾਂ ਬੱਚੇ ਸਰੀਰਕ ਸਫ਼ਾਈ ਰੱਖਣ, ਹਰ ਰੋਜ਼ ਨਹਾਉਣ ਅਤੇ ਹਰ ਰੋਜ਼ ਕੱਛਾ ਬੁਨੈਣ ਬਦਲਣ ਤੋਂ ਆਲਸ ਕਰ ਲੈਂਦੇ ਹਨ  ਇਸ ਮੁੱਦੇ ‘ਤੇ ਬੱਚਿਆਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ।

9) ਮਾਪਿਆਂ ਤੋਂ ਮਿਲੇ ਢੇਰ ਸਾਰੇ ਪੈਸਿਆਂ ਕਾਰਨ ਅਨੇਕਾਂ ਬੱਚੇ ਫ਼ਜ਼ੂਲ ਖਰਚੀ ਕਰਨ ਵੱਲ ਵੀ ਰੁਚਿਤ ਹੋ ਜਾਂਦੇ ਹਨ ਦੋ ਜਾਂ ਤਿੰਨ ਜੀਨ-ਜੋੜੇ, ਚਾਰ ਪੰਜ ਟੀ ਸ਼ਰਟਾਂ ਤੇ ਦੋ ਕੁ ਡਰੈੱਸ ਸ਼ਰਟਾਂ ਨਾਲ ਸੰਜਮ-ਭਰਪੂਰ ਗੁਜ਼ਾਰਾ ਕਰਨ ਦੀ ਆਦਤ ਵਾਲੇ ਬੱਚੇ ਕਾਮਯਾਬ ਹੁੰਦੇ ਹਨ।

10) ਇਹ ਵੀ ਦੇਖਣ ‘ਚ ਆਇਆ ਹੈ ਕਿ ਅਨੇਕਾਂ ਬੱਚੇ ਸਿਗਰਟਾਂ ਸੂਟਣ ਅਤੇ ਹੋਰ ਸ਼ਰਾਬ-ਬੀਅਰ ਆਦਿ ਦਾ ਸੇਵਨ ਕਰਨ ਲੱਗ ਜਾਂਦੇ ਹਨ ਇਸ ਨਾਲ ਪੈਸੇ ਦੀ, ਸਮੇਂ ਦੀ ਤੇ ਸਿਹਤ ਦੀ ਬਰਬਾਦੀ ਹੋਣ ਦੇ ਨਾਲ਼-ਨਾਲ਼ ਪੜ੍ਹਾਈ ਦਾ ਨੁਕਸਾਨ ਵੀ ਹੁੰਦਾ ਹੈ।

11) ਬਾਹਰ ਰੈਸਟੋਰੈਂਟ ਦਾ ਖਾਣਾ ਬਹੁਤ ਮਹਿੰਗਾ ਪੈਂਦਾ ਹੈ ਪੈਸੇ ਨੂੰ ਸੰਜਮ ਨਾਲ ਖ਼ਰਚਣ ਵਾਲੇ ਬੱਚੇ ਅਵਲ਼ਾ-ਸਵਲ਼ਾ ਖਾਣ ਦੀ ਥਾਂ ਆਪਣਾ ਖਾਣਾ, ਸੈਂਡਵਿਚ, ਬ੍ਰੇਕਫ਼ਾਸਟ ਆਦਿਕ ਆਪ ਬਣਾ ਕੇ ਡਾਲਰਾਂ ਦੀ ਬੱਚਤ ਕਰਦੇ ਹਨ।

ਛੋਹਰ ਉਮਰੇ ਬੱਚਿਆਂ ਲਈ, ਬਿਗਾਨੇ ਮੁਲਕ ‘ਚ ਮਾਪਿਆਂ ਦੀ ਨਿਗਰਾਨੀ ਤੋਂ ਬਗੈਰ ਰਹਿਣਾ ਵੱਡਾ ਚੈਲੰਜ ਹੁੰਦਾ ਹੈ ਬਹੁਤੇ ਬੱਚੇ ਰੂਮਿੰਗ-ਘਰਾਂ ‘ਚ ਰਹਿੰਦੇ ਹਨ ਜਿੱਥੇ ਇੱਕ ਘਰ ‘ਚ ਲੋਕਾਂ ਨੇ ਪੰਜ-ਪੰਜ ਕਮਰੇ ਬਣਾ ਕੇ ਇੱਕ ਇੱਕ ਕਮਰੇ ਚ ਦੋ-ਦੋ ਬੱਚੇ ਤਾੜੇ ਹੁੰਦੇ ਹਨ ਹੁਣ ਤੁਸੀਂ ਹੀ ਸੋਚੋ ਕਿ ਜਿਸ ਛੋਟੇ ਜਿਹੇ ਮਕਾਨ ‘ਚ ਦਸ-ਦਸ, ਛੋਹਰ-ਉਮਰੇ ਬੱਚੇ ਰਹਿੰਦੇ ਹੋਣ, ਉਥੇ ਹੁੱਲੜਬਾਜ਼ੀ, ਟਿੱਚਰਬਾਜ਼ੀ, ਮਖੌਲ ਆਦਿਕ ਤੋਂ ਸ਼ੁਰੂ ਹੁੰਦੇ ਝਗੜੇ ਕਈ ਵਾਰ ਖ਼ਤਰਨਾਕ ਰੂਪ ਧਾਰ ਲੈਣ ਦੀ ਵੱਡੀ ਗੁੰਜਾਇਸ਼ ਰਖਦੇ ਹਨ ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਆਵਾਰਾ ਘੁੰਮਣ ਅਤੇ ਬਹਿਸਬਾਜ਼ੀ ਤੋਂ ਗੁਰੇਜ਼ ਕਰਨ, ਪੈਸੇ ਨੂੰ ਸੰਜਮ ਨਾਲ ਖਰਚਣ, ਸਲੀਕੇ ਨਾਲ ਵਿਚਰਣ ਅਤੇ ਆਪਣਾ ਖਰਚਾ ਆਪ ਕਮਾਉਣ ਵਰਗੀਆਂ ਚੀਜ਼ਾਂ ਲਈ ਤਿਆਰ ਕਰ ਕੇ ਘੱਲਣ।